ਪੰਜਾਬ ਸਮੇਤ ਦੇਸ ਵਿੱਚ ਕੋਰੋਨਾ ਤੋਂ ਬਚਾਅ ਲਈ ਜਰੂਰੀ ਵੈਕਸੀਨ ਦੇ ਨਾਂਅ ‘ਤੇ ਚੱਲ ਰਹੀ ਹੈ ਲੁੱਟ: ਆਪ

ਜੋ ਵੈਕਸੀਨ ਲੋਕਾਂ ਦਾ ਅਧਿਕਾਰ, ਉਸ ਲਈ ਕੋਈ ਨਿਜੀ ਹਸਪਤਾਲ 1200 ਰੁਪਏ ਲੈ ਰਿਹਾ ਤਾਂ ਕੋਈ 1500 ਰੁਪਏ : ਮਾਣੂੰਕੇ
ਪੰਜਾਬ ਦੀ ਕਾਂਗਰਸ ਸਰਕਾਰ ਨੇ ਵੀ ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ਦੀ ਤਰ੍ਹਾਂ ਸੂਬਾ ਵਾਸੀਆਂ ਨੂੰ ਲਾਵਾਰਸ ਛੱਡਿਆ : ਮੀਤ ਹੇਅਰ
ਮੋਦੀ ਸਰਕਾਰ ਨੇ ਕੋਰੋਨਾ ਮਹਾਮਾਰੀ ਦੌਰਾਨ ਘੋਟਾਲਾ ਕਰਨ ਦਾ ਮੌਕਾ ਲੱਭਿਆ
ਚੰਡੀਗੜ੍ਹ, 29 ਮਈ 2021
ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਸੀਨੀਅਰ ਆਗੂ ਅਤੇ ਪੰਜਾਬ ਵਿਧਾਨ ਸਭਾ ‘ਚ ਵਿਰੋਧੀ ਧਿਰ ਦੀ ਉਪ ਨੇਤਾ ਸਰਵਜੀਤ ਕੌਰ ਮਾਣੂੰਕੇ ਅਤੇ ਵਿਧਾਇਕ ਗੁਰਮੀਤ ਸਿੰਘ ਮੀਤ ਹੇਅਰ ਨੇ ਕਿਹਾ ਕਿ ਪੰਜਾਬ ਸਮੇਤ ਦੇਸ ਵਿੱਚ ਕੋਰੋਨਾ ਤੋਂ ਬਚਾਅ ਲਈ ਜਰੂਰੀ ਵੈਕਸੀਨ ਦੇ ਨਾਂਅ ‘ਤੇ ਲੁੱਟ ਚੱਲ ਰਹੀ ਹੈ। ਉਨ੍ਹਾਂ ਸਵਾਲ ਕੀਤਾ ਕਿ ਜਦ ਸਰਕਾਰਾਂ ਕੋਲ ਵੈਕਸੀਨ ਨਹੀਂ ਤਾਂ ਨਿਜੀ ਹਸਪਤਾਲਾਂ ਕੋਲ ਕਿਥੋਂ ਆ ਰਹੀ ਹੈ ?
ਸਨੀਵਾਰ ਨੂੰ ਪਾਰਟੀ ਦੇ ਮੁੱਖ ਦਫਤਰ ਤੋਂ ਜਾਰੀ ਬਿਆਨ ਰਾਹੀਂ ਸਰਵਜੀਤ ਕੌਰ ਮਾਣੂੰਕੇ ਅਤੇ ਗੁਰਮੀਤ ਸਿੰਘ ਮੀਤ ਹੇਅਰ ਨੇ ਕਿਹਾ ਕਿ ਆਪਦਾ ਵਿੱਚ ਅਵਸਰ ਦਾ ਹੋਕਾ ਦੇਣ ਵਾਲੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸਰਕਾਰ ਨੇ ਕੋਰੋਨਾ ਮਹਾਮਾਰੀ ਦੌਰਾਨ ਘੋਟਾਲਾ ਕਰਨ ਦਾ ਮੌਕਾ ਲੱਭਿਆ ਹੈ। ਮੋਦੀ ਸਰਕਾਰ ਦੀ ਕੰਪਨੀਆਂ ਨਾਲ ਐਸੀ ਕਿਹੜੀ ਸਾਂਠ ਗਾਂਠ ਜੋ ਮਹਾਮਾਰੀ ਦੇ ਦੌਰ ‘ਚ ਦੇਸ ਦੇ ਗਰੀਬਾਂ ਨੂੰ ਰੱਬ ਆਸਰੇ ਛੱਡ ਦਿੱਤਾ ਗਿਆ। ਉਨ੍ਹਾਂ ਦੋਸ ਲਾਇਆ ਕਿ ਕੋਰੋਨਾ ਦੀ ਜੋ ਵੈਕਸੀਨ ਲੋਕਾਂ ਦਾ ਅਧਿਕਾਰ, ਉਸ ਲਈ ਕੋਈ ਨਿਜੀ ਹਸਪਤਾਲ 1200 ਰੁਪਏ ਲੈ ਰਿਹਾ ਤਾਂ ਕੋਈ 1500 ਰੁਪਏ। ਨਿਜੀ ਕੰਪਨੀਆਂ ਦਾ ਮਹਾਮਾਰੀ ਦੌਰਾਨ ਵੀ ਪੈਸੇ ਵੱਲ ਧਿਆਨ ਹੈ ਅਤੇ ਵੈਕਸੀਨ ਬਣਾਉਣ ਵਾਲੀਆਂ ਕੰਪਨੀਆਂ ਵੈਕਸੀਨ ਲਈ ਸੂਬਿਆਂ ਅਤੇ ਲੋਕਾਂ ਦੀ ਆਰਥਿਕ ਲੁੱਟ ਕਰ ਰਹੀਆਂ ਹਨ।
ਸਰਵਜੀਤ ਕੌਰ ਮਾਣੂੰਕੇ ਨੇ ਪੰਜਾਬ ਦੀ ਕੈਪਟਨ ਅਮਰਿੰਦਰ ਸਿੰਘ ਦੀ ਅਲੋਚਨਾ ਕਰਦਿਆਂ ਕਿਹਾ ਕਿ ਸੂਬਾ ਸਰਕਾਰ ਨਿਜੀ ਹਸਪਤਾਲਾਂ ਅਤੇ ਕੰਪਨੀਆਂ ਦੇ ਸੌਦੇ ਵਿੱਚ ਵਿਚੋਲਾ ਬਣ ਰਹੀ ਹੈ। ਇਸੇ ਲਈ ਕੈਪਟਨ ਸਰਕਾਰ ਨੇ ਨਿਜੀ ਹਸਪਤਾਲਾਂ ਨੂੰ ਖੁੱਲੀ ਲੁੱਟ ਕਰਨ ਦਾ ਮੌਕਾ ਦਿੱਤਾ ਹੈ। ਉਨ੍ਹਾਂ ਸਵਾਲ ਕਰਦਿਆਂ ਪੁੱਛਿਆ ਕਿ ਸਰਕਾਰ ਦਾ ਨਿੱਜੀ ਹਸਪਤਾਲਾਂ ਅਤੇ ਵੈਕਸੀਨ ‘ਤੇ ਕੰਟਰੋਲ ਕਿਉਂ ਨਹੀਂ ਹੈ।
ਵਿਧਾਇਕ ਮੀਤ ਹੇਅਰ ਨੇ ਕਿਹਾ ਕਿ ਪੰਜਾਬ ‘ਚ ਕੋਰੋਨਾ ਮਹਾਮਾਰੀ ਨਾਲ ਹੋਣ ਵਾਲੀਆਂ ਮੌਤਾਂ ਦੀ ਦਰ ਦੇਸ਼ ਭਰ ‘ਚ ਸਭ ਤੋਂ ਜ਼ਿਆਦਾ ਹੈ, ਪਰ ਮੁਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਕੋਈ ਚਿੰਤਾ ਨਹੀਂ ਹੈ। ਸੂਬੇ ਦੇ ਕਈ ਜ਼ਿਲ੍ਹਿਆਂ ਵਿੱਚ ਅੱਜ ਵੀ ਆਈ ਸੀ ਯੂ ਬੈਡ ਉਪਲਬਧ ਨਹੀਂ ਹਨ ਅਤੇ ਨਾ ਹੀ ਸਰਕਾਰੀ ਹਸਪਤਾਲਾਂ ਵਿੱਚ ਵੈਕਸੀਨ ਮਿਲ ਰਹੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੀ ਕਾਂਗਰਸ ਸਰਕਾਰ ਨੇ ਵੀ ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ਦੀ ਤਰ੍ਹਾਂ ਸੂਬਾ ਵਾਸੀਆਂ ਨੂੰ ਲਾਵਾਰਸ ਛੱਡਿਆ ਹੋਇਆ ਹੈ, ਜਿਸ ਦਾ ਹਿਸਾਬ ਕਾਂਗਰਸ ਪਾਰਟੀ ਤੋਂ ਪੰਜਾਬ ਦੇ ਲੋਕ 2022 ਦੀਆਂ ਚੋਣਾਂ ਵਿੱਚ ਜਰੂਰ ਲੈਣਗੇ।

Spread the love