ਡਿਪਟੀ ਕਮਿਸ਼ਨਰ ਦੀ ਅਪੀਲ ‘ਤੇ ਲੁਧਿਆਣਾ ਜਵੈਲਰਜ਼ ਐਸੋਸੀਏਸ਼ਨ ਨੇ ਆਪਣੇ 45 ਸਾਲ ਤੋਂ ਘੱਟ ਉਮਰ ਦੇ ਕਾਮਿਆਂ ਅਤੇ ਖਪਤਕਾਰਾਂ ਲਈ ਵੈਕਸੀਨ ਕੀਤੀ ਸਪਾਂਸਰ

ਵਿਧਾਇਕ ਅਤੇ ਡਿਪਟੀ ਕਮਿਸ਼ਨਰ ਵੱਲੋਂ ਸਤਲੁਜ ਕਲੱਬ ਵਿਖੇ ਟੀਕਾਕਰਨ ਕੈਂਪ ਦੀ ਸ਼ੁਰੂਆਤ, ਹੋਰਨਾਂ ਐਸੋਸੀਏਸ਼ਨਾਂ ਨੂੰ ਵੀ ਵੈਕਸੀਨ ਦਾਨ ਕਰਨ ਦੀ ਕੀਤੀ ਅਪੀਲ
ਲੁਧਿਆਣਾ, 5 ਜੂਨ 2021
ਡਿਪਟੀ ਕਮਿਸ਼ਨਰ ਵਰਿੰਦਰ ਕੁਮਾਰ ਸ਼ਰਮਾ ਦੀ ਅਪੀਲ ਨੂੰ ਭਰਵਾਂ ਹੁੰਗਾਰਾ ਦਿੰਦਿਆਂ ਲੁਧਿਆਣਾ ਜਵੈਲਰਜ਼ ਐਸੋਸੀਏਸ਼ਨ ਨੇ ਸ਼ਨੀਵਾਰ ਨੂੰ ਆਪਣੇ ਮੈਂਬਰਾਂ, ਵਰਕਰਾਂ ਅਤੇ ਖਪਤਕਾਰਾਂ ਲਈ ਵੈਕਸੀਨ ਸਪਾਂਸਰ ਕੀਤੀ ਅਤੇ ਸਥਾਨਕ ਸਤਲੁਜ ਕਲੱਬ ਵਿਖੇ ਟੀਕਾਕਰਨ ਕੈਂਪ ਵੀ ਲਗਾਇਆ।
18 ਤੋਂ 44 ਸਾਲ ਦੇ ਵਿਅਕਤੀਆਂ ਲਈ ਟੀਕਾਕਰਨ ਕੈਂਪ ਦੀ ਸ਼ੁਰੂਆਤ ਕਰਦਿਆਂ ਵਿਧਾਨ ਸਭਾ ਮੈਂਬਰ ਸੁਰਿੰਦਰ ਡਾਵਰ ਅਤੇ ਡਿਪਟੀ ਕਮਿਸ਼ਨਰ ਵਰਿੰਦਰ ਕੁਮਾਰ ਸ਼ਰਮਾ ਨੇ ਜਵੈਲਰ ਐਸੋਸੀਏਸ਼ਨ ਵੱਲੋਂ ਕੀਤੇ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਸ ਨਾਲ ਹੋਰ ਵਪਾਰਕ ਸੰਸਥਾਵਾਂ ਅਤੇ ਲੋਕਾਂ ਨੂੰ ਵੀ ਇਸ ਉਮਰ ਵਰਗ ਦੇ ਲੋੜਵੰਦ ਲੋਕਾਂ ਲਈ ਵੈਕਸੀਨ ਦਾਨ ਕਰਨ ਦੀ ਪ੍ਰੇਰਨਾ ਮਿਲੇਗੀ। ਇਸ ਮੌਕੇ ਉਨ੍ਹਾਂ ਨਾਲ ਵਧੀਕ ਡਿਪਟੀ ਕਮਿਸ਼ਨਰ ਸੰਦੀਪ ਕੁਮਾਰ ਵੀ ਮੌਜੂਦ ਸਨ।
ਉਨ੍ਹਾਂ ਕਿਹਾ ਕਿ 45 ਸਾਲ ਤੋਂ ਵੱਧ ਉਮਰ ਵਾਲੇ ਲੋਕਾਂ ਦਾ ਸਰਕਾਰੀ ਸਿਹਤ ਸੰਸਥਾਵਾਂ ਵਿੱਚ ਪਹਿਲਾਂ ਹੀ ਮੁਫ਼ਤ ਟੀਕਾਕਰਨ ਕੀਤਾ ਜਾ ਰਿਹਾ ਹੈ ਅਤੇ ਹੁਣ ਸਮੇਂ ਦੀ ਲੋੜ ਹੈ ਕਿ 45 ਸਾਲ ਤੋਂ ਘੱਟ ਉਮਰ ਦੇ ਲੋੜਵੰਦ ਲੋਕਾਂ ਲਈ ਵੈਕਸੀਨ ਸਪਾਂਸਰ ਕਰ ਕੇ ਉਨ੍ਹਾਂ ਦਾ ਸਾਥ ਦਿੱਤਾ ਜਾਵੇ, ਜੋ ਉਨ੍ਹਾਂ ਦੀਆਂ ਜ਼ਿੰਦਗੀਆਂ ਨੂੰ ਕੋਵਿਡ 19 ਦੀ ਸੰਭਾਵਿਤ ਤੀਜੀ ਲਹਿਰ ਤੋਂ ਬਚਾਏਗਾ ।
ਉਨ੍ਹਾਂ ਕਿਹਾ ਕਿ ਇਹ ਮਨੁੱਖਤਾ ਦੀ ਇਕ ਮਹਾਨ ਅਤੇ ਬੇਮਿਸਾਲ ਸੇਵਾ ਹੈ। ਉਨ੍ਹਾਂ ਹੋਰਨਾਂ ਮਾਰਕਿਟ, ਹੋਟਲ ਮਾਲਕਾਂ, ਰੈਸਟੋਰੈਂਟਾਂ, ਗਾਰਮੈਂਟ ਐਸੋਸੀਏਸ਼ਨਾਂ ਨੂੰ ਵੀ ਆਪਣੇ 18 ਤੋਂ 44 ਸਾਲ ਦੇ ਮੈਂਬਰਾਂ ਅਤੇ ਵਰਕਰਾਂ ਲਈ ਵੈਕਸੀਨ ਸਪਾਂਸਰ ਕਰਨ ਲਈ ਅੱਗੇ ਆਉਣ ਦੀ ਅਪੀਲ ਕੀਤੀ।
ਉਨ੍ਹਾਂ ਕਿਹਾ ਕਿ ਆਪਣੇ ਕਰਮਚਾਰੀਆਂ ਲਈ ਜੀਵਨ ਰੱਖਿਅਕ ਵੈਕਸੀਨ ਸਪਾਂਸਰ ਕਰ ਕੇ ਉਨ੍ਹਾਂ ਦੀ ਸਿਹਤ ਅਤੇ ਭਲਾਈ ਨੂੰ ਪਹਿਲ ਦੇਣ ਵਾਲੇ ਲੋਕਾਂ ਨੂੰ ਇਤਿਹਾਸ ਹਮੇਸ਼ਾ ਯਾਦ ਰੱਖੇਗਾ।
ਵਿਧਾਇਕ ਅਤੇ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਲੋਕਾਂ ਨੂੰ ਫਿਲਹਾਲ ਵੈਕਸੀਨ ਦੀ ਲੋੜ ਹੈ ਨਾ ਕਿ ਕੰਸਨਟਰੇਟਰਜ਼, ਮਾਸਕ, ਸੈਨੇਟਾਈਜ਼ਰ, ਆਕਸੀਜਨ ਸਿਲੰਡਰ ਦੀ ਕਿਉਂਕਿ ਸਥਿਤੀ ਹੁਣ ਆਮ ਵਰਗੀ ਹੁੰਦੀ ਜਾ ਰਹੀ ਹੈ। ਉਨ੍ਹਾਂ ਅੱਗੇ ਕਿਹਾ ਕਿ ਵੱਧ ਤੋਂ ਵੱਧ ਲੋਕਾਂ ਦੇ ਤੇਜ਼ੀ ਨਾਲ ਟੀਕਾਕਰਨ ਨਾਲ ਜਨ ਸਮੂਹ ਦੀ ਪ੍ਰਤੀਰੋਧੀ ਸ਼ਕਤੀ ਯਕੀਨੀ ਬਣੇਗੀ, ਜੋ ਇਸ ਲਹਿਰ ਨੂੰ ਰੋਕੇਗੀ।
ਉਨ੍ਹਾਂ ਵਿਸ਼ਵ ਵਾਤਾਵਰਣ ਦਿਵਸ ਮੌਕੇ ਕਲੱਬ ਵਿੱਚ ਬੂਟਾ ਵੀ ਲਗਾਇਆ।

Spread the love