ਬਟਾਲਾ ਸ਼ਹਿਰ ਦਾ ਸਰਬਪੱਖੀ ਵਿਕਾਸ ਕਰਕੇ ਕੈਪਟਨ ਅਮਰਿੰਦਰ ਸਿੰਘ ਨੇ ਆਪਣਾ ਵਾਅਦਾ ਨਿਭਾਇਆ – ਤ੍ਰਿਪਤ ਬਾਜਵਾ
ਬਟਾਲਾ, 5 ਜੂਨ 2021 ਪੰਜਾਬ ਸਰਕਾਰ ਵੱਲੋਂ ਸੂਬੇ ਦੇ ਇਤਿਹਾਸਕ ਸ਼ਹਿਰ ਬਟਾਲਾ ਦਾ ਵਿਕਾਸ ਲਗਾਤਾਰ ਜਾਰੀ ਹੈ। ਸੂਬੇ ਦੇ ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਸ. ਤ੍ਰਿਪਤ ਰਜਿੰਦਰ ਸਿੰਘ ਬਾਜਵਾ ਵੱਲੋਂ ਅੱਜ ਬਟਾਲਾ ਸ਼ਹਿਰ ਦੇ ਗੁਰੂ ਨਾਨਕ ਨਗਰ ਇਲਾਕੇ ਵਿਚ 60 ਲੱਖ ਰੁਪਏ ਦੀ ਲਾਗਤ ਨਾਲ ਬਣਨ ਵਾਲੀਆਂ ਨਵੀਆਂ ਗਲੀਆਂ ਦੇ ਕੰਮ ਦੀ ਸ਼ੁਰੂਆਤ ਕਰਵਾਈ ਗਈ। ਇਸ ਮੌਕੇ ਉਨ੍ਹਾਂ ਨਾਲ ਮੇਅਰ ਨਗਰ ਨਿਗਮ ਸ. ਸੁਖਦੀਪ ਸਿੰਘ ਤੇਜਾ, ਕਮਿਸ਼ਨਰ ਨਗਰ ਨਿਗਮ ਸ. ਬਲਵਿੰਦਰ ਸਿੰਘ, ਐਕਸੀਅਨ ਸ੍ਰੀ ਰਮੇਸ਼ ਭਾਟੀਆ, ਕੌਂਸਲਰ ਸ੍ਰੀਮਤੀ ਰੇਨੂੰ, ਬਾਬਾ ਸੁਭਾਸ਼ ਤੁੱਲੀ, ਗੌਤਮ ਸੇਠ ਗੁੱਡੂ ਵੀ ਮੌਜੂਦ ਸਨ।
ਗੁਰੂ ਨਾਨਕ ਨਗਰ ਵਿਖੇ ਗਲੀਆਂ ਦੇ ਨਿਰਮਾਣ ਦੀ ਸ਼ੁਰੂਆਤ ਕਰਦਿਆਂ ਕੈਬਨਿਟ ਮੰਤਰੀ ਸ. ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਬਟਾਲਾ ਸ਼ਹਿਰ ਦੇ ਹਰ ਮੁਹੱਲੇ ਤੇ ਇਲਾਕੇ ਦਾ ਵਿਕਾਸ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸ਼ਹਿਰ ਵਿੱਚ ਵਿਕਾਸ ਦੇ ਕੁਝ ਕੰਮ ਸੀਵਰੇਜ ਕਰਕੇ ਰੁਕੇ ਹੋਏ ਸਨ ਅਤੇ ਜਿਨ੍ਹਾਂ ਇਲਾਕਿਆਂ ਵਿੱਚ ਸੀਵਰੇਜ ਤੇ ਜਲ ਸਪਲਾਈ ਦੀਆਂ ਲਾਈਨਾਂ ਪੈ ਗਈਆਂ ਹਨ ਓਥੇ ਹੁਣ ਜਲਦੀ ਹੀ ਨਵੀਂਆਂ ਗਲੀਆਂ ਤੇ ਸੜਕਾਂ ਬਣਾ ਦਿੱਤੀਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਗੁਰੂ ਨਾਨਕ ਨਗਰ ਇਲਾਕੇ ਵਿੱਚ 60 ਲੱਖ ਰੁਪਏ ਦੀ ਲਾਗਤ ਨਾਲ ਦੋ ਮੁੱਖ ਗਲੀਆਂ ਬਣਾਈਆਂ ਜਾ ਰਹੀਆਂ ਹਨ ਅਤੇ ਹੋਰ ਵੀ ਜੋ ਕੰਮ ਹਨ ਉਹ ਵੀ ਕੀਤੇ ਜਾਣਗੇ।
ਕੈਬਨਿਟ ਮੰਤਰੀ ਸ. ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਬਟਾਲਾ ਸ਼ਹਿਰ ਦੇ ਵਿਕਾਸ ਦਾ ਵਾਅਦਾ ਨਿਭਾਇਆ ਹੈ ਅਤੇ ਉਨ੍ਹਾਂ ਵੱਲੋਂ ਖੁੱਲੇ ਦਿਲ ਨਾਲ ਬਟਾਲਾ ਸ਼ਹਿਰ ਦੇ ਵਿਕਾਸ ਲਈ ਗ੍ਰਾਂਟਾਂ ਜਾਰੀ ਕੀਤੀਆਂ ਗਈਆਂ ਹਨ। ਸ. ਬਾਜਵਾ ਨੇ ਕਿਹਾ ਕਿ ਕੈਪਟਨ ਸਰਕਾਰ ਦੌਰਾਨ ਬਟਾਲਾ ਦਾ ਰਿਕਾਰਡ ਵਿਕਾਸ ਹੋ ਰਿਹਾ ਹੈ ਅਤੇ ਇਹ ਵਿਕਾਸ ਅੱਗੇ ਵੀ ਜਾਰੀ ਰਹੇਗਾ। ਉਨ੍ਹਾਂ ਕਿਹਾ ਕਿ ਆਉਂਦੇ ਦਿਨਾਂ ਵਿੱਚ ਬਟਾਲਾ ਸ਼ਹਿਰ ਦੇ ਵਿਕਾਸ ਲਈ ਹੋਰ ਲੋਕਪੱਖੀ ਪ੍ਰੋਜੈਕਟ ਵੀ ਸ਼ੁਰੂ ਕੀਤੇ ਜਾਣਗੇ।
ਇਸ ਮੌਕੇ ਮੇਅਰ ਸ. ਸੁਖਦੀਪ ਸਿੰਘ ਤੇਜਾ ਨੇ ਕੈਬਨਿਟ ਮੰਤਰੀ ਸ. ਤ੍ਰਿਪਤ ਰਜਿੰਦਰ ਸਿੰਘ ਬਾਜਵਾ ਦਾ ਬਟਾਲਾ ਸ਼ਹਿਰ ਦੇ ਵਿਕਾਸ ਵਿੱਚ ਪਾਏ ਜਾ ਰਹੇ ਯੋਗਦਾਨ ਲਈ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਕੈਬਨਿਟ ਮੰਤਰੀ ਸ. ਬਾਜਵਾ ਦੀ ਦੂਰ-ਅੰਦੇਸ਼ ਸੋਚ ਸਦਕਾ ਬਟਾਲਾ ਸ਼ਹਿਰ ਵਿੱਚ ਉਹ ਵਿਕਾਸ ਹੋ ਰਿਹਾ ਹੈ ਜੋ ਕਦੀ ਕਿਸੇ ਨੇ ਸੋਚਿਆ ਵੀ ਨਹੀਂ ਸੀ। ਉਨ੍ਹਾਂ ਕਿਹਾ ਕਿ ਸ. ਬਾਜਵਾ ਨੇ ਸ਼ਹਿਰ ਦਾ ਏਨਾਂ ਵਿਕਾਸ ਕਰਕੇ ਇੱਕ ਕੀਰਤੀਮਾਨ ਸਥਾਪਤ ਕਰ ਦਿੱਤਾ ਹੈ, ਜਿਸਨੂੰ ਬਟਾਲਾ ਵਾਸੀ ਹਮੇਸ਼ਾਂ ਯਾਦ ਰੱਖਣਗੇ।
ਇਸ ਮੌਕੇ ਕੌਂਸਲਰ ਸੁਖਦੇਵ ਸਿੰਘ ਬਾਜਵਾ, ਜ਼ਿਲ੍ਹਾ ਕਾਂਗਰਸ ਕਮੇਟੀ ਦੇ ਖਜ਼ਾਨਚੀ ਠੇਕੇਦਾਰ ਵਿੱਕੀ ਧਵਨ, ਅਸ਼ੋਕ ਕੁਮਾਰ, ਦਵਿੰਦਰ ਸਿੰਘ, ਹਰਪਾਲ ਸਿੰਘ ਬੈਸਟ ਟਾਇਲ ਵਾਲੇ, ਭੁਪਿੰਦਰ ਸਿੰਘ ਕਾਲੜਾ ਗਿਆਨੀ ਹੱਟੀ ਵਾਲੇ, ਇੰਦਰਪ੍ਰੀਤ ਸਿੰਘ ਕਾਲੜਾ ਤੇ ਹੋਰ ਮੋਹਤਬਰ ਹਾਜ਼ਰ ਸਨ।