ਡਿਪਟੀ ਕਮਿਸ਼ਨਰ ਵੱਲੋਂ ਫਤਿਹਗੜ ਛੰਨਾ ਵਿਖੇ ਮਗਨਰੇਗਾ ਅਧੀਨ ਕੰਮ ਦਾ ਜਾਇਜ਼ਾ

ਸਕੂਲ ਦਾ ਦੌਰਾ, ਰੂਫ ਟੌਪ ਹਾਰਵੈਸਟਿੰਗ ਸਿਸਟਮ ਨਾਲ ਪਾਣੀ ਬਚਾਉਣ ਦੇ ਉਦਮ ਦੀ ਸ਼ਲਾਘਾ
ਬਰਨਾਲਾ, 4 ਜੂਨ 2021
ਡਿਪਟੀ ਕਮਿਸ਼ਨਰ ਬਰਨਾਲਾ ਸ. ਤੇਜ ਪ੍ਰਤਾਪ ਸਿੰਘ ਫੂਲਕਾ ਵੱਲੋਂ ਪਿੰਡ ਫਤਿਹਗੜ ਛੰਨਾ ਦਾ ਦੌਰਾ ਕੀਤਾ ਗਿਆ, ਜਿੱਥੇ ਉਨਾਂ ਵਿਕਾਸ ਕਾਰਜਾਂ ਦਾ ਜਾਇਜ਼ਾ ਲਿਆ।
ਇਸ ਮੌਕੇ ਉਨਾਂ ਫਤਿਹਗੜ ਛੰਨਾ ਵਿਖੇ ਮਗਨਰੇਗਾ ਅਧੀਨ ਚੱਲ ਰਹੇ ਡਰੇਨ ਦੇ ਸਫਾਈ ਕਾਰਜਾਂ ਦਾ ਜਾਇਜ਼ਾ ਲਿਆ। ਉਨਾਂ ਦੱਸਿਆ ਕਿ ਪਿੰਡਾਂ ਵਿਚ ਮਗਨਰੇਗਾ ਅਧੀਨ ਵੱਖ ਵੱਖ ਕੰਮ ਜਾਰੀ ਹਨ। ਉਨਾਂ ਮਗਨਰੇਗਾ ਕਾਮਿਆਂ ਦੀਆਂ ਸੇਵਾਵਾਂ ਦੀ ਸ਼ਲਾਘਾ ਕੀਤੀ।
ਇਸ ਮੌਕੇ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਪੇਂਡੂ ਵਿਕਾਸ ਤੇ ਪੰਚਾਇਤੀ ਵਿਭਾਗ ਵੱਲੋਂ ਬਾਰਸ਼ਾਂ ਦੇ ਅਗਾਊਂ ਸੀਜ਼ਨ ਦੇ ਮੱਦੇਨਜ਼ਰ ਡਰੇਨਾਂ ਦੀ ਸਫਾਈ ਕਰਵਾਈ ਗਈ ਹੈ। ਇਸ ਤੋਂ ਇਲਾਵਾ ਛੱਪੜਾਂ ਦੀ ਸਫਾਈ ਵੀ ਕਰਵਾਈ ਗਈ ਹੈ ਤਾਂ ਜੋ ਮੀਂਹ ਦੇ ਸੀਜ਼ਨ ਦੌਰਾਨ ਓਵਰਫਲੋਅ ਨਾ ਹੋਵੇ।

ਇਸ ਮੌਕੇ ਪੰਚਾਇਤੀ ਅਧਿਕਾਰੀਆਂ ਨੇ ਦੱਸਿਆ ਕਿ ਜ਼ਿਲੇ ਦੇ ਤਿੰਨਾਂ ਬਲਾਕਾਂ ਵਿਚ ਡਰੇਨਾਂ ਆਦਿ ਦੀ ਸਫਾਈ ਕਰਵਾਈ ਗਈ ਹੈ, ਜਿਸ ਦੀ ਅੰਦਾਜ਼ਨ ਲਾਗਤ 154.26 ਲੱਖ ਹੈ। ਉਨਾਂ ਦੱਸਿਆ ਕਿ ਰਜਵਾਹਿਆਂ ਆਦਿ ਦੀ ਸਫਾਈ ਦਾ ਕੰਮ ਵੀ ਆਖਰੀ ਪੜਾਅ ’ਤੇ ਹੈ।
ਸ ਦੌਰਾਨ ਡਿਪਟੀ ਕਮਿਸ਼ਨਰ ਨੇ ਪਿੰਡ ਦੇ ਸਰਕਾਰੀ ਸਮਾਰਟ ਸਕੂਲ ਵਿਖੇ ਬਣੇ ਰੂਫ ਟੌਪ ਹਾਰਵੈਸਟਿੰਗ ਮਾਡਲ ਦਾ ਜਾਇਜ਼ਾ ਲਿਆ। ਉਨਾਂ ਕਿਹਾ ਕਿ ਸਕੂਲਾਂ ਦੀਆਂ ਛੱਤਾਂ ਤੋਂ ਆਉਦੇ ਮੀਂਹ ਦੇ ਪਾਣੀ ਨੂੰ ਸਟੋਰ ਕਰ ਕੇ ਇਸ ਨੂੰ ਰੀਚਾਰਜ ਕਰਨਾ ਪਾਣੀ ਬਚਾਉਣ ਦਾ ਵੱਡਾ ਉਪਰਾਲਾ ਹੈ। ਉਨਾਂ ਦੱਸਿਆ ਕਿ ਪੇਂਡੂ ਵਿਕਾਸ ਤੇ ਪੰਚਾਇਤੀ ਵਿਭਾਗ ਵੱਲੋਂ ਸਿੱਖਿਆ ਵਿਭਾਗ ਨਾਲ ਤਾਲਮੇਲ ਕਰ ਕੇ ਜ਼ਿਲੇ ਦੇ 60 ਸਕੂਲਾਂ ਵਿਚ ਰੂਫ ਟੌਪ ਹਾਰਵੈਸਟਿੰਗ ਸਿਸਟਮ ਦੀ ਤਜਵੀਜ਼ ਭੇਜੀ ਗਈ ਹੈ।

Spread the love