ਆਰਸੇਟੀ ਨੇ 25 ਬੈਚਾਂ ਰਾਹੀਂ 675 ਨੌਜਵਾਨਾਂ ਨੂੰ ਦਿੱਤੀ ਸਿਖਲਾਈ, 173 ਨੂੰ ਬੈਂਕ ਰਾਹੀਂ ਵਿੱਤੀ ਸਹਾਇਤਾ ਕੀਤੀ ਪ੍ਰਦਾਨ, 480 ਉਮੀਦਵਾਰ ਨੇ ਸ਼ੁਰੂ ਕੀਤਾ ਸਵੈ ਰੋਜ਼ਗਾਰ

ਆਰਸੇਟੀ ਦੀ ਐਡਵਾਈਜ਼ਰੀ ਕਮੇਟੀ ਦੀ ਹੋਈ ਮੀਟਿੰਗ
ਆਰਸੇਟੀ ਵੱਲੋਂ ਇੱਕ ਸਾਲ ‘ਚ 41 ਉਦਮੀ ਜਾਗਰੂਕਤਾ ਪ੍ਰੋਗਰਾਮ ਲਗਾਏ ਗਏ
ਪਿੰਡਾਂ ਦੇ ਨੌਜਵਾਨਾਂ ਨੂੰ ਸਵੈ ਰੋਜ਼ਗਾਰ ਦੇ ਮੌਕੇ ਪ੍ਰਦਾਨ ਕਰਨ ‘ਚ ਆਰਸੇਟੀ ਦਾ ਅਹਿਮ ਯੋਗਦਾਨ : ਡਾ. ਪ੍ਰੀਤੀ ਯਾਦਵ
ਪਟਿਆਲਾ, 15 ਜੂਨ 2021
ਪਟਿਆਲਾ ਦੇ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਡਾ. ਪ੍ਰੀਤੀ ਯਾਦਵ ਦੀ ਪ੍ਰਧਾਨਗੀ ਹੇਠ ਜ਼ਿਲ੍ਹਾ ਆਰਸੇਟੀ ਐਡਵਾਈਜ਼ਰੀ ਕਮੇਟੀ ਦੀ ਮੀਟਿੰਗ ਦੌਰਾਨ ਪਿੰਡਾਂ ਦੇ ਨੌਜਵਾਨਾਂ ਨੂੰ ਕੌਸ਼ਲ ਵਿਕਾਸ ਸਿਖਲਾਈ ਦੁਆਰਾ ਕਿੱਤਾ ਮੁਖੀ ਕੋਰਸਾਂ ਰਾਹੀਂ ਰੋਜ਼ਗਾਰ ਦੇ ਯੋਗ ਬਣਾਉਣ ‘ਤੇ ਜ਼ੋਰ ਦਿੱਤਾ ਗਿਆ।
ਪੇਂਡੂ ਸਵੈ ਰੁਜ਼ਗਾਰ ਸਿਖਲਾਈ ਸੰਸਥਾ (ਆਰਸੇਟੀ) ਪਟਿਆਲਾ ਦੇ ਕੰਮ ਦਾ ਜਾਇਜ਼ਾ ਲੈਣ ਲਈ ਆਯੋਜਿਤ ਕੀਤੀ ਗਈ ਮੀਟਿੰਗ ‘ਚ ਸਾਲ 2020-21 ਲਈ ਆਰਸੇਟੀ, ਪਟਿਆਲਾ ਦੀ ਸਾਲਾਨਾ ਗਤੀਵਿਧੀ ਰਿਪੋਰਟ ਵੀ ਵਧੀਕ ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਅਤੇ ਭਾਰਤੀ ਸਟੇਟ ਬੈਂਕ ਪਟਿਆਲਾ ਦੇ ਖੇਤਰੀ ਪ੍ਰਬੰਧਕ ਸ਼੍ਰੀ ਯੂ.ਐਸ ਗੁਪਤਾ ਨੇ ਸਾਂਝੇ ਤੌਰ ‘ਤੇ ਜਾਰੀ ਕੀਤੀ।
ਇਸ ਮੌਕੇ ਜ਼ਿਲ੍ਹਾ ਆਰਸੇਟੀ ਐਡਵਾਈਜ਼ਰੀ ਕਮੇਟੀ ਪਟਿਆਲਾ ਦੇ ਚੇਅਰਪਰਸਨ ਡਾ. ਪ੍ਰੀਤੀ ਯਾਦਵ ਨੇ ਕਿਹਾ ਕਿ ਪੇਂਡੂ ਸਵੈ ਰੁਜ਼ਗਾਰ ਸਿਖਲਾਈ ਸੰਸਥਾ (ਆਰਸੇਟੀ) ਪਟਿਆਲਾ ਦਾ ਮੁੱਖ ਉਦੇਸ਼ ਪਿੰਡਾਂ ਦੇ ਨੌਜਵਾਨਾਂ ਦਾ ਸਹੀ ਮਾਰਗਦਰਸ਼ਨ ਕਰਨਾ ਹੈ, ਜੋ ਰਾਸ਼ਟਰ ਨਿਰਮਾਣ ਲਈ ਮਹੱਤਵਪੂਰਨ ਹੈ। ਉਨ੍ਹਾਂ ਕਿਹਾ ਕਿ ਆਰਸੇਟੀ, ਕੌਸ਼ਲ ਵਿਕਾਸ ਸਿਖਲਾਈਆਂ ਦੁਆਰਾ ਪਿੰਡਾਂ ਦੇ ਨੌਜਵਾਨਾਂ ਦੀ ਮਾਨਸਿਕਤਾ ਨੂੰ ਸਕਾਰਾਤਮਕ ਤੌਰ ‘ਤੇ ਪ੍ਰਭਾਵਤ ਕਰਨ ਵਿੱਚ ਕਾਮਯਾਬ ਹੋਈ ਹੈ। ਉਨ੍ਹਾਂ ਕਿਹਾ ਕਿ ਸਵੈ ਰੋਜ਼ਗਾਰ ਦੇ ਮੌਕੇ ਪੈਦਾ ਕਰਨ ਦੇ ਉਦੇਸ਼ ਨਾਲ ਸਾਲ 2009 ‘ਚ ਸਥਾਪਤ ਕੀਤੀ ਆਰਸੇਟੀ ਨੇ ਨੌਜਵਾਨਾਂ ਨੂੰ ਸਵੈ ਰੋਜ਼ਗਾਰ ਵੱਲ ਉਤਸ਼ਾਹਤ ਕਰਨ ‘ਚ ਅਹਿਮ ਭੂਮਿਕਾ ਨਿਭਾਈ ਹੈ। ਉਨ੍ਹਾਂ ਦੱਸਿਆ ਕਿ ਪਟਿਆਲਾ ਜ਼ਿਲ੍ਹੇ ਦੇ ਵੱਖ-ਵੱਖ ਪਿੰਡਾਂ ‘ਚ ਉਦਮੀ ਜਾਗਰੂਕਤਾ ਪ੍ਰੋਗਰਾਮ (ਈ.ਏ.ਪੀ.) ਵੀ ਕਰਵਾਏ ਜਾ ਰਹੇ ਹਨ।
ਮੀਟਿੰਗ ਦੌਰਾਨ ਜਾਣਕਾਰੀ ਦਿੰਦਿਆ ਐਸ.ਬੀ.ਆਈ ਦੇ ਖੇਤਰੀ ਮੈਨੇਜਰ ਸ਼੍ਰੀ ਯੂ.ਐਸ. ਗੁਪਤਾ ਨੇ ਦੱਸਿਆ ਕਿ ਆਰਸੇਟੀ, ਪਟਿਆਲਾ ਰੋਜ਼ਗਾਰ ਪੈਦਾ ਕਰਨ ਲਈ ਸ਼ਾਨਦਾਰ ਕੰਮ ਕਰ ਰਿਹਾ ਹੈ। ਜਿਸ ਨੇ 01.04.2020 ਤੋਂ 31.03.2021 ਤੱਕ 41 ਉਦਮੀ ਜਾਗਰੂਕਤਾ ਪ੍ਰੋਗਰਾਮ (ਈ.ਏ.ਪੀ.) ਲਗਾਏ ਗਏ ਹਨ। ਸ੍ਰੀ ਗੁਪਤਾ ਨੇ ਦੱਸਿਆ ਕਿ ਸਾਲ 2020-21 ਦੌਰਾਨ, ਅਸੀਂ 675 ਉਮੀਦਵਾਰਾਂ ਅਤੇ 25 ਬੈਂਚਾਂ ਰਾਹੀਂ ਉਮੀਦਵਾਰਾਂ ਨੂੰ ਸਿਖਲਾਈ ਦਿੱਤੀ ਹੈ। ਉਨ੍ਹਾਂ ਨੇ ਦੱਸਿਆ ਕਿ 01.04.2020 ਤੋਂ 31.03.2021 ਤੱਕ, 173 ਉਮੀਦਵਾਰਾਂ ਨੂੰ ਬੈਂਕ ਵਿੱਤ ਪ੍ਰਦਾਨ ਕੀਤਾ ਗਿਆ ਹੈ ਅਤੇ 480 ਉਮੀਦਵਾਰਾਂ ਨੇ ਸਵੈ ਰੋਜ਼ਗਾਰ ਸ਼ੁਰੂ ਕੀਤਾ ਹੈ।
ਇਸ ਮੌਕੇ ਆਰਸੇਟੀ ਦੇ ਰਾਜੀਵ ਸਰਹਿੰਦੀ ਨੇ ਕਿਹਾ ਕਿ ਜ਼ਿਲ੍ਹੇ ਦੇ ਆਈਟੀਆਈ ਪ੍ਰਿੰਸੀਪਲਾਂ ਅਤੇ ਪਲੇਸਮੈਂਟ ਅਧਿਕਾਰੀਆਂ ਨਾਲ ਮੀਟਿੰਗਾਂ ਵੀ ਕੀਤੀਆਂ ਹਨ। ਉਨ੍ਹਾਂ ਦੱਸਿਆ ਕਿ 31.03.2021 ਤੱਕ, ਵੱਖ-ਵੱਖ ਗਤੀਵਿਧੀਆਂ ਵਿਚ 5206 ਸਿਖਿਆਰਥੀਆਂ ਨੂੰ ਸਿਖਲਾਈ ਦੇ ਕੇ 212 ਬੈਚ ਮੁਕੰਮਲ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਆਰਸੇਟੀ ਪਟਿਆਲਾ ਦਾ ਸਮੁੱਚਾ ਸੈਟਲਮੇਂਟ ਅਨੁਪਾਤ 73.35 ਫ਼ੀਸਦੀ ਹੈ ਅਤੇ ਕ੍ਰੈਡਿਟ ਲਿੰਕੇਜ ਅਨੁਪਾਤ 36.71 ਫ਼ੀਸਦੀ ਹੈ। ਉਨ੍ਹਾਂ ਦੱਸਿਆ ਕਿ ਆਰਸੇਟੀ ਪਟਿਆਲਾ ਵਿੱਚ 18-45 ਸਾਲ ਦੀ ਉਮਰ ਸਮੂਹ ਦੇ ਪੇਂਡੂ ਨੌਜਵਾਨ ਸਿਖਲਾਈ ਲਈ ਯੋਗ ਹਨ ਅਤੇ ਸਿਖਲਾਈ ਬਿਲਕੁਲ ਮੁਫਤ ਦਿੱਤੀ ਜਾਂਦੀ ਹੈ। ਪ੍ਰਭਾਵਸ਼ਾਲੀ ਰੁਜ਼ਗਾਰ ਪੈਦਾ ਕਰਨ ਲਈ ਸਿਖਿਅਤ ਉਮੀਦਵਾਰਾਂ ਨਾਲ ਦੋ ਸਾਲਾਂ ਤਕ ਫਾਲੋਅਪ ਕੀਤਾ ਜਾਂਦਾ ਹੈ।
ਮੀਟਿੰਗ ‘ਚ ਲੀਡ ਜ਼ਿਲ੍ਹਾ ਮੈਨੇਜਰ ਪ੍ਰਿਤਪਾਲ ਸਿੰਘ ਆਨੰਦ, ਨਾਬਾਰਡ ਦੇ ਏਜੀਐਮ, ਜਿਲਾ ਰੋਜ਼ਗਾਰ ਅਫਸਰ, ਜੀਐਮ ਡੀਆਈਸੀ, ਪ੍ਰਿੰਸੀਪਲ ਆਈਟੀਆਈ, ਜ਼ਿਲ੍ਹਾ ਪ੍ਰੋਗਰਾਮ ਅਫਸਰ ਅਤੇ ਆਰਸੇਟੀ, ਪਟਿਆਲਾ ਡਾਇਰੈਕਟਰ ਸ੍ਰੀ ਰਾਜੀਵ ਸਰਹਿੰਦੀ ਵੀ ਹਾਜ਼ਰ ਸਨ।
ਏ.ਡੀ.ਸੀ. ਡਾ. ਪ੍ਰੀਤੀ ਯਾਦਵ ਆਰਸੇਟੀ ਦੀ ਸਾਲਾਨਾ ਰਿਪੋਰਟ ਜਾਰੀ ਕਰਦੇ ਹੋਏ।

Spread the love