ਕਰੋਨਾ ਵੈਕਸੀਨ ਦੀ ਦੂਜੀ ਡੋਜ਼ 28 ਦਿਨ ਬਾਅਦ ਤੇ 84 ਦਿਨ ਤੋਂ ਪਹਿਲਾ ਲਗਵਾਉਣ ਸਬੰਧੀ ਆਗਿਆਂ ਦੇਣ ਲਈ ਵੱਖ ਵੱਖ ਅਧਿਕਾਰੀ ਅਤੇ ਸਥਾਨਕ ਸਰਕਾਰਾਂ ਦੇ ਚੁਣੇ ਹੋਏ ਨੁਮਾਇੰਦੇ ਸਮਰੱਥ ਅਥਾਰਟੀ

ਐਸ.ਏ.ਐਸ ਨਗਰ, 11 ਜੂਨ 2021
ਵਿਦੇਸ਼ਾਂ ਵਿੱਚ ਪੜ੍ਹਾਈ ਲਈ ਜਾਣ ਵਾਲੇ ਵਿਦਿਆਰਥੀਆਂ, ਵਿਦੇਸ਼ਾਂ ਵਿੱਚ ਨੌਕਰੀ ਲਈ ਜਾਣ ਵਾਲੇ ਵਿਅਕਤੀਆਂ ਅਤੇ ਟੋਕੀਓ ਓਲੰਪਿਕਸ ਲਈ ਜਾਣ ਵਾਲੇ ਖਿਡਾਰੀਆਂ ਅਤੇ ਸਹਾਇਕ ਸਟਾਫ਼ ਨੂੰ ਕਰੋਨਾ ਵੈਕਸੀਨ ਦੀ ਦੂਜੀ ਡੋਜ਼ ਪਹਿਲੀ ਡੋਜ਼ ਲੱਗਣ ਤੋਂ 28 ਦਿਨ ਬਾਅਦ ਅਤੇ 84 ਦਿਨ ਤੋਂ ਪਹਿਲਾ ਲਾਈ ਜਾ ਸਕਦੀ ਹੈ । ਸਿਹਤ ਤੇ ਪਰਿਵਾਰ ਭਲਾਈ ਵਿਭਾਗ ਦੀਆਂ ਹਦਾਇਤਾਂ ਮੁਤਾਬਿਕ ਅਜਿਹਾ ਕਰਨ ਲਈ ਆਗਿਆ ਦੇਣ ਸਬੰਧੀ ਜ਼ਿਲ੍ਹਾ ਪ੍ਰਸ਼ਾਸਨ ਵੱਲੋ ਸਮਰੱਥ ਅਥਾਰਟੀ ਨੂੰ ਥਾਪਣਾ ਲਾਜ਼ਮੀ ਹੈ, ਜਿਸ ਦੇ ਮੱਦੇਨਜ਼ਰ ਐਸ.ਡੀ ਐਮਜ਼, ਸਰਕਲ ਮਾਲ ਅਫਸਰ, ਬੀ.ਡੀ.ਪੀ.ਓ ਕਾਰਜ ਸਾਧਕ ਅਫਸਰ, ਲੇਬਰ ਇੰਸਪੈਕਟਰ, ਏ.ਈ.ਟੀ.ਸੀ / ਈ.ਟੀ.ਓ/ ਐਕਸਾਈਜ਼ ਇੰਸਪੈਕਟਰ, ਐਸ.ਐਚ.ਓ, ਆਰ.ਐਮ.ਓ ਅਤੇ ਸਥਾਨਕ ਸਰਕਾਰਾਂ ਦੇ ਚੁਣੇ ਹੋਏ ਨੁਮਾਇੰਦਿਆਂ ਨੂੰ ਇਸ ਸਬੰਧੀ ਸਮਰੱਥ ਅਥਾਰਟੀ ਥਾਪਿਆ ਗਿਆ ਹੈ ।
ਇਹ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸ਼੍ਰੀ ਗਿਰੀਸ਼ ਦਿਆਲਨ ਨੇ ਦੱਸਿਆ ਕਿ ਸਮਰੱਥ ਅਥਾਰਟੀ ਵੱਲੋਂ ਇਹ ਯਕੀਨੀ ਬਣਾਇਆ ਜਾਵੇ ਕਿ ਆਗਿਆ ਲੈਣ ਲਈ ਆਏ ਵਿਅਕਤੀ ਦੇ ਪਹਿਲੀ ਡੋਜ਼ ਲੱਗੀ ਨੂੰ 28 ਦਿਨ ਹੋ ਚੁੱਕੇ ਹੋਣ ਅਤੇ ਇਸ ਦੇ ਨਾਲ ਨਾਲ ਦਸਤਾਵੇਜ਼ਾਂ ਦੇ ਅਧਾਰ ਉੱਤੇ ਵਿਦੇਸ਼ ਜਾਣ ਦੇ ਮਕਸਦ ਦੀ ਵੀ ਜਾਂਚ ਕੀਤੀ ਜਾਵੇ । ਇਨ੍ਹਾਂ ਦਸਤਾਵੇਜਾ ਵਿੱਚ ਵਿਦੇਸ਼ਾਂ ਵਿੱਚ ਪੜ੍ਹਾਈ ਸਬੰਧੀ ਦਾਖਲੇ ਦੇ ਕਾਗਜ਼ਾਤ ਜਾਂ ਹੋਰ ਪੱਤਰ, ਉਹ ਦਸਤਾਵੇਜ਼ ਜਿਨ੍ਹਾਂ ਤੋਂ ਇਹ ਪਤਾ ਲੱਗਦਾ ਹੋਵੇ ਕਿ ਸਬੰਧਿਤ ਵਿਅਕਤੀ ਵਿਦੇਸ਼ੀ ਸੰਸਥਾ ਵਿੱਚ ਪੜ੍ਹਾਈ ਕਰ ਰਿਹਾ ਹੈ ਅਤੇ ਉਸ ਨੇ ਆਪਣੀ ਪੜ੍ਹਾਈ ਲਈ ਮੁੜ ਵਿਦੇਸ਼ ਜਾਣਾ ਹੈ, ਨੌਕਰੀ ਲਈ ਇੰਟਰਵਿਊ ਜਾਂ ਰੁਜ਼ਗਾਰ ਸਬੰਧੀ ਆਫਰ ਲੈਟਰ ਅਤੇ ਟੋਕੀਓ ਓਲੰਪਿਕ ਵਿੱਚ ਹਿੱਸਾ ਲੈਣ ਸਬੰਧੀ ਨਾਮਜ਼ਦਗੀ ਦਸਤਾਵੇਜ਼ ਸ਼ਾਮਲ ਹਨ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਹ ਸਹੂਲਤ 31 ਅਗਸਤ 2021 ਤੱਕ ਉਨ੍ਹਾਂ ਨੂੰ ਹੀ ਦਿੱਤੀ ਜਾਵੇਗੀ, ਜਿਨ੍ਹਾਂ ਨੇ ਉਪਰੋਕਤ ਮਕਸਦਾਂ ਲਈ ਵਿਦੇਸ਼ ਜਾਣਾ ਹੈ ।

 

Spread the love