ਡੀ.ਡਬਲਯੂ.ਐਸ.ਐਸ. ਨੇ ਵਿਸ਼ਵ ਮਾਹਵਾਰੀ ਸਫ਼ਾਈ ਦਿਵਸ ਮੌਕੇ ਮਾਹਵਾਰੀ ਸਫ਼ਾਈ ਪ੍ਰਬੰਧਨ ਬਾਰੇ 450 ਭਾਗੀਦਾਰਾਂ ਨੂੰ ਕੀਤਾ ਜਾਗਰੂਕ

ਐਸ.ਏ.ਐਸ.ਨਗਰ, 28 ਮਈ 2021
ਮਿਸ਼ਨ ਹਰ ਘਰ ਪਾਣੀ, ਹਰ ਘਰ ਸਫ਼ਾਈ ਤਹਿਤ, ਮਾਹਵਾਰੀ ਸਫ਼ਾਈ ਦਿਵਸ ਮੌਕੇ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਵੱਲੋਂ ਅੱਜ ਮਹਾਤਮਾ ਗਾਂਧੀ ਸਟੇਟ ਇੰਸਟੀਚਿਊਟ ਆਫ਼ ਪਬਲਿਕ ਐਡਮਨਿਸਟ੍ਰੇਸ਼ਨ ਤੋਂ ਮਾਹਵਾਰੀ ਸਫ਼ਾਈ ਪ੍ਰਬੰਧਨ ਬਾਰੇ ਇਕ ਆਨਲਾਈਨ ਜਾਗਰੂਕਤਾ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ।
ਇਸ ਵਰਕਸ਼ਾਪ ਦੌਰਾਨ ਪੰਚਾਇਤੀ ਰਾਜ ਸੰਸਥਾਵਾਂ ਸਮੇਤ ਮਹਿਲਾ ਸਰਪੰਚਾਂ, ਪੰਚਾਂ, ਆਂਗਣਵਾੜੀ ਵਰਕਰਾਂ ਅਤੇ ਮਾਹਵਾਰੀ ਸਫ਼ਾਈ ਪ੍ਰਬੰਧਨ ਦੇ ਸੁਰੱਖਿਅਤ ਅਭਿਆਸਾਂ ਬਾਰੇ ਜਾਗਰੂਕ ਕਰਨ ਵਾਲੀਆਂ ਜ਼ਿਲ੍ਹਾ ਸਵੱਛਤਾ ਟੀਮਾਂ ਨੂੰ ਸਿਖਲਾਈ ਦਿੱਤੀ ਗਈ। ਇਸ ਆਨਲਾਈਨ ਸਿਖਲਾਈ ਵਰਕਸ਼ਾਪ ਵਿੱਚ ਸੂਬੇ ਭਰ ਵਿੱਚੋਂ ਲਗਭਗ 450 ਭਾਗੀਦਾਰਾਂ ਨੇ ਹਿੱਸਾ ਲਿਆ।
ਇਸ ਮੌਕੇ ਸੰਬੋਧਨ ਕਰਦਿਆਂ ਮਿਸ਼ਨ ਡਾਇਰੈਕਟਰ, ਸਵੱਛ ਭਾਰਤ ਮਿਸ਼ਨ (ਗ੍ਰਾਮੀਣ) ਸ੍ਰੀਮਤੀ ਪਰਨੀਤ ਸ਼ੇਰਗਿੱਲ, ਆਈਏਐਸ ਨੇ ਭਾਗੀਦਾਰਾਂ ਦਾ ਸਵਾਗਤ ਕੀਤਾ ਅਤੇ ਉਨ੍ਹਾਂ ਨੂੰ ਮਾਹਵਾਰੀ ਸਫ਼ਾਈ ਸਬੰਧੀ ਮਨਾਹੀਆਂ ਨੂੰ ਦੂਰ ਕਰਨ ਬਾਰੇ ਜਾਣਕਾਰੀ ਦਿੱਤੀ। ਉਹਨਾਂ ਕਿਹਾ ਕਿ ਸਕੂਲ ਵਿਚ ਲੜਕੀਆਂ ਨੂੰ ਉਨ੍ਹਾਂ ਦੀ ਸਫ਼ਾਈ, ਖਾਸ ਕਰਕੇ ਮਾਹਵਾਰੀ ਦੌਰਾਨ, ਦੇ ਪ੍ਰਬੰਧਨ ਕਰਨ ਲਈ ਵਿਸ਼ੇਸ਼ ਤੌਰ ‘ਤੇ ਸਹੀ ਜਾਣਕਾਰੀ ਅਤੇ ਸਵੱਛਤਾ ਸਹੂਲਤਾਂ ਮੁਹੱਈਆ ਕਰਵਾਈਆਂ ਜਾਣ। ਮਾਹਵਾਰੀ ਸਫ਼ਾਈ ਬਾਰੇ ਜਾਣਕਾਰੀ ਦੀ ਘਾਟ ਨੌਜਵਾਨ ਲੜਕੀਆਂ ਨੂੰ ਸਦਮੇ, ਤਣਾਅ ਅਤੇ ਬੇਅਰਾਮੀ ਦਾ ਸਾਹਮਣਾ ਕਰਨਾ ਪੈਂਦਾ ਹੈ।
ਇਸ ਵਰਕਸ਼ਾਪ ਵਿੱਚ ਬੁਲਾਰੇ ਵਜੋਂ ਡਾ. ਰਵਿੰਦਰ ਖਾਈਵਾਲ, ਵਧੀਕ ਪ੍ਰੋਫੈਸਰ, ਕਮਿਊਨਿਟੀ ਮੈਡੀਸਨ ਐਂਡ ਸਕੂਲ ਆਫ਼ ਪਬਲਿਕ ਹੈਲਥ ਪੀਜੀਆਈ, ਚੰਡੀਗੜ੍ਹ ਅਤੇ ਡਾ. ਪੂਜਾ ਪਰਿਹਾਰ (ਐਮ ਪੀ ਐੱਚ) ਸਕਾਲਰ ਨੂੰ ਬੁਲਾਇਆ ਗਿਆ ਸੀ। ਡਾ. ਪੂਜਾ ਪਰਿਹਾਰ ਨੇ ਸਵੱਛਤਾ ਅਤੇ ਸੈਨੀਟੇਸ਼ਨ ‘ਤੇ ਜ਼ੋਰ ਦਿੱਤਾ ਅਤੇ ਕਿਹਾ ਕਿ ਇੱਕ ਸਿਹਤਮੰਦ ਜੀਵਨ ਲਈ ਇਹ ਬੁਹਤ ਮਹੱਤਵਪੂਰਣ ਹਨ ਅਤੇ ਮਾਹਵਾਰੀ ਸਫਾਈ ਵਿੱਚ ਮਾਹਵਾਰੀ, ਮਾਹਵਾਰੀ ਚੱਕਰ, ਮਾਹਵਾਰੀ ਸਬੰਧੀ ਦੋਸ਼ ਅਤੇ ਮਾਹਵਾਰੀ ਸਫ਼ਾਈ ਪ੍ਰਬੰਧਨ ਸ਼ਾਮਲ ਹਨ।
ਡਾ. ਖਾਇਵਾਲ ਨੇ ਕਿਹਾ ਕਿ ਸਾਡੀ ਸਮੂਹਿਕ ਜ਼ਿੰਮੇਵਾਰੀ ਇਹ ਯਕੀਨੀ ਬਣਾਉਣਾ ਹੈ ਕਿ ਹਰੇਕ ਲੜਕੀ ਨੂੰ ਇਕ ਸਧਾਰਣ ਜੈਵਿਕ ਪ੍ਰਕਿਰਿਆ ਦੇ ਤੌਰ ‘ਤੇ ਮਾਹਵਾਰੀ ਬਾਰੇ ਸਹੀ ਜਾਣਕਾਰੀ ਦਿੱਤੀ ਜਾਵੇ। ਮਾਹਵਾਰੀ ਪ੍ਰਬੰਧਨ ਬਾਰੇ ਲੜਕੀਆਂ ਨੂੰ ਸਿੱਖਿਆ ਦੇਣਾ ਉਨ੍ਹਾਂ ਵਿੱਚ ਸਵੈ-ਮਾਣ ਅਤੇ ਵਿਸ਼ਵਾਸ ਪੈਦਾ ਕਰਦਾ ਹੈ।
ਉਹਨਾਂ ਨੇ ਮਾਹਵਾਰੀ ਦੌਰਾਨ ਸੁਰੱਖਿਅਤ ਸਫ਼ਾਈ ਅਭਿਆਸਾਂ ਨੂੰ ਬਰਕਰਾਰ ਰੱਖਣ ਬਾਰੇ ਭਾਗੀਦਾਰਾਂ ਨੂੰ ਸਮਝਾਇਆ। ਉਹਨਾਂ ਨੇ ਮਾਹਵਾਰੀ ਸਫ਼ਾਈ ਬਾਰੇ ਗਲਤ ਧਾਰਨਾਵਾਂ ਅਤੇ ਮਿੱਥਾਂ ਨੂੰ ਵੀ ਸਪੱਸ਼ਟ ਕੀਤਾ।
ਰਾਊਡਗਲਾਸ ਫਾਉਂਡੇਸ਼ਨ ਨਾਲ ਕੰਮ ਕਰਨ ਵਾਲੀ ਸ੍ਰੀਮਤੀ ਸਾਕਸ਼ੀ ਭਾਟੀਆ ਨੇ ਮਹਿਲਾਵਾਂ ਨਾਲ ਕੰਮ ਕਰਨ ਦੇ ਆਪਣੇ ਤਜ਼ਰਬੇ ਸਾਂਝੇ ਕੀਤੇ। ਉਹਨਾਂ ਕਿਹਾ ਕਿ ਉਹਨਾਂ ਨੇ ਪੰਜਾਬ ਦੇ ਪੇਂਡੂ ਸਕੂਲਾਂ ਦੀਆਂ 7000 ਤੋਂ ਵੱਧ ਵਿਦਿਆਰਥਣਾਂ ਨਾਲ ਕੰਮ ਕੀਤਾ ਹੈ ਅਤੇ ਉਨ੍ਹਾਂ ਨੇ ਵਿਦਿਆਰਥਣਾਂ ਨੂੰ ਮਾਹਵਾਰੀ ਸਫ਼ਾਈ ਦੇ ਪ੍ਰਬੰਧਨ ਦੇ ਨਾਲ ਨਾਲ ਦਿਹਾਤੀ ਖੇਤਰਾਂ ਵਿੱਚ ਜਾਗਰੂਕਤਾ ਫੈਲਾਉਣ ਵਿੱਚ ਸਹਾਇਤਾ ਕੀਤੀ ਹੈ।
ਉਹਨਾਂ ਨੇ ਬਲਾਕ ਖੰਨਾ ਜ਼ਿਲ੍ਹਾ ਲੁਧਿਆਣਾ ਦੇ ਪਿੰਡ ਆਲੂਣਾ ਟੋਲਾ ਦੀ ਆਪਣੀ ਸਫ਼ਲਤਾ ਦੀ ਇਕ ਕਹਾਣੀ ਵੀ ਸਾਂਝੀ ਕੀਤੀ। ਉਹਨਾਂ ਦੱਸਿਆ ਕਿ ਸਰਵੇਖਣ ਦੌਰਾਨ ਪਾਇਆ ਕਿ ਬਹੁਤ ਸਾਰੀਆਂ ਨੌਜਵਾਨ ਲੜਕੀਆਂ ਮਾਹਵਾਰੀ ਸਫ਼ਾਈ ਲਈ ਸੁਰੱਖਿਅਤ ਅਭਿਆਸਾਂ ਦੀ ਵਰਤੋਂ ਨਹੀਂ ਕਰ ਰਹੀਆਂ ਸਨ। ਇਸ ਲਈ, ਉਹਨਾਂ ਨੇ ਮਹਿਲਾਵਾਂ ਨੂੰ ਸਵੈ-ਸਹਾਇਤਾ ਸਮੂਹ ਬਣਾਉਣ ਲਈ ਉਤਸ਼ਾਹਤ ਕਰਨ ਅਤੇ ਪਿੰਡ ਵਿਚ ਸੈਨੇਟਰੀ ਪੈਡ ਨਿਰਮਾਣ ਯੂਨਿਟ ਸਥਾਪਤ ਕਰਨ ਦਾ ਫੈਸਲਾ ਕੀਤਾ। ਸ਼ੁਰੂ ਵਿਚ ਉਹਨਾਂ ਨੂੰ ਕਾਫ਼ੀ ਚੁਣੌਤੀਆਂ ਦਾ ਸਾਹਮਣਾ ਕਰਨਾ ਪਿਆ ਪਰ ਹੁਣ ਇਹ ਯੂਨਿਟ ਬਹੁਤ ਵਧੀਆ ਢੰਗ ਨਾਲ ਕੰਮ ਕਰ ਰਹੀ ਹੈ ਅਤੇ ਮਹਿਲਾਵਾਂ ਇਸ ਤੋਂ ਲਾਭ ਲੈ ਰਹੀਆਂ ਹਨ। ਸਵੈ-ਸਹਾਇਤਾ ਸਮੂਹ ਹੁਣ ਆਪਣੇ ਉਤਪਾਦਾਂ ਨੂੰ ਬਾਜ਼ਾਰਾਂ, ਸਕੂਲਾਂ ਅਤੇ ਹੋਰ ਮਾਰਕੀਟ ਚੈਨਲਾਂ ਨੂੰ ਵੇਚ ਰਿਹਾ ਹੈ। ਸਵੈ-ਸਹਾਇਤਾ ਸਮੂਹ ਦੁਆਰਾ ਤਿਆਰ ਕੀਤੇ ਗਏ ਸੈਨੇਟਰੀ ਪੈਡ 30 ਰੁਪਏ ਪ੍ਰਤੀ ਪੈਕੇਟ ਦੀ ਕਿਫਾਇਤੀ ਕੀਮਤ ‘ਤੇ ਉਪਲੱਬਧ ਹਨ। ਇਸ ਪਹਿਲਕਦਮੀ ਨਾਲ ਪੇਂਡੂ ਮਹਿਲਾਵਾਂ ਦਾ ਸਸ਼ਕਤੀਕਰਨ ਹੋਇਆ ਅਤੇ ਉਨ੍ਹਾਂ ਵਿੱਚੋਂ ਹਰੇਕ ਮੈਂਬਰ ਨੇ 10,000 ਰੁਪਏ ਦਾ ਲਾਭ ਪ੍ਰਾਪਤ ਕੀਤਾ।
ਉਪ ਮੰਡਲ ਇੰਜੀਨੀਅਰ (ਸੈਨੀਟੇਸ਼ਨ) ਸ੍ਰੀ ਸਰਬਜੀਤ ਸਿੰਘ ਨੇ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਦੁਆਰਾ ਪੇਂਡੂ ਸਕੂਲਾਂ ਅਤੇ ਆਂਗਣਵਾੜੀਆਂ ਵਿਚ ਚਲਾਈਆਂ ਜਾ ਰਹੀਆਂ ਸਵੱਛਤਾ ਪਹਿਲਕਦਮੀਆਂ ਬਾਰੇ ਜਾਣਕਾਰੀ ਦਿੱਤੀ।
ਇਸ ਵਰਕਸ਼ਾਪ ਦੀ ਸਮਾਪਤੀ ਸਾਰੇ ਭਾਗੀਦਾਰਾਂ ਨਾਲ ਪ੍ਰਸ਼ਨ – ਉੱਤਰ ਸੈਸ਼ਨ ਨਾਲ ਹੋਈ।

 

Spread the love