ਜ਼ਹਿਰੀਲੀ ਸ਼ਰਾਬ ਨਾਲ ਉੱਜੜੇ ਘਰਾਂ ‘ਚ ਅਫ਼ਸੋਸ ਜਤਾਉਣ ਪਹੁੰਚੇ ‘ਆਪ’ ਵਿਧਾਇਕਾਂ ਨੇ ਕੈਪਟਨ ਸਰਕਾਰ ਨੂੰ ਕੋਸਿਆ
ਬਟਾਲਾ, 1 ਅਗਸਤ 2020
ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਸੀਨੀਅਰ ਆਗੂ ਅਤੇ ਕੋਟਕਪੂਰਾ ਤੋਂ ਵਿਧਾਇਕ ਕੁਲਤਾਰ ਸਿੰਘ ਸੰਧਵਾਂ ਅਤੇ ਗੜ੍ਹਸ਼ੰਕਰ ਤੋਂ ਵਿਧਾਇਕ ਜੈ ਕ੍ਰਿਸ਼ਨ ਸਿੰਘ ਰੋੜੀ ਨੇ ਜ਼ਹਿਰੀਲੀ ਸ਼ਰਾਬ ਨਾਲ ਹੋਈ ਭਿਆਨਕ ਤ੍ਰਾਸਦੀ ਲਈ ਕੈਪਟਨ ਅਮਰਿੰਦਰ ਸਿੰਘ ਸਰਕਾਰ ਦੇ ਭ੍ਰਿਸ਼ਟ ਕੁਸ਼ਾਸਨ ਅਤੇ ਸਰਕਾਰੀ ਸਰਪ੍ਰਸਤੀ ਹੇਠ ਧੜੱਲੇ ਨਾਲ ਚੱਲ ਰਹੇ ਸ਼ਰਾਬ ਮਾਫ਼ੀਆ ਨੂੰ ਜ਼ਿੰਮੇਵਾਰ ਠਹਿਰਾਇਆ।
ਸ਼ੁੱਕਰਵਾਰ ਨੂੰ ‘ਆਪ’ ਵਿਧਾਇਕ ਕੁਲਤਾਰ ਸਿੰਘ ਸੰਧਵਾਂ ਅਤੇ ਜੈ ਕ੍ਰਿਸ਼ਨ ਸਿੰਘ ਰੋੜੀ ਬਟਾਲਾ ਦੇ ਪੀੜਤ ਪਰਿਵਾਰਾਂ ਦੇ ਘਰ ਵਿਛੇ ਸੱਥਰਾਂ ‘ਤੇ ਅਫ਼ਸੋਸ ਕਰਨ ਲਈ ਪਹੁੰਚੇ ਸਨ।
ਇਸ ਉਪਰੰਤ ਮੀਡੀਆ ਨੂੰ ਪ੍ਰਤੀਕਿਰਿਆ ਦਿੰਦੇ ਹੋਏ ਕੁਲਤਾਰ ਸਿੰਘ ਸੰਧਵਾਂ ਅਤੇ ਜੈ ਕ੍ਰਿਸ਼ਨ ਸਿੰਘ ਰੋੜੀ ਨੇ ਕਿਹਾ ਕਿ ਸੂਬੇ ‘ਚ ਕਾਨੂੰਨ ਵਿਵਸਥਾ ਨਾਂ ਦੀ ਕੋਈ ਚੀਜ਼ ਨਹੀਂ ਹੈ। ਚਹੁੰ ਪਾਸੀ ਜੰਗਲਰਾਜ ਕਾਰਨ ਇਨ੍ਹਾਂ ਹੱਸਦੇ-ਵੱਸਦੇ ਘਰਾਂ ‘ਚ ਸੱਥਰ ਵਿਛੇ ਹਨ। ਇਸ ਸਿਰਫ਼ ਸਥਾਨਕ ਕਾਂਗਰਸੀ ਚੌਧਰੀ ਅਤੇ ਪੁਲਸ ਪ੍ਰਸ਼ਾਸਨ ਹੀ ਨਹੀਂ ਮੁੱਖ ਮੰਤਰੀ ਪੰਜਾਬ ਦਾ ਦਫ਼ਤਰ ਸਭ ਤੋਂ ਵੱਧ ਜ਼ਿੰਮੇਵਾਰ ਹੈ।
‘ਆਪ’ ਵਿਧਾਇਕਾਂ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਤੁਰੰਤ ਅਸਤੀਫ਼ਾ ਦੇਣ ਦੀ ਮੰਗ ਕਰਦਿਆਂ ਕਿਹਾ ਕਿ ਜਦੋਂ ਮੋਤੀਆਂ ਵਾਲੀ ਸਰਕਾਰ ਨੇ ਖ਼ੁਦ ਨੂੰ ‘ਸ਼ਾਹੀ ਫਾਰਮ ਹਾਊਸ’ ਤੱਕ ਸੀਮਤ ਕਰਕੇ ਬੇਲਗ਼ਾਮ ਕਾਂਗਰਸੀ ਚੌਧਰੀਆਂ ਨੂੰ ਪੁਲਿਸ ਥਾਣੇ ‘ਠੇਕੇ’ ‘ਤੇ ਚੜ੍ਹਾਉਣ ਦੀ ਖੁੱਲ ਦੇ ਰੱਖੀ ਹੋਵੇ ਤਾਂ ਪੰਜਾਬ ਦੀ ਅਜਿਹੀ ਤ੍ਰਾਸਦੀ ਨੂੰ ਕੌਣ ਰੋਕ ਸਕਦਾ ਹੈ।
ਕੁਲਤਾਰ ਸਿੰਘ ਸੰਧਵਾਂ ਅਤੇ ਜੈ ਕ੍ਰਿਸ਼ਨ ਸਿੰਘ ਰੋੜੀ ਨੇ ਅੰਮ੍ਰਿਤਸਰ, ਤਰਨਤਾਰਨ ਅਤੇ ਬਟਾਲਾ (ਗੁਰਦਾਸਪੁਰ) ਜ਼ਿਲਿਆਂ ‘ਚ ਹੋਈ ਇਸ ਭਿਆਨਕ ਤ੍ਰਾਸਦੀ ਦੀ ਮਾਨਯੋਗ ਹਾਈਕੋਰਟ ਦੇ ਸੀਟਿੰਗ ਜੱਜ ਦੀ ਨਿਗਰਾਨੀ ਹੇਠ ਉੱਚ ਪੱਧਰੀ ਅਤੇ ਸਮਾਂਬੱਧ ਜਾਂਚ ਦੀ ਮੰਗ ਦੇ ਨਾਲ-ਨਾਲ ਹਰੇਕ ਮ੍ਰਿਤਕ ਦੇ ਪਰਿਵਾਰ ਨੂੰ 20-20 ਲੱਖ ਰੁਪਏ ਦਾ ਮੁਆਵਜ਼ਾ ਅਤੇ ਪਰਿਵਾਰ ਦੇ ਇੱਕ ਯੋਗ ਮੈਂਬਰ ਨੂੰ ਸਰਕਾਰੀ ਨੌਕਰੀ ਦੀ ਮੰਗ ਕੀਤੀ।
ਇਸ ਦੇ ਨਾਲ ਹੀ ‘ਆਪ’ ਦੇ ਵਿਧਾਇਕਾਂ ਨੇ ਦੋਸ਼ੀਆਂ ਖ਼ਿਲਾਫ਼ ‘ਕਤਲ’ ਦੇ ਮੁਕੱਦਮੇ ਦਰਜ ਕਰਨ ਦੀ ਮੰਗ ਕੀਤੀ ਤਾਂ ਕਿ ਸਿਆਸੀ ਲੋਕਾਂ-ਅਫ਼ਸਰਾਂ ਅਤੇ ਦਲਾਲਾਂ ਦੀ ਮਿਲੀਭੁਗਤ ਨਾਲ ਚੱਲ ਰਹੇ ਸ਼ਰਾਬ ਮਾਫ਼ੀਆ ਨੂੰ ਸਖ਼ਤ ਸੰਦੇਸ਼ ਦਿੱਤਾ ਜਾ ਸਕੇ।