ਡਿਪਟੀ ਕਮਿਸ਼ਨਰ ਵੱਲੋਂ ਫਾਊਂਡੇਸ਼ਨ ਦੇ ਉਪਰਾਲੇ ਦੀ ਕੀਤੀ ਸ਼ਲਾਘਾ
ਕਿਹਾ! ਲੋੜਵੰਦ ਕੋਵਿਡ ਮਰੀਜ਼ਾਂ ਦੇ ਸਹਿਯੋਗ ਲਈ ਹੋਰ ਸੰਸਥਾਵਾਂ ਵੀ ਅੱਗੇ ਆਉਣ
ਲੁਧਿਆਣਾ, 03 ਜੂਨ 2021 ਜ਼ਿਲ੍ਹਾ ਪ੍ਰਸਾਸ਼ਨ ਵੱਲੋਂ ਇੰਟਰਨੈਸ਼ਨਲ ਮਾਰਕੀਟਿੰਗ ਕਾਰਪੋਰੇਸ਼ਨ (ਆਈ.ਐਮ.ਸੀ.) ਪ੍ਰਾਈਵੇਟ ਲਿਮਟਿਡ ਲੁਧਿਆਣਾ ਵੱਲੋਂ ਸਪੁਰਦ ਕੀਤੇ ਕੋਵਿਡ-19 ਮਰੀਜ਼ਾਂ ਲਈ 6 ਆਕਸੀਜਨ ਕੰਸਨਟਰੇਟਰ ਅਤੇ 600 ਆਕਸੀਮੀਟਰ ਜਿਲ੍ਹਾ ਰੈਡ ਕਰਾਸ ਸੁਸਾਇਟੀ ਨੂੰ ਸੌਪੇ।
ਡਿਪਟੀ ਕਮਿਸ਼ਨਰ ਸ੍ਰੀ ਵਰਿੰਦਰ ਕੁਮਾਰ ਸ਼ਰਮਾ ਵੱਲੋਂ ਆਈ.ਐਮ.ਸੀ. ਫਾਊਂਡੇਸ਼ਨ ਲੁਧਿਆਣਾ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਦੁੱਖ ਦੀ ਇਸ ਘੜੀ ਵਿੱਚ ਹੋਰ ਸੰਸਥਾਵਾਂ ਨੂੰ ਵੀ ਅੱਗੇ ਆਉਣਾ ਚਾਹੀਦਾ ਹੈ। ਡਿਪਟੀ ਕਮਿਸ਼ਨਰ ਨੇ ਆਈ.ਐਮ.ਸੀ. ਵੱਲੋਂ ਦਿੱਤੇ ਗਏ 6 ਆਕਸੀਜਨ ਕੰਸਨਟਰੇਟਰ ਅਤੇ 600 ਆਕਸੀਮੀਟਰ ਜ਼ਿਲ੍ਹਾ ਰੈਡ ਕਰਾਸ ਸੁਸਾਇਟੀ, ਲੁਧਿਆਣਾ ਨੂੰ ਸੌਪ ਦਿੱਤੇ ਤਾਂ ਜੋ ਇਨ੍ਹਾਂ ਉਪਕਰਣਾਂ ਦੀ ਸੁਚੱਜੇ ਢੰਗ ਨਾਲ ਵਰਤੋਂ ਕੋਵਿਡ ਮਰੀਜ਼ਾਂ ਲਈ ਕੀਤੀ ਜਾ ਸਕੇ।
ਸ੍ਰੀ ਸ਼ਰਮਾ ਨੇ ਕਿਹਾ ਕਿ ਇਹ ਕੰਸਨਟਰੇਟਰ ਜ਼ਿਲ੍ਹਾ ਰੈਡ ਕਰਾਸ ਸੁਸਾਇਟੀ ਵੱਲੋਂ ਪਹਿਲਾਂ ਤੋਂ ਸਥਾਪਤ ਕੰਸਨਟਰੇਟਰ ਬੈਂਕ ਵਿੱਚ ਸ਼ਾਮਲ ਕਰ ਲਏ ਗਏ ਹਨ ਅਤੇ ਲੋੜ ਪੈਣ ‘ਤੇ ਮੌਜੂਦਾ ਸਮੇਂ ਅਤੇ ਸੰਭਾਵਿਤ ਤੀਜੀ ਲਹਿਰ ਲਈ ਵੀ ਵਰਤੇ ਜਾ ਸਕਣਗੇ। ਇਸ ਤੋਂ ਇਲਾਵਾ 600 ਆਕਸੀਮੀਟਰ ਵੀ ਲੋੜ ਅਨੁਸਾਰ ਕੋਵਿਡ ਮਰੀਜ਼ਾਂ ਨੁੰ ਮੁਹੱਈਆ ਕਰਵਾਏ ਜਾਣਗੇ।
ਡਿਪਟੀ ਕਮਿਸ਼਼ਨਰ ਵੱਲੋਂ ਇਸ ਉਪਰਾਲੇ ਲਈ ਆਈ.ਐਮ.ਸੀ. ਫਾਊਂਡੇਸ਼ਨ ਲੁਧਿਆਣਾ ਦੇ ਚੇਅਰਮੈਨ ਡਾ. ਅਸ਼ੋਕ ਭਾਟੀਆ ਅਤੇ ਉਹਨਾਂ ਦੀ ਟੀਮ ਦੀ ਵੀ ਭਰਪੂਰ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਮਹਾਂਮਾਰੀ ਦੀ ਇਸ ਲਹਿਰ ਦੌਰਾਨ ਸਾਨੂੰ ਸਾਰਿਆਂ ਨੂੰ ਜਰੂਰਤਮੰਦ ਮਰੀਜ਼ਾਂ ਦੇ ਸਹਿਯੋਗ ਲਈ ਅੱਗੇ ਆਉਣਾ ਚਾਹੀਦਾ ਹੈ।
ਇਸ ਮੌਕੇ ਆਈ.ਐਮ.ਸੀ. ਫਾਊਂਡੇਸ਼ਨ ਲੁਧਿਆਣਾ ਦੇ ਚੇਅਰਮੈਨ ਡਾ. ਅਸ਼ੋਕ ਭਾਟੀਆ ਨੇ ਦੱਸਿਆ ਕਿ ਉਹਨਾਂ ਦੀ ਸੰਸਥਾ ਵੱਲੋਂ 01 ਮਈ, 2021 ਤੋਂ ਹੁਣ ਤੱਕ 10 ਹਜ਼ਾਰ ਲੋਕਾਂ ਨੂੰ ਮਾਸਕ ਵੰਡੇ ਜਾ ਚੁੱਕੇ ਹਨ ਅਤੇ 850 ਕੋਵਿਡ ਮਰੀਜ਼ਾਂ ਨੂੰ ਖਾਣਾ, ਸੁੱਕਾ ਰਾਸ਼ਣ ਅਤੇ ਫਰੂਟ ਵੀ ਦਿੱਤੇ ਗਏ। ਇਸ ਤੋਂ ਇਲਾਵਾ ਸਿਵਲ ਹਸਪਤਾਲ ਵਿੱਚ ਪੀ.ਪੀ.ਈ. ਕਿੱਟਾਂ, ਸੈਨੀਟਾਈਜ਼ਰ, ਦਸਤਾਨੇ ਆਦਿ ਵੀ ਦਿੱਤੇ ਜਾ ਚੁੱਕੇ ਹਨ। ਉਹਨਾਂ ਕਿਹਾ ਕਿ ਉਹਨਾਂ ਦੀ ਸੰਸਥਾਂ ਭਵਿੱਖ ਵਿੱਚ ਵੀ ਜ਼ਿਲ੍ਹਾ ਪ੍ਰਸ਼ਾਸ਼ਨ ਦੇ ਸਹਿਯੋਗ ਨਾਲ ਕੋਵਿਡ ਮਰੀਜ਼ਾਂ ਦੀ ਮੱਦਦ ਕਰਦੀ ਰਹੇਗੀ।
ਇਸ ਮੌਕੇ ਜ਼ਿਲ੍ਹਾ ਰੈਡ ਕਰਾਸ ਲੁਧਿਆਣਾ ਦੇ ਸਕੱਤਰ ਸ੍ਰੀ ਬਲਬੀਰ ਚੰਦ ਐਰੀ, ਆਈ.ਐਮ.ਸੀ. ਫਾਊਂਡੇਸ਼ਨ ਲੁਧਿਆਣਾ ਦੇ ਮੈਨੇਜਿੰਗ ਡਾਇਰੈਕਟਰ ਸ੍ਰੀ ਸਤਿਯਮ ਭਾਟੀਆ, ਓਰਗਨਾਈਜਰ ਸਕੱਤਰ ਜਸਪ੍ਰੀਤ ਕੌਰ, ਏ.ਵੀ.ਪੀ. ਸ੍ਰੀ ਵਿਨੋਦ ਕੁਮਾਰ, ਡਾਇਰੈਕਟਰ ਫਾਇਨਾਂਸ ਸ੍ਰੀ ਰਾਕੇਸ਼ ਮਿਸ਼ਰਾ ਤੋਂ ਇਲਾਵਾ ਹੋਰ ਵੀ ਹਾਜ਼ਰ ਸਨ।