ਕਿਹਾ, ਜ਼ਮੀਨੀ ਪੱਧਰ ’ਤੇ ਪਹੁੰਚਾਇਆ ਜਾ ਰਿਹੈ ਭਲਾਈ ਸਕੀਮਾਂ ਦਾ ਲਾਭ
ਬਰਨਾਲਾ, 11 ਜੂਨ 2021
ਜ਼ਿਲਾ ਬਰਨਾਲਾ ਵਿੱਚ ਲੋੜਵੰਦ ਯੋਗ ਲੋਕਾਂ ਨੂੰ ਭਲਾਈ ਸਕੀਮਾਂ ਦਾ ਲਾਭ ਜ਼ਮੀਨੀ ਪੱਧਰ ’ਤੇ ਮੁਹੱਈਆ ਕਰਾਇਆ ਜਾ ਰਿਹਾ ਹੈ। ਇਸ ਉਦੇਸ਼ ਤਹਿਤ ਵਿੱਤੀ ਸਾਲ 2021-22 ਲਈ 42,46,900 ਰੁਪਏ ਦੀ ਪ੍ਰਵਾਨਗੀ ਦੇ ਕੇ ਲਾਭਪਾਤਰੀਆਂ ਨੂੰ ਪੈਨਸ਼ਨ ਮੁਹੱਈਆ ਕਰਾਈ ਗਈ ਹੈ।
ਇਹ ਜਾਣਕਾਰੀ ਦਿੰਦੇ ਹੋਏ ਜ਼ਿਲਾ ਯੋਜਨਾ ਬੋਰਡ ਦੇ ਚੇਅਰਮੈਨ ਸ. ਕਰਨ ਢਿੱਲੋਂ ਨੇ ਦੱਸਿਆ ਕਿ ਸਰਕਾਰ ਦੀਆਂ ਸਕੀਮਾਂ ਤਹਿਤ ਬੁਢਾਪਾ ਪੈਨਸ਼ਨ, ਵਿਧਵਾ ਪੈਨਸ਼ਨ ਤੇ ਅਪੰਗ ਪੈਨਸ਼ਨ ਜਿਹੇ ਲਾਭ ਲੋੜਵੰਦਾਂ ਨੂੰ ਸਮੇਂ ਸਮੇਂ ’ਤੇ ਮੁਹੱਈਆ ਕਰਾਏ ਜਾ ਰਹੇ ਹਨ ਤਾਂ ਜੋ ਉਨਾਂ ਨੂੰ ਆਰਥਿਕ ਤੌਰ ’ਤੇ ਮਦਦ ਦਿੱਤੀ ਜਾ ਸਕੇ। ਇਸੇ ਤਹਿਤ ਇੰਦਰਾ ਗਾਂਧੀ ਨੈਸ਼ਨਲ ਬੁਢਾਪਾ ਪੈਨਸ਼ਨ ਸਕੀਮ ਤਹਿਤ (ਮਹੀਨਾ ਜਨਵਰੀ ਤੋਂ ਮਾਰਚ 2021 ਤੱਕ) ਜਨਰਲ ਵਰਗ ਦੇ 2745 ਅਤੇ ਐਸਸੀ ਵਰਗ ਦੇ 1826 ਲਾਭਪਾਤਰੀਆਂ ਨੂੰ (80 ਸਾਲ ਤੋਂ ਹੇਠਾਂ ਉਮਰ ਵਰਗ) 200 ਰੁਪਏ ਪ੍ਰਤੀ ਮਹੀਨਾ ਦੇ ਹਿਸਾਬ ਨਾਲ ਕਰੀਬ 27 ਲੱਖ ਰੁਪਏ ਪੈਨਸ਼ਨ ਵਜੋਂ ਮੁਹੱਈਆ ਕਰਾਏ ਗਏ ਹਨ। 80 ਸਾਲ ਤੋਂ ਉਪਰ ਵਾਲੇ 397 ਜਨਰਲ ਵਰਗ ਦੇ ਲਾਭਪਾਤਰੀਆਂ ਨੂੰ 500 ਰੁਪਏ ਪ੍ਰਤੀ ਮਹੀਨਾ ਦੇ ਹਿਸਾਬ ਨਾਲ 3.97 ਲੱਖ ਰੁਪਏ ਤੇ ਐਸਸੀ ਵਰਗ ਦੇ 302 ਲਾਭਪਾਤਰੀਆਂ ਨੂੰ 4.53 ਲੱਖ ਰੁਪਏ ਪੈਨਸ਼ਨ ਵਜੋਂ ਮੁੁਹੱਈਆ ਕਰਾਏ ਹਨ।
ਇਸੇ ਤਰਾਂ ਇੰਦਰਾ ਗਾਂਧੀ ਨੈਸ਼ਨਲ ਵਿਧਵਾ ਪੈਨਸ਼ਨ ਸਕੀਮ ਤਹਿਤ 80 ਸਾਲ ਤੋਂ ਹੇਠਾਂ ਉਮਰ ਵਰਗ ਦੇ ਲਾਭਪਾਤਰੀਆਂ ਨੂੰ 300 ਰੁਪਏ ਪ੍ਰਤੀ ਮਹੀਨਾ ਵਜੋਂ (ਜਨਵਰੀ ਤੋਂ ਮਾਰਚ 2021) ਜਨਰਲ ਸ਼੍ਰੇਣੀ ਦੀਆਂ 399 ਲਾਭਪਾਤਰੀਆਂ ਅਤੇ ਐਸਸੀ ਸ਼੍ਰੇਣੀ ਦੇ 243 ਲਾਭਪਾਤਰੀਆਂ ਨੂੰ 5.77 ਲੱਖ ਰੁਪਏ ਪੈਨਸ਼ਨ ਵਜੋਂ ਮੁਹੱਈਆ ਕਰਾਏ ਗਏ ਹਨ। 80 ਸਾਲ ਤੋਂ ਵੱਧ ਉਮਰ ਵਰਗ ਦੇ 7 ਜਨਰਲ ਸ਼੍ਰੇਣੀ ਅਤੇ 6 ਐਸਸੀ ਵਰਗ ਦੇ ਲਾਭਪਾਤਰੀਆਂ ਨੂੰ 500 ਰੁਪਏ ਪ੍ਰਤੀ ਮਹੀਨਾ ਵਜੋਂ 19,500 ਰੁਪਏ ਪੈਨਸ਼ਨ ਮੁਹੱਈਆ ਕਰਾਈ ਗਈ ਹੈ।
ਇਸੇ ਤਰਾਂ ਇੰਦਰਾ ਗਾਂਧੀ ਨੈਸ਼ਨਲ ਅਪੰਗ ਪੈਨਸ਼ਨ ਸਕੀਮ ਤਹਿਤ 57 ਹਜ਼ਾਰ ਰੁਪਏ ਦੀ ਰਾਸ਼ੀ 60 ਲਾਭਪਾਤਰੀਆਂ ਨੂੰ ਮੁਹੱਈਆ ਕਰਾਈ ਗਈ ਹੈ। ਇਹ ਰਾਸ਼ੀ ਜਨਰਲ ਵਰਗ ਦੇ 32 ਲਾਭਪਾਤਰੀਆਂ ਅਤੇ ਐਸਸੀ ਵਰਗ ਦੇ 28 ਲਾਭਪਾਤਰੀਆਂ ਨੂੰ ਮੁਹੱਈਆ ਕਰਾਈ ਗਈ ਹੈ।