‘ਦਸਵੰਧ ਫਾਊਂਡੇਸ਼ਨ’ ਵੱਲੋਂ ਜ਼ਿਲਾ ਪ੍ਰਸ਼ਾਸਨ ਬਰਨਾਲਾ ਨੂੰ ਆਕਸੀਜਨ ਕੰਸਨਟ੍ਰੇਟਰ ਭੇਟ

ਡਿਪਟੀ ਕਮਿਸ਼ਨਰ ਵੱਲੋਂ ਸਮਾਜਸੇਵੀ ਸੰਸਥਾ ਦੇ ਉਪਰਾਲਿਆਂ ਦੀ ਸ਼ਲਾਘਾ
ਬਰਨਾਲਾ, 15 ਜੂਨ 2021
ਆਸਟਰੇਲੀਆ ਰਹਿੰਦੇ ਪੰਜਾਬੀ ਨੌਜਵਾਨਾਂ ਵੱਲੋਂ ਬਣਾਈ ‘ਦਸਵੰਧ ਫਾਊਂਡੇਸ਼ਨ’ ਵੱਲੋਂ ਜ਼ਿਲਾ ਪ੍ਰਸ਼ਾਸਨ ਬਰਨਾਲਾ ਨੂੰ ਕਰੋਨਾ ਮਰੀਜ਼ਾਂ ਲਈ ਪੰਜ ਲੱਖ ਰੁਪਏ ਕੀਮਤ ਦੇ 5 ਆਕਸੀਜਨ ਕੰਸਨਟੇ੍ਰਟਰ ਦਾਨ ਕੀਤੇ ਗਏ। ਇਸ ਮੌਕੇ ਡਿਪਟੀ ਕਮਿਸ਼ਨਰ ਬਰਨਾਲਾ ਸ. ਤੇਜ ਪ੍ਰਤਾਪ ਸਿੰਘ ਫੂਲਕਾ ਨੇ ਐਨਜੀਓ ਦਸਵੰਧ ਫਾਊਂਡੇਸ਼ਨ ਦੇ ਉਪਰਾਲਿਆਂ ਦੀ ਸ਼ਲਾਘਾ ਕੀਤੀ।
ਡਿਪਟੀ ਕਮਿਸ਼ਨਰ ਸ. ਫੂਲਕਾ ਨੇ ਕਿਹਾ ਕਿ ਅਜਿਹੇ ਭਲਾਈ ਕਾਰਜ ਕਰੋਨਾ ਪੀੜਤ ਮਰੀਜ਼ਾਂ ਲਈ ਵਰਦਾਨ ਸਾਬਿਤ ਹੋਣਗੇ। ਉਨਾਂ ਫਾਊਂਡੇਸ਼ਨ ਚਲਾਉਣ ਵਾਲੇ ਨੌਜਵਾਨਾਂ ਰਾਜਵਿੰਦਰ ਸਿੰਘ ਬਾਵਾ ਅਤੇ ਗੁਰਜੰਟ ਸਿੰਘ ਸੰਘਾ (ਪਰਥ, ਆਸਟਰੇਲੀਆ) ਦੀ ਸ਼ਲਾਘਾ ਕੀਤੀ, ਜੋ ਅਜਿਹੀ ਔਖੀ ਘੜੀ ਵਿਚ ਮਸੀਹਾ ਬਣੇ ਹੋਏ ਹਨ। ਉਨਾਂ ਦੱਸਿਆ ਕਿ ਇਸ ਤੋਂ ਪਹਿਲਾਂ ਵੀ ਬਰੇਵਹਾਰਟਜ਼ ਸੰਸਥਾ ਅਤੇ ਟ੍ਰਾਈਡੈਂਟ ਗਰੁੱਪ ਵੱਲੋਂ ਆਕਸੀਜਨ ਕੰਸਨਟੇ੍ਰਟਰ ਜ਼ਿਲਾ ਪ੍ਰਸ਼ਾਸਨ ਨੂੰ ਦਾਨ ਕੀਤੇ ਗਏ ਹਨ ਤੇ ਜਿਸ ਸਦਕਾ ਜ਼ਿਲਾ ਰੈੱਡ ਕ੍ਰਾਸ ਸੁਸਾਇਟੀ ਬਰਨਾਲਾ ਵੱਲੋਂ ਆਕਸੀਜਨ ਕੰਸਨਟ੍ਰੇਟਰ ਬੈਂਕ ਸਥਾਪਿਤ ਕੀਤਾ ਗਿਆ ਹੈ। ਇਸ ਆਕਸੀਜਨ ਕੰਸਨਟ੍ਰੇਟਰ ਬੈਂਕ ਰਾਹੀਂ ਲੋੜਵੰਦਾਂ ਨੂੰ ਕੰਸਨਟ੍ਰੇਟਰ ਦਿੱਤੇ ਜਾ ਰਹੇ ਹਨ।
ਇਸ ਮੌਕੇ ਜ਼ਿਲਾ ਮਾਲ ਅਫਸਰ ਗਗਨਦੀਪ ਸਿੰਘ, ਮੋਗਾ ਤੋਂ ਰਮਨੀਕ ਸੂਦ, ਬੀ ਕੇ ਸਿੰਘ, ਗੁਰਜਿੰਦਰ ਸਿੰਘ ਸਿੱਧੂ ਤੇ ਹੋਰ ਹਾਜ਼ਰ ਸਨ।

Spread the love