ਕੋਰੋਨਾ ਜੰਗ ਦੇ ਯੋਧੇ
ਬਟਾਲਾ, 18 ਜੂਨ 2021 ਪੀ.ਐੱਚ.ਸੀ. ਭੁੱਲਰ ਦੇ ਅਧੀਨ ਪੈਂਦੇ ਸਬ ਸੈਂਟਰ ਚਾਹਲ ਕਲਾਂ ਦੇ ਹੈਲਥ ਵਰਕਰ ਵਰਿੰਦਰਜੀਤ ਸਿੰਘ ਤੇ ਗੁਰਬਿੰਦਰ ਸਿੰਘ ਵਲੋਂ ਕੋਰੋਨਾ ਮਹਾਂਮਾਰੀ ਉੱਪਰ ਫ਼ਤਹਿ ਪਾਉਣ ਲਈ ਵੱਡਮੁੱਲਾ ਯੋਗਦਾਨ ਪਾਇਆ ਜਾ ਰਿਹਾ ਹੈ। ਇਹ ਦੋਵੇਂ ਹੈਲਥ ਵਰਕਰ ਸਬ ਸੈਂਟਰ ਚਾਹਲ ਕਲਾਂ ਦੇ ਅਧੀਨ ਪੈਂਦੇ 45 ਪਿੰਡਾਂ ਨੂੰ ਕੋਰੋਨਾ ਮੁਕਤ ਕਰਨ ਲਈ ਦਿਨ-ਰਾਤ ਲੱਗੇ ਹੋਏ ਹਨ ਅਤੇ ਉਨ੍ਹਾਂ ਵੱਲੋਂ ਨਿਭਾਈਆਂ ਜਾ ਰਹੀਆਂ ਮਿਸਾਲੀ ਸੇਵਾਵਾਂ ਦੀ ਹਰ ਪਾਸੇ ਸਰਾਹਨਾ ਹੋ ਰਹੀ ਹੈ। ਵਰਿੰਦਰਜੀਤ ਸਿੰਘ ਤੇ ਗੁਰਬਿੰਦਰ ਸਿੰਘ ਵਲੋਂ ਕੋਰੋਨਾ ਸੰਕਟ ਦੌਰਾਨ ਦਿੱਤੀਆਂ ਜਾ ਰਹੀਆਂ ਮਿਸਾਲੀ ਸੇਵਾਵਾਂ ਲਈ ਉਸਨੂੰ ਸਿਹਤ ਵਿਭਾਗ ਵਲੋਂ ਵਿਸ਼ੇਸ਼ ਤੌਰ ’ਤੇ ਸਨਮਾਨਤ ਕੀਤਾ ਜਾ ਚੁੱਕਾ ਹੈ।
ਹੈਲਥ ਵਰਕਰ ਵਰਿੰਦਰਜੀਤ ਸਿੰਘ ਤੇ ਗੁਰਬਿੰਦਰ ਸਿੰਘ ਵਲੋਂ ਸਬ ਸੈਂਟਰ ਚਾਹਲ ਕਲਾਂ ਦੇ ਅਧੀਨ ਪੈਂਦੇ 45 ਪਿੰਡਾਂ ਦੇ ਲੋਕਾਂ ਨੂੰ ਕੋਰੋਨਾ ਵਾਇਰਸ ਤੋਂ ਬਚਣ ਲਈ ਜਾਗਰੂਕ ਕੀਤਾ ਜਾ ਰਿਹਾ ਹੈ। ਉਨ੍ਹਾਂ ਵਲੋਂ ਆਪਣੇ ਅਧੀਨ ਆਉਂਦੇ ਹਰ ਪਿੰਡ ਦੇ ਘਰ-ਘਰ ਜਾ ਕੇ ਲੋਕਾਂ ਨੂੰ ਮਾਸਕ ਪਾਉਣ, ਸਮਾਜਿਕ ਦੂਰੀ ਰੱਖਣ ਅਤੇ ਹੱਥ ਧੋਣ ਵਰਗੀਆਂ ਸਾਵਧਾਨੀਆਂ ਤੋਂ ਜਾਣੂ ਕਰਵਾਇਆ ਜਾ ਰਿਹਾ ਹੈ। ਇਸ ਤੋਂ ਇਲਾਵਾ ਉਨ੍ਹਾਂ ਵੱਲੋਂ ਵੈਕਸੀਨੇਸ਼ਨ ਮੁਹਿੰਮ ਵਿੱਚ ਵੀ ਆਪਣਾ ਵਿਸ਼ੇਸ਼ ਯੋਗਦਾਨ ਪਾਉਂਦਿਆਂ ਪਿੰਡਾਂ ਦੇ ਲੋਕਾਂ ਨੂੰ ਵੈਕਸੀਨ ਲਗਵਾਉਣ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ। ਜਦੋਂ ਕੋਈ ਵਿਅਕਤੀ ਕੋਰੋਨਾ ਪਾਜ਼ਟਿਵ ਆ ਜਾਂਦਾ ਹੈ ਤਾਂ ਸਿਹਤ ਵਿਭਾਗ ਵੱਲੋਂ ਜਿੰਮੇਵਾਰੀ ਨਿਭਾਉਂਦਿਆਂ ਹੈਲਥ ਵਰਕਰ ਵਰਿੰਦਰਜੀਤ ਸਿੰਘ ਤੇ ਗੁਰਬਿੰਦਰ ਸਿੰਘ ਵੱਲੋਂ ਘਰਾਂ ਵਿੱਚ ਇਕਾਂਤਵਾਸ ਵਿਅਕਤੀਆਂ ਦੀ ਰੋਜ਼ਾਨਾਂ ਜਾਂਚ ਕਰਨ ਤੋਂ ਇਲਾਵਾ ਉਨਾਂ ਦੀ ਸਿਹਤ ਸਬੰਧੀ ਜਾਣਕਾਰੀ ਵੀ ਲਈ ਜਾਂਦੀ ਹੈ। ਇਸ ਦੇ ਨਾਲ ਹੀ ਸਾਰੇ ਮਰੀਜ਼ਾਂ ਨੂੰ ਘਰਾਂ ਵਿੱਚ ਕੋਰੋਨਾ ਫ਼ਤਹਿ ਕਿੱਟ ਮੁਫ਼ਤ ਪਹੁੰਚਾਈ ਜਾਂਦੀ ਹੈ।
ਵਰਿੰਦਰਜੀਤ ਸਿੰਘ ਦਾ ਕਹਿਣਾ ਹੈ ਕਿ ਆਪਣੇ ਲੋਕਾਂ ਨੂੰ ਕੋਰੋਨਾ ਮਹਾਂਮਾਰੀ ਤੋਂ ਬਚਾਉਣਾ ਸਿਹਤ ਵਿਭਾਗ ਦੀ ਜਿੰਮੇਵਾਰੀ ਹੈ ਅਤੇ ਉਹ ਆਪਣੀ ਇਸ ਜਿੰਮੇਵਾਰੀ ਨੂੰ ਨਿਭਾਉਣ ਲਈ ਦਿਲ-ਜਾਨ ਤੋਂ ਲੱਗੇ ਹੋਏ ਹਨ। ਉਨਾਂ ਕਿਹਾ ਕਿ ਕੋਰੋਨਾ ਇੱਕ ਨਾਮੁਰਾਦ ਬਿਮਾਰੀ ਹੈ ਪਰ ਸਾਵਧਾਨੀਆਂ ਵਰਤ ਕੇ ਇਸ ਤੋਂ ਬਚਿਆ ਜਾ ਸਕਦਾ ਹੈ। ਉਨਾਂ ਕਿਹਾ ਕਿ ਇਲਾਜ ਨਾਲੋਂ ਹਮੇਸ਼ਾਂ ਹੀ ਪਰਹੇਜ਼ ਚੰਗਾ ਹੁੰਦਾ ਹੈ ਅਤੇ ਉਹ ਕੋਸ਼ਿਸ਼ ਕਰ ਰਹੇ ਹਨ ਕਿ ਪ੍ਰਹੇਜ਼ ਰਾਹੀਂ ਲੋਕਾਂ ਨੂੰ ਇਸ ਬਿਮਾਰੀ ਤੋਂ ਬਚਾ ਸਕੀਏ। ਵਰਿੰਦਰਜੀਤ ਸਿੰਘ ਨੇ ਅਪੀਲ ਕੀਤੀ ਹੈ ਕਿ ਉਹ ਕੋਰੋਨਾ ਵਾਇਰਸ ਤੋਂ ਬਚਣ ਦੀਆਂ ਸਾਵਧਾਨੀਆਂ ਅਪਨਾਉਣ ਦੇ ਨਾਲ ਵੈਕਸੀਨ ਵੀ ਜਰੂਰ ਲਗਵਾਉਣ।