ਕਰੋਨਾ ’ਤੇ ਫ਼ਤਿਹ ਪਾਉਣ ਲਈ ਟੀਕਾਕਰਨ ਤੇ ਟੈਸਟਿੰਗ ਜ਼ਰੂਰੀ : ਡਿਪਟੀ ਕਮਿਸ਼ਨਰ

ਕਿਹਾ, ਪੇਂਡੂ ਖੇਤਰ ’ਚ ਕਰੋਨਾ ਟੈਸਟਿੰਗ ਵਿੱਚ ਲਿਆਂਦੀ ਜਾਵੇ ਤੇਜ਼ੀ
ਪਾਜੀਟਿਵ ਆਉਣ ’ਤੇ ਘਬਰਾਉਣ ਦੀ ਨਹੀਂ ਸਗੋਂ ਹੌਂਸਲੇ ਦੀ ਲੋੜ
ਬਠਿੰਡਾ, 27 ਮਈ 2021 ਡਿਪਟੀ ਕਮਿਸ਼ਨਰ ਸ਼੍ਰੀ ਬੀ.ਸ਼੍ਰੀਨਿਵਾਸਨ ਨੇ ਕਰੋਨਾ ਮਹਾਂਮਾਰੀ ਨਾਲ ਨਜਿੱਠਣ ਤੇ ਇਸ ਦੇ ਵੱਧ ਰਹੇ ਪ੍ਰਭਾਵ ਨੂੰ ਰੋਕਣ ਦੇ ਮੱਦੇਨਜ਼ਰ ਜ਼ਿਲੇ ਦੇ ਉੱਚ ਅਧਿਕਾਰੀਆਂ ਨਾਲ ਰੀਵਿਊ ਮੀਟਿੰਗ ਕੀਤੀ। ਰੋਜ਼ਾਨਾ ਕੀਤੀ ਜਾਣ ਵਾਲੀ ਇਸ ਰੀਵਿਊ ਮੀਟਿੰਗ ਦੌਰਾਨ ਉਨਾਂ ਜ਼ਿਲੇ ’ਚ ਕੋਵਿਡ ਨਾਲ ਸਬੰਧਤ ਤੇ ਇਸ ਭਿਆਨਕ ਮਹਾਂਮਾਰੀ ਨੂੰ ਰੋਕਣ ਲਈ ਕੀਤੀਆਂ ਜਾਣ ਵਾਲੀਆਂ ਸਮੂਹ ਗਤੀਵਿਧੀਆਂ ਦੀ ਬਾਰੀਕੀ ਨਾਲ ਸਮੀਖਿਆ ਕੀਤੀ ਅਤੇ ਸਮੂਹ ਅਧਿਕਾਰੀਆਂ ਨੂੰ ਲੋੜੀਂਦੇ ਦਿਸ਼ਾ-ਨਿਰਦੇਸ਼ ਦਿੰਦਿਆਂ ਕਿਹਾ ਕਿ ਇਸ ਮੁਹਿੰਮ ਨੂੰ ਨਿਰਵਿਘਨ ਜਾਰੀ ਰੱਖਿਆ ਜਾਵੇ ਕਿਉਂਕਿ ਕਰੋਨਾ ’ਤੇ ਫ਼ਤਿਹ ਪਾਉਣ ਲਈ ਟੀਕਾਕਰਨ ਤੇ ਟੈਸਟਿੰਗ ਇਸ ਦਾ ਹੱਲ ਹਨ। ਇਸ ਮੌਕੇ ਉਨਾਂ ਜ਼ਿਲੇ ’ਚ ਕਰੋਨਾ ਮਰੀਜ਼ਾਂ ਦੇ ਇਲਾਜ ਲਈ ਵੱਖ-ਵੱਖ ਹਸਪਤਾਲਾਂ ’ਚ ਸਥਾਪਿਤ ਕੀਤੇ ਗਏ ਲੈਵਲ 2 ਤੇ ਲੈਵਲ 3 ਦੀ ਸਮਰੱਥਾ ਵਾਲੇ ਬੈੱਡਾਂ ਦੀ ਸਥਿਤੀ ਨੂੰ ਵਾਚਿਆ।
ਮੀਟਿੰਗ ਦੌਰਾਨ ਉਨਾਂ ਕਰੋਨਾ ਮੁਕਤ ਪਿੰਡ ਮੁਹਿੰਮ ਤਹਿਤ ਡੀ.ਡੀ.ਪੀ.ਓ ਮੈਡਮ ਨੀਰੂ ਗਰਗ ਨੂੰ ਆਦੇਸ਼ ਦਿੰਦਿਆਂ ਕਿਹਾ ਕਿ ਪਿੰਡਾਂ ਵਿਚ ਲਗਾਏ ਜਾ ਰਹੇ ਕਰੋਨਾ ਕੈਂਪਾਂ ਰਾਹੀਂ ਪਿੰਡ ਪੱਧਰ ਤੇ ਹੋ ਰਹੀ ਟੈਸਟਿੰਗ ਅਤੇ ਵੈਕਸੀਨੇਸ਼ਨ ਵਿਚ ਹੋਰ ਤੇਜ਼ੀ ਲਿਆਂਦੀ ਜਾਵੇ। ਇਸ ਮੌਕੇ ਉਨਾਂ ਇਹ ਵੀ ਖ਼ਾਸ ਹਦਾਇਤ ਕੀਤੀ ਕਿ ਰੋਜ਼ਾਨਾ ਵੈਕਸੀਨੇਸ਼ਨ ਤੇ ਟੈਸਟਿੰਗ ਕਰਕੇ ਨਿਰਧਾਰਿਤ ਕੀਤੇ ਟੀਚਿਆਂ ਨੂੰ ਮੁਕੰਮਲ ਕੀਤਾ ਜਾਵੇ। ਇਸ ਮੌਕੇ ਉਨਾਂ ਮੌਕੇ ਸਬੰਧਤ ਅਧਿਕਾਰੀਆਂ ਨੂੰ ਆਦੇਸ਼ ਦਿੰਦਿਆਂ ਕਿਹਾ ਕਿ ਹਸਪਤਾਲਾਂ ਵਿਚ ਆਕਸੀਜਨ ਗੈਸ ਦੀ ਵਰਤੋਂ ’ਤੇ ਨਿਗਰਾਨੀ ਰੱਖੀ ਜਾਵੇ ਤਾਂ ਜੋ ਕੋਈ ਵੀ ਹਸਪਤਾਲ ਇਸ ਨੂੰ ਸਟੋਰ ਨਾ ਕਰ ਸਕੇ।
ਇਸ ਮੌਕੇ ਡਿਪਟੀ ਕਮਿਸ਼ਨਰ ਨੇ ਸਿਹਤ ਵਿਭਾਗ ਦੇ ਸਬੰਧਤ ਅਧਿਕਾਰੀਆਂ ਨੂੰ ਆਦੇਸ਼ ਦਿੰਦਿਆਂ ਕਿਹਾ ਕਿ ਪਿੰਡਾਂ ਦੇ ਲੋਕਾਂ ਨੰੂ ਇਸ ਮਹਾਂਮਾਰੀ ਤੋਂ ਬਚਾਅ ਲਈ ਵੱਧ ਤੋਂ ਵੱਧ ਜਾਗਰੂਕ ਕੀਤਾ ਜਾਵੇ। ਪਿੰਡ ਵਾਸੀਆਂ ਨੰੂ ਦੱਸਿਆ ਜਾਵੇ ਕਿ ਉਹ ਕਰੋਨਾ ਮਹਾਂਮਾਰੀ ਤੋਂ ਬਚਾਅ ਲਈ ਸਰਕਾਰ ਵੱਲੋਂ ਜਾਰੀ ਹਦਾਇਤਾਂ ਦੀ ਪਾਲਣਾ ਕਰਨ। ਜੇਕਰ ਉਨਾਂ ਨੂੰ ਖੰਘ, ਬੁਖਾਰ, ਜੁਕਾਮ ਆਦਿ ਲੱਛਣ ਦਿਖਾਈ ਦੇਣ ਤਾਂ ਉਹ ਤੁਰੰਤ ਆਪਣੇ ਟੈਸਟ ਕਰਵਾਉਣ। ਉਹ ਪਿੰਡ ਵਾਸੀਆਂ ਨੂੰ ਜਾਣੂ ਕਰਵਾਉਣ ਕਿ ਜੇਕਰ ਕੋਈ ਵਿਅਕਤੀ ਕਰੋਨਾ ਪਾਜੀਟਿਵ ਆਉਂਦਾ ਹੈ ਤਾਂ ਉਸਨੂੰ ਘਬਰਾਉਣ ਦੀ ਨਹੀਂ ਸਗੋਂ ਹੌਂਸਲੇ ਨਾਲ ਇਲਾਜ ਦੀ ਜ਼ਰੂਰਤ ਹੈ। ਇਸ ਨਾਲ ਜਿੱਥੇ ਉਹ ਮੁੱਢਲੇ ਪੜਾਅ ’ਤੇ ਹੀ ਇਸ ਬਿਮਾਰੀ ਤੇ ਕਾਬੂ ਪਾ ਸਕਦੇ ਹਨ, ਉੱਥੇ ਆਪਣੇ ਪਰਿਵਾਰ ਤੇ ਸਮਾਜ ਨੰੂ ਵੀ ਇਸ ਭਿਆਨਕ ਬਿਮਾਰੀ ਤੋਂ ਬਚਾਅ ਸਕਣਗੇ।
ਇਸ ਮੌਕੇ ਸਿਖਲਾਈ ਅਧੀਨ ਆਈ.ਏ.ਐਸ. ਸ਼੍ਰੀ ਨਿਕਾਸ ਕੁਮਾਰ, ਵਧੀਕ ਡਿਪਟੀ ਕਮਿਸ਼ਨਰ ਸ਼੍ਰੀ ਰਾਜਦੀਪ ਸਿੰਘ ਬਰਾੜ, ਸਿਵਲ ਸਰਜਨ ਡਾ. ਤੇਜਵੰਤ ਸਿੰਘ ਢਿੱਲੋਂ, ਸਹਾਇਕ ਕਮਿਸ਼ਨਰ ਸ੍ਰੀ ਗੁਰਬੀਰ ਸਿੰਘ ਕੋਹਲੀ, ਸਹਾਇਕ ਕਮਿਸ਼ਨਰ ਸ਼੍ਰੀ ਕੰਵਲਜੀਤ ਸਿੰਘ, ਸ੍ਰੀ ਬਬਨਦੀਪ ਸਿੰਘ ਵਾਲੀਆ, ਡਾ. ਯਾਦਵਿੰਦਰ ਸਿੰਘ, ਕਰੋਨਾ ਸੈੱਲ ਦੇ ਜ਼ਿਲਾ ਇੰਚਾਰਜ ਸ਼੍ਰੀ ਮਨਪ੍ਰੀਤ ਸਿੰਘ ਅਰਸ਼ੀ, ਡਾਟਾ ਸੈੱਲ ਦੇ ਇੰਚਾਰਜ ਸ੍ਰੀ ਨਵੀਨ ਗਡਵਾਲ ਤੋਂ ਇਲਾਵਾ ਘਰੇਲੂ ਇਕਾਂਤਵਾਸ ਦੇ ਜ਼ਿਲਾ ਇੰਚਾਰਜ ਸ਼੍ਰੀ ਗੁਰਦੀਪ ਸਿੰਘ ਮਾਨ ਤੇ ਹੋਰ ਵੱਖ-ਵੱਖ ਕਰੋਨਾ ਸੈੱਲਾਂ ਦੇ ਇੰਚਾਰਜ ਵਿਸ਼ੇਸ਼ ਤੌਰ ’ਤੇ ਹਾਜ਼ਰ ਸਨ।

Spread the love