ਨੂਰਪੁਰ ਬੇਦੀ 21 ਜੂਨ 2021
ਕੋਵਿਡ 19 ਮਹਾਂਮਾਰੀ ਦੇ ਚਲਦਿਆਂ ਵਾਇਰਸ ਦੇ ਫੈਲਾਓ ਦੀ ਰੋਕਥਾਮ ਦੇ ਮੱਦੇਨਜ਼ਰ ਡਾ: ਦਵਿੰਦਰ ਕੁਮਾਰ ਢਾਂਡਾ ਸਿਵਲ ਸਰਜਨ ਰੂਪਨਗਰ ਦੀ ਪ੍ਰਧਾਨਗੀ ਹੇਠ ਅਤੇ ਡਾ: ਵਿਧਾਨ ਚੰਦਰ ਸੀਨੀਅਰ ਮੈਡੀਕਲ ਅਫਸਰ ਦੀ ਅਗਵਾਈ ਹੇਠ ਇਸ ਸਾਲ ਵੀ ਅੰਤਰਰਾਸ਼ਟਰੀ ਯੋਗ ਦਿਵਸ 21 ਜੂਨ ਨੂੰ ਵਰਚੂਅਲ ਤੌਰ ਤੇ ਮਨਾਇਆ ਗਿਆ। ਇਸ ਬਾਰੇ ਜਾਣਕਾਰੀ ਦਿੰਦਿਆਂ ਡਾ: ਵਿਧਾਨ ਚੰਦਰ ਨੇ ਦੱਸਿਆ ਕਿ ਇਸ ਸਬੰਧੀ ਮਨਿਸਟਰੀ ਆਫ਼ ਆਯੂਸ਼ ਵਲੋਂ ਯੋਗਾ ‘ਤੇ ਅਧਾਰਿਤ ਇੰਟਰਨੈਸ਼ਨਲ ਡੇਅ ਆਫ਼ ਯੋਗਾ ਹੈੱਡ ਬੁੱਕ ਵੀ ਤਿਆਰ ਕੀਤੀ ਗਈ ਹੈ।
ਡਾ: ਵਿਧਾਨ ਚੰਦਰ ਦੀ ਅਪੀਲ ਤੇ ਇਸ ਸੰਸਥਾ ਅਧੀਨ ਪੈਂਦੀਆਂ ਸਿਹਤ ਸੰਸਥਾਵਾਂ ਅਧੀਨ ਕੰਮ ਕਰ ਰਹੇ ਕਰਮਚਾਰੀਆਂ ਵਲੋਂ ਭਾਰਤ ਸਰਕਾਰ ਵਲੋ ਜਾਰੀ ਪ੍ਰੋਟੋਕੋਲ ਅਨੁਸਾਰ ਰਾਜ ਪੱਧਰ ‘ਤੇ ਵਰਚੁਅਲ ਤੌਰ’ ਤੇ ਮਨਾਏ ਜਾ ਰਹੇ ਅੰਤਰਰਾਸ਼ਟਰੀ ਯੋਗ ਦਿਵਸ ਮੌਕੇ ਲੋਕਾਂ ਵਲੋ ਸਵੇਰੇ 7:00 ਵਜ਼ੇ ਤੋ 7.45 ਵਜ਼ੇ ਤੱਕ ਆਪਣੇ ਘਰਾਂ ਵਿੱਚ ਹੀ ਸੋਸ਼ਲ ਮੀਡੀਆ ਪਲੇਟਫਾਰਮਾਂ ਜਿਵੇਂ ਯੂ-ਟਿਊਬ, ਟਵਿੱਟਰ, ਫੇਸਬੁੱਕ, ਇੰਸਟਾਗ੍ਰਾਮ ਆਦਿ ਰਾਂਹੀ ਯੋਗ ਕਰਕੇ ਆਪਣੀ ਸ਼ਮੂਲੀਅਤ ਕੀਤੀ।
ਇਸ ਮੌਕੇ ਤੇ ਡਾ.ਅੰਜੂ ਆਯੂਰਵੈਦਿਕ ਮੈਡੀਕਲ ਅਫਸਰ ਨੇ ਦੱਸਿਆ ਕਿ ਯੋਗ ਆਸਨ ਪੁਰਾਤਨ ਸਮੇਂ ਤੋਂ ਧਿਆਨ ਲਗਾਉਣ ਦੀ ਵਿਧੀ ਹੈ। ਜਿਸ ਨਾਲ ਸਾਡਾ ਸਰੀਰ, ਦਿਮਾਗ ਅਤੇ ਮਨ ਨਿਯੰਤਰਨ ਵਿੱਚ ਰਹਿੰਦਾ ਹੈ। ਕੋਰੋਨਾ ਦੌਰਾਨ ਸਰੀਰਕ ਰੋਗਾਂ ਅਤੇ ਮਾਨਸਿਕ ਤਣਾਅ ਤੋਂ ਨਿਜਾਤ ਪਾਉਣ ਲਈ ਯੋਗ ਦੀ ਅਹਿਮ ਭੂਮਿਕਾ ਰਹੀ ਹੈ। ਇਸੇ ਅਹਿਮ ਭੂਮਿਕਾ ਅਤੇ ਸਕਰਾਤਮਕ ਪ੍ਰਭਾਵਾਂ ਕਰਕੇ ਅੱਜ ਪੂਰੀ ਦੁਨੀਆਂ ਵਿੱਚ ਯੋਗ ਪ੍ਰਚੱਲਿਤ ਹੋ ਰਿਹਾ ਹੈ।