ਖੇਤੀਬਾੜੀ ਵਿਭਾਗ ਵੱਲੋਂ ਆਤਮਾ ਸਕੀਮ ਅਧੀਨ ਫ਼ਸਲੀ ਵਿਭਿੰਨਤਾ ਨੂੰ ਪ੍ਰਫੁੱਲਤ ਕਰਨ ਲਈ ਮੱਕੀ ਦਾ ਕਿਤਾਬਚਾ ਜਾਰੀ

ਪਠਾਨਕੋਟ, 27 ਮਈ 2021 ਫ਼ਸਲੀ ਵਿਭਿੰਨਤਾ ਨੂੰ ਪ੍ਰਫੁਲਿਤ ਕਰਨ ਲਈ ਸ਼੍ਰੀ ਸੰਯਮ ਅਗਰਵਾਲ, ਡਿਪਟੀ ਕਮਿਸ਼ਨਰ-ਕਮ-ਚੇਅਰਮੈਨ (ਆਤਮਾ) ਪਠਾਨਕੋਟ ਦੇ ਦਿਸ਼ਾ-ਨਿਰਦੇਸ਼ਾਂ ਅਤੇ ਡਾ. ਹਰਤਰਨਪਾਲ ਸਿੰਘ ਸੈਣੀ ਮੁੱਖ ਖੇਤੀਬਾੜੀ ਅਫ਼ਸਰ-ਕਮ-ਪੀ.ਡੀ. ਆਤਮਾ ਪਠਾਨਕੋਟ ਦੀ ਅਗਵਾਈ ਹੇਠ ਆਤਮਾ ਸਕੀਮ ਅਧੀਨ “ਮੱਕੀ ਸਾਉਣੀ,ਸਰਦ ਰੁੱਤ ਅਤੇ ਬੇਬੀ ਕੋਰਨ ਦੀ ਕਾਸ਼ਤ,ਮੁੱਖ ਸਮੱਸਿਆਵਾਂ ਅਤੇ ਹੱਲ” ਦਾ ਕਿਤਾਬਚਾ ਜਾਰੀ ਕੀਤਾ ਗਿਆ। ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਡਾ. ਰਾਜਿੰਦਰ ਕੁਮਾਰ ਖੇਤੀਬਾੜੀ ਅਫ਼ਸਰ (ਸਦਰ ਮੁਕਾਮ)ਪਠਾਨਕੋਟ,ਡਾ. ਵਿਕਰਾਂਤ ਧਵਨ(ਡਿਪਟੀ ਪੀ.ਡੀ,ਆਤਮਾ), ਡਾ. ਸੁੱਖਪ੍ਰੀਤ ਸਿੰਘ (ਡਿਪਟੀ ਪੀ.ਡੀ,ਆਤਮਾ) ਅਤੇ ਸ਼੍ਰੀ ਪੰਕਜ ਸ਼ਰਮਾ ਕਲਰਕ ਹਾਜ਼ਰ ਸਨ।
ਇਸ ਮੌਕੇ ਤੇ ਸ਼੍ਰੀ ਸੰਯਮ ਅਗਰਵਾਲ,ਡਿਪਟੀ ਕਮਿਸ਼ਨਰ-ਕਮ-ਚੇਅਰਮੈਨ (ਆਤਮਾ) ਪਠਾਨਕੋਟ ਨੇ ਦੱਸਿਆ ਕਿ ਕਣਕ ਅਤੇ ਝੋਨੇ ਤੋਂ ਬਾਅਦ ਮੱਕੀ ਪੰਜਾਬ ਵਿੱਚ ਤੀਸਰੀ ਮਹੱਤਵਪੂਰਨ ਫ਼ਸਲ ਹੈ। ਮੱਕੀ ਦੀ ਫ਼ਸਲ ਪੰਜਾਬ ਤੋਂ ਇਲਾਵਾ ਮੱਧ ਪ੍ਰਦੇਸ਼,ਰਾਜਸਥਾਨ,ਉੱਤਰ ਪ੍ਰਦੇਸ਼,ਹਿਮਾਚਲ ਪ੍ਰਦੇਸ਼,ਜੰਮੂ ਅਤੇ ਕਸ਼ਮੀਰ ਵਿੱਚ ਉਗਾਈ ਜਾਂਦੀ ਹੈ ਅਤੇ 2/3 ਰਕਬਾ ਇਨ੍ਹਾਂ ਪ੍ਰਾਂਤਾਂ ਵਿੱਚ ਹੈ।ਪੰਜਾਬ ਵਿੱਚ ਲੱਗਭਗ 1.09 ਲੱਖ ਹੈਕ: ਰਕਬਾ ਮੱਕੀ ਅਧੀਨ ਹੈ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਪਠਾਨਕੋਟ ਵਿੱਚ 8000 ਹੈਕ: ਰਕਬੇ ਵਿੱਚ ਮੱਕੀ ਦੀ ਕਾਸ਼ਤ ਕੀਤੀ ਜਾਂਦੀ ਹੈ। ਪਠਾਨਕੋਟ ਜ਼ਿਲ੍ਹੇ ਵਿੱਚ ਲੱਗਭਗ 35% ਖੇਤੀ ਬਾਰਿਸ਼ ਦੇ ਪਾਣੀ ਤੇ ਨਿਰਭਰ ਕਰਦੀ ਹੈ। ਜਿਸ ਕਰਕੇ ਕਿਸਾਨਾਂ ਨੂੰ ਬਹੁਤ ਸਾਰੀਆਂ ਮੁਸ਼ਕਲਾਂ ਦਾ ਸਾਹਮਣਾਂ ਕਰਨਾ ਪੈਂਦਾ ਹੈ।
ਡਾ. ਹਰਤਰਨਪਾਲ ਸਿੰਘ ਸੈਣੀ ਮੁੱਖ ਖੇਤੀਬਾੜੀ ਅਫ਼ਸਰ-ਕਮ-ਪੀ.ਡੀ. ਆਤਮਾ ਪਠਾਨਕੋਟ ਨੇ ਦੱਸਿਆ ਕਿ ਪਠਾਨਕੋਟ ਦੇ ਧਾਰ ਬਲਾਕ ਵਿੱਚ ਦੇਸੀ ਰਵਾਇਤੀ ਮੱਕੀ ਦੀ ਕਾਸ਼ਤ ਕੀਤੀ ਜਾਂਦੀ ਹੈ,ਜੋ ਕਿ ਆਮ ਮੱਕੀ ਨਾਲੋਂ ਵੱਧ ਪੋਸ਼ਟਿਕ ਤੱਤਾਂ ਵਿੱਚ ਭਰਪੂਰ ਹੈ। ਇਹ ਮੱਕੀ ਖਾਣ ਵਿੱਚ ਵੀ ਬਹੁਤ ਵਧੀਆ ਹੈ। ਇਸ ਦੀ ਕਾਸ਼ਤ ਨੂੰ ਪਠਾਨਕੋਟ ਜ਼ਿਲ੍ਹੇ ਵਿੱਚ ਪ੍ਰਫੁਲਿਤ ਕਰਨ ਲਈ ਖੇਤੀਬਾੜੀ ਮਹਿਕਮੇ ਵੱਲੋਂ ਉਪਰਾਲੇ ਕੀਤੇ ਜਾ ਰਹੇ ਹਨ। ਇਸ ਨੂੰ ਮੁੱਖ ਰੱਖਦੇ ਹੋਏ ਹੀ ਕਿਸਾਨਾਂ ਦੀ ਮੱਕੀ ਸਬੰਧੀ ਤਕਨੀਕੀ ਜਾਣਕਾਰੀ ਵਧਾਉਣ ਅਤੇ ਦੇਸੀ ਮੱਕੀ ਦੀ ਕਾਸ਼ਤ ਨੂੰ ਹੋਰ ਪ੍ਰਫੁੱਲਤ ਕਰਨ ਲਈ ਇਹ ਕਿਤਾਬਚਾ ਕਿਸਾਨਾਂ ਵਾਸਤੇ ਛਾਪਿਆ ਗਿਆ ਹੈ। ਇਹ ਕਿਤਾਬਚਾ ਮੱਕੀ ਦਾ ਵਧੇਰੇ ਝਾੜ ਪ੍ਰਾਪਤ ਕਰਨ ਲਈ ਕਿਸਾਨਾਂ ਲਈ ਮਦਦਗਾਰ ਸਾਬਤ ਹੋਵੇਗਾ। ਇਸ ਮੌਕੇ ਤੇ ਡਾ. ਹਰਤਰਨਪਾਲ ਸਿੰਘ ਸੈਣੀ ਮੁੱਖ ਖੇਤੀਬਾੜੀ ਅਫ਼ਸਰ-ਕਮ-ਪੀ.ਡੀ. ਆਤਮਾ ਪਠਾਨਕੋਟ ਨੇ ਇਹ ਵੀ ਦੱਸਿਆ ਕਿ ਝੋਨੇ ਦੀ ਕਾਸ਼ਤ ਜੋ ਕਿ 28564 ਹੈਕਟੇਅਰ ਤਕਰੀਬਨ 60 ਪ੍ਰਤੀਸ਼ਤ ਹਿੱਸੇ ਵਿੱਚ ਕੀਤੀ ਜਾਂਦੀ ਹੈ। ਖੇਤੀਬਾੜੀ ਵਿਭਾਗ ਵੱਲੋਂ ਫ਼ਸਲੀ ਵਿਭਿੰਨਤਾ ਅਧੀਨ ਇਸ ਦੀ ਕਾਸ਼ਤ ਨੂੰ ਘਟਾ ਕੇ ਮੱਕੀ , ਬਾਸਮਤੀ ,ਦਾਲਾਂ ਅਤੇ ਹੋਰ ਪਾਣੀ ਦੀ ਘੱਟ ਖਪਤ ਵਾਲੀਆਂ ਫ਼ਸਲਾਂ ਦੀ ਕਾਸ਼ਤ ਸਬੰਧੀ ਕਿਸਾਨ ਭਰਾਵਾਂ ਨੂੰ ਪੁਰਜ਼ੋਰ ਜਾਗਰੂਕ ਕੀਤਾ ਜਾ ਰਿਹਾ ਹੈ।ਉਹਨਾਂ ਨੇ ਇਹ ਵੀ ਦੱਸਿਆ ਕਿ ਪਿਛਲੇ ਸਾਲ ਦੌਰਾਨ ਸਿੱਧੀ ਬਿਜਾਈ ਵਾਲੇ ਝੋਨੇ,ਬਾਸਮਤੀ ਅਤੇ ਮੱਕੀ ਦੀ ਕਾਸ਼ਤ ਨੂੰ ਵਾਧਾ ਦੇਣ ਲਈ ਆਤਮਾ ਸਕੀਮ ਅਧੀਨ 53 ਪ੍ਰਦਰਸ਼ਨੀ ਪਲਾਟ ਕਿਸਾਨਾਂ ਨੂੰ ਮੁਹੱਈਆ ਕੀਤੇ ਗਏ ਸਨ ਅਤੇ ਇਸ ਸਾਲ ਵੀ ਪਾਣੀ ਦੀ ਬਚਤ ਵਾਲੀਆਂ ਫਸਲਾਂ ਅਤੇ ਕਿਸਾਨਾਂ ਦੇ ਮੁਨਾਫੇ ਨੂੰ ਮੁੱਖ ਰੱਖਦੇ ਹੋਏ ਆਤਮਾ ਸਕੀਮ ਅਧੀਨ 59 ਪ੍ਰਦਰਸ਼ਨੀ ਪਲਾਟ ਲਗਾਏ ਜਾ ਰਹੇ ਹਨ।ਇਸ ਦੇ ਵਿੱਚ ਦੇਸੀ ਰਵਾਇਤੀ ਮੱਕੀ ਦੀ ਕਾਸ਼ਤ ਨੂੰ ਵੀ ਤਰਜੀਹ ਦਿੱਤੀ ਜਾਵੇਗੀ।ਕਿਸਾਨਾਂ ਨੂੰ ਝੋਨੇ ਦੀ ਸਿੱਧੀ ਬਿਜਾਈ ਦੇ ਫਾਇਦਿਆਂ ਬਾਰੇ ਦੱਸ ਕੇ ਇਸ ਸਬੰਧੀ ਉਤਸ਼ਾਹਿਤ ਕੀਤਾ ਜਾ ਰਿਹਾ ਹੈ।
ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਜ਼ਿਲ੍ਹਾ ਪਠਾਨਕੋਟ ਵਿੱਚ ਘਰੇਲੂ ਬਗੀਚੀ ਨੂੰ ਵਧਾਵਾ ਦੇਣ ਲਈ ਆਤਮਾ ਸਕੀਮ ਅਧੀਨ ਕਿਸਾਨ ਬੀਬੀਆਂ ਨੂੰ ਸਬਜੀਆਂ ਦੇ ਬੀਜਾਂ ਦੀਆਂ 200 ਕਿੱਟਾਂ ਮੁਫਤ ਵੰਡੀਆਂ ਗਈਆਂ ਸਨ।ਅੰਤ ਵਿੱਚ ਉਹਨਾਂ ਨੇ ਕਿਸਾਨਾਂ ਨੂੰ ਖੇਤੀਬਾੜੀ ਮਹਿਕਮੇ ਨਾਲ ਰਾਬਤਾ ਕਾਇਮ ਕਰਕੇ ਖੇਤੀ ਮੁਨਾਫੇ ਵਧਾਉਣ ਅਤੇ ਖਰਚੇ ਘਟਾਉਣ ਲਈ ਅਪੀਲ ਕੀਤੀ।

Spread the love