ਚਿਰਾਂ ਦੀ ਉਡੀਕ ਤੋਂ ਬਾਅਦ ਬੰਗਾ ਦਾ ਐਲੀਵੇਟਿਡ ਰੋਡ ਹੋਇਆ ਚਾਲੂ

ਫਗਵਾੜਾ ਤੋਂ ਰੋਪੜ ਤੱਕ ਆਵਾਜਾਈ ਦੀ ਵੱਡੀ ਸਮੱਸਿਆ ਹੋਈ ਹੱਲ-ਮਨੀਸ਼ ਤਿਵਾੜੀ
ਬੰਗਾ/ਨਵਾਂਸ਼ਹਿਰ, 27 ਮਈ 2021
ਚਿਰਾਂ ਦੀ ਉਡੀਕ ਤੋਂ ਬਾਅਦ 400 ਕਰੋੜ ਦੀ ਲਾਗਤ ਵਾਲਾ 3 ਕਿਲੋਮੀਟਰ ਲੰਬਾ ਬੰਗਾ ਦਾ ਐਲੀਵੇਟਿਡ ਰੋਡ ਅੱਜ ਚਾਲੂ ਹੋ ਗਿਆ। ਇਸ ਮੌਕੇ ਵਿਸ਼ੇਸ਼ ਤੌਰ ’ਤੇ ਪਹੁੰਚੇ ਸ੍ਰੀ ਅਨੰਦਪੁਰ ਸਾਹਿਬ ਤੋਂ ਮੈਂਬਰ ਲੋਕ ਸਭਾ ਅਤੇ ਸਾਬਕਾ ਕੇਂਦਰੀ ਮੰਤਰੀ ਮਨੀਸ਼ ਤਿਵਾੜੀ ਨੇ ਕਿਹਾ ਕਿ ਇਸ ਰੋਡ ਦੇ ਚਾਲੂ ਹੋਣ ਨਾਲ ਫਗਵਾੜਾ ਤੋਂ ਰੋਪੜ ਤੱਕ ਆਵਾਜਾਈ ਦੀ ਵੱਡੀ ਸਮੱਸਿਆ ਹੱਲ ਹੋ ਗਈ ਹੈ। ਉਨਾਂ ਕਿਹਾ ਕਿ ਫਗਵਾੜਾ-ਰੋਪੜ ਮਾਰਗ ’ਤੇ ਕੁੱਲ 1400 ਕਰੋੜ ਦੀ ਲਾਗਤ ਆਈ ਹੈ, ਜਿਸ ਵਿਚੋਂ 400 ਕਰੋੜ ਰੁਪਏ ਕੇਵਲ ਬੰਗਾ ਦੇ ਇਸ ਐਲੀਵੇਟਿਡ ਰੋਡ ’ਤੇ ਹੀ ਖ਼ਰਚ ਹੋਏ ਹਨ। ਉਨਾਂ ਨਾਲ ਹੀ ਕਿਹਾ ਕਿ ਇਸ ਰੋਡ ਕਾਰਨ ਜਿਨਾਂ ਦੁਕਾਨਦਾਰਾਂ ਦਾ ਨੁਕਸਾਨ ਹੋਇਆ ਹੈ, ਉਨਾਂ ਦੇ ਨੁਕਸਾਨ ਦੀ ਵੀ ਕਿਸੇ ਤਰਾਂ ਭਰਪਾਈ ਕਰਨ ਦੀ ਕੋਸ਼ਿਸ਼ ਕੀਤੀ ਜਾਵੇਗੀ। ਸ੍ਰੀ ਤਿਵਾੜੀ ਨੇ ਕਿਹਾ ਕਿ ਉਨਾਂ ਦਾ ਮੰਨਣਾ ਹੈ ਕਿ ਸ਼ਹਿਰਾਂ ਦੇ ਵਿਚੋਂ ਅਜਿਹੇ ਫਲਾਈਓਵਰ ਨਹੀਂ ਲੰਘਣੇ ਚਾਹੀਦੇ ਅਤੇ ਇਨਾਂ ਨੂੰ ਬਾਈਪਾਸ ਵਿਚ ਤਬਦੀਲ ਕੀਤਾ ਜਾਣਾ ਚਾਹੀਦਾ ਹੈ। ਇਸ ਨਾਲ ਜਿਥੇ ਸ਼ਹਿਰ ਵੀ ਅਬਾਦ ਰਹਿੰਦੇ ਹਨ, ਉਥੇ ਟ੍ਰੈਫਿਕ ਦੀ ਸਮੱਸਿਆ ਵੀ ਹੱਲ ਹੁੰਦੀ ਹੈ। ਉਨਾਂ ਕਿਹਾ ਕਿ ਇਹ ਪ੍ਰਾਜੈਕਟ ਉਨਾਂ ਦੇ ਐਮ. ਪੀ ਬਣਨ ਤੋਂ ਪਹਿਲਾਂ ਸ਼ੁਰੂ ਹੋ ਚੁੱਕਾ ਸੀ, ਇਸ ਲਈ ਕੋਸ਼ਿਸ਼ਾਂ ਦੇ ਬਾਵਜੂਦ ਇਸ ਨੂੰ ਬਾਈਪਾਸ ਵਿਚ ਤਬਦੀਲ ਨਹੀਂ ਕੀਤਾ ਜਾ ਸਕਿਆ।
ਕਿਸਾਨੀ ਅੰਦੋਲਨ ਦੀ ਗੱਲ ਕਰਦਿਆਂ ਉਨਾਂ ਕਿਹਾ ਕਿ ਜਦੋਂ ਤੱਕ ਕੇਂਦਰ ਵਿਚ ਭਾਜਪਾ ਦੀ ਅਗਵਾਈ ਵਾਲੀ ਐਨ. ਡੀ. ਏ ਦੀ ਸਰਕਾਰ ਹੈ, ਉਦੋਂ ਤੱਕ ਇਸ ਮਸਲੇ ਦਾ ਹੱਲ ਨਹੀਂ ਨਿਕਲ ਸਕਦਾ। ਉਨਾਂ ਕਿਹਾ ਕਿ ਕੇਂਦਰ ਸਰਕਾਰ ਹੰਕਾਰੀ ਹੋਈ ਸਰਕਾਰ ਹੈ ਅਤੇ ਇਹ ਕਿਸਾਨਾਂ ਦੇ ਬਿਲਕੁਲ ਖਿਲਾਫ਼ ਹੈ। ਉਨਾਂ ਕਿਹਾ ਕਿ ਕੋਰੋਨਾ ਦੀ ਦੂਜੀ ਲਹਿਰ ਨੂੰ ਕੰਟਰੋਲ ਕਰਨ ਵਿਚ ਕੇਂਦਰ ਸਰਕਾਰ ਪੂਰੀ ਤਰਾਂ ਅਸਫਲ ਰਹੀ ਹੈ ਅਤੇ ਲੋਕ ਇਸ ਤੋਂ ਬੇਹੱਦ ਦੁਖੀ ਹਨ।
ਇਸ ਮੌਕੇ ਜ਼ਿਲਾ ਯੋਜਨਾ ਕਮੇਟੀ ਦੇ ਚੇਅਰਮੈਨ ਸਤਵੀਰ ਸਿਘ ਪੱਲੀ ਝਿੱਕੀ, ਪੰਜਾਬ ਲਾਰਜ ਸਕੇਲ ਇੰਡਸਟ੍ਰੀਅਲ ਵਿਕਾਸ ਬੋਰਡ ਦੇ ਚੇਅਰਮੈਨ ਪਵਨ ਦੀਵਾਨ, ਡਿਪਟੀ ਕਮਿਸ਼ਨਰ ਡਾ. ਸ਼ੇਨਾ ਅਗਰਵਾਲ, ਐਸ. ਐਸ. ਪੀ ਅਲਕਾ ਮੀਨਾ, ਐਸ. ਡੀ. ਐਮ ਬੰਗਾ ਵਿਰਾਜ ਤਿੜਕੇ, ਮਾਰਕੀਟ ਕਮੇਟੀ ਬੰਗਾ ਦੇ ਚੇਅਰਮੈਨ ਦਰਬਜੀਤ ਸਿੰਘ ਪੂਨੀ, ਸਾਬਕਾ ਵਿਧਾਇਕ ਚੌਧਰੀ ਮੋਹਨ ਲਾਲ, ਠੇਕੇਦਾਰ ਰਜਿੰਦਰ ਸਿੰਘ, ਬਲਦੇਵ ਸਿੰਘ ਮਖਸੂਸਪੁਰ, ਡਾ. ਹਰਪ੍ਰੀਤ ਸਿੰਘ ਕੈਂਥ ਤੇ ਹੋਰ ਹਾਜ਼ਰ ਸਨ।

Spread the love