ਨਸ਼ਾ ਛੱਡਣ ਵਾਲਿਆਂ ਲਈ ਵਰਦਾਨ ਸਾਬਤ ਹੋ ਰਹੇ ਹਨ ਓਟ ਸੈਂਟਰ-ਨਸ਼ਾ ਛੱਡਣ ਲਈ ਪੀੜਤ ਖਾ ਰਹੇ ਹਨ ਮੁਫਤ ਦਵਾਈ

ਓਟ ਸੈਂਟਰਾਂ ਵਿਚ 26,044 ਵਿਅਕਤੀਆਂ ਨੇ ਨਸ਼ਾ ਛੱਡਣ ਲਈ ਕਰਵਾਈ ਰਜਿਸ਼ਟਰੇਸ਼ਨ
ਗੁਰਦਾਸਪੁਰ, 25 ਜੂਨ 2021 ਜ਼ਿਲੇ ਗੁਰਦਾਸਪੁਰ ਅੰਦਰ ਨਸ਼ੇ ਦੀ ਲਤ ਤੋਂ ਪੀੜਤ ਵਿਅਕਤੀਆਂ ਦੇ ਇਲਾਜ ਲਈ ਸਰਕਾਰ ਵਲੋਂ ਖੋਲ੍ਹੇ ਗਏ ੳਟ (OO1“-out patient opied assistance treatment) ਸੈਂਟਰਾਂ ਵਿਚ ਨਸ਼ਾ ਛੱਡਣ ਲਈ, ਮਈ 2018 ਤੋਂ ਲੈ ਮਈ 2021 ਤਕ 26,044 ਵਿਅਕਤੀਆਂ ਨੇ ਆਪਣੇ ਨਾਂਅ ਦਰਜ ਕਰਵਾਏ ਹਨ, ਜਿਨਾਂ ਵਿਚੋਂ ਜ਼ਿਆਦਾਤਰ ਨਸ਼ੇ ਦੀ ਬਿਮਾਰੀ ਤੋਂ ਛੁਟਕਾਰਾ ਪਾ ਚੁੱਕੇ ਹਨ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਜਨਾਬ ਮੁਹੰਮਦ ਇਸ਼ਫਾਕ ਨੇ ਦੱਸਿਆ ਕਿ ਜਿਲੇ ਅੰਦਰ 13 ਓਟ ਸੈਂਟਰ, ਸਿਵਲ ਹਸਪਾਤਲ, ਬੱਬਰੀ ਬਾਈਪਾਸ ਗੁਰਦਾਸਪੁਰ, ਸਬ ਡਵੀਜ਼ਨ ਸਿਵਲ ਹਸਪਤਾਲ ਬਟਾਲਾ, ਕਮਿਊਨਿਟੀ ਹੈਲਥ ਸੈਂਟਰ ਕਲਾਨੋਰ, ਫਤਿਹਗੜ੍ਹ ਚੂੜੀਆਂ, ਸਿੰਘੋਵਾਲ, ਭਾਮ, ਕਾਹਨੂੰਵਾਨ, ਡੇਰਾ ਬਾਬਾ ਨਾਨਕ, ਧਾਰੀਵਾਲ, ਕੇਂਦਰੀ ਜੇਲ੍ਹ ਗੁਰਦਾਸਪੁਰ ਆਦਿ ਵਿਚ ਸਥਾਪਤ ੳਟ ਸੈਂਟਰਾਂ ਵਿਚ ਮਰੀਜ਼ ਨੂੰ ਨਸ਼ਾ ਛੱਡਣ ਲਈ ਦਵਾਈ ਡਾਕਟਰ ਦੀ ਹਾਜ਼ਰੀ ਵਿਚ ਹੀ ਦਿੱਤੀ ਜਾਂਦੀ ਹੈ। ਦਵਾਈ ਬਿਲਕੁੱਲ ਮੁਫ਼ਤ ਦਿੱਤੀ ਜਾਂਦੀ ਹੈ।
ਡਿਪਟੀ ਕਮਿਸ਼ਨਰ ਨੇ ਅੱਗੇ ਕਿਹਾ ਕਿ ਸਮਾਜਿਕ ਬੁਰਾਈ ਨਸ਼ਿਆਂ ਨੂੰ ਜੜ੍ਹ ਤੋਂ ਖਤਮ ਕਰਨ ਲਈ ਸਾਨੂੰ ਸਾਰਿਆਂ ਨੂੰ ਮਿਲਕੇ ਹੰਭਲਾ ਮਾਰਨਾ ਚਾਹੀਦਾ ਹੈ ਤੇ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਸਬੰਧੀ ਲੋਕਾਂ ਨੂੰ ਵੱਧ ਤੋ ਜਾਗਰੂਕ ਕਰਨ ਦੀ ਲੋੜ ਹੈ। ਪੰਜਾਬ ਸਰਕਾਰ ਵਲੋਂ ‘ਡੈਪੋ’ ਮੁਹਿੰਮ ਤਹਿਤ ਲੋਕਾਂ ਨੂੰ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਵਿਰੁੱਧ ਜਾਗਰੂਕ ਕੀਤਾ ਜਾ ਰਿਹਾ ਹੈ ਅਤੇ ਜੋ ਲੋਕ ਕਿਸੇ ਕਾਰਨ ਇਸ ਬਿਮਾਰੀ ਦੇ ਜਾਲ ਵਿਚ ਫਸ ਗਏ ਹਨ ਉਨਾਂ ਦੇ ਇਲਾਜ ਕੀਤਾ ਜਾ ਰਿਹਾ ਹੈ। ਜਿਲਾ ਨਸ਼ਾ ਛੁਡਾਊ ਕੇਂਦਰ ਤੇ ਮੁੜ ਵਸੇਬਾ ਕੇਂਦਰ ਵਿਚ ਨਸ਼ਾ ਗ੍ਰਸਤ ਲੋਕਾਂ ਦਾ ਇਲਾਜ ਕੀਤਾ ਜਾ ਰਿਹਾ ਹੈ ਅਤੇ ਉਨਾਂ ਨੂੰ ਮੁੜ ਨਵੀਂ ਜਿੰਦਗੀ ਬਤੀਤ ਕਰਨ ਦੇ ਕਾਬਲ ਬਣਾਇਆ ਜਾ ਰਿਹਾ ਹੈ। ਉਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਇਸ ਬਿਮਾਰੀ ਵਿਰੁੱਧ ਰਲ ਕੇ ਹੰਭਲਾ ਮਾਰਨ ਅਤੇ ਜੋ ਲੋਕ ਇਸ ਬਿਮਾਰੀ ਦਾ ਸ਼ਿਕਾਰ ਹੋ ਗਏ ਹਨ ਉਨਾਂ ਨੂੰ ਇਸ ਕੇਂਦਰ ਵਿਚ ਭੇਜਿਆ ਜਾਵੇ।
ਓਟ ਸੈਂਟਰ ਗੁਰਦਾਸਪੁਰ ਵਿੱਚ ਨਸ਼ਾ ਛੱਡਣ ਦੀ ਮੁਫਤ ਦਵਾਈ ਖਾ ਰਹੇ ਗੁਰਦਾਸਪੁਰ ਦੇ ਵਸਨੀਕ ਨੇ ਆਪਣਾ ਨਾਮ ਗੁਪਤ ਰੱਖਦਿਆਂ ਹੋਇਆ ਦੱਸਿਆ ਕਿ ਇਹ ਢਾਬੇ ਉੱਤੇ ਕੰਮ ਕਰਦਾ ਸੀ ਤੇ ਟਰੱਕ ਡਰਾਈਵਰਾਂ ਕੋਲੋ ਨਸ਼ਾ ਖਾਣ ਦੀ ਆਦਤ ਪੈ ਗਈ ਸੀ ਅਤੇ 6-7 ਸਾਲ ਨਸ਼ੇ ਕਰਦਾ ਰਿਹਾ , ਫਿਰ ਉਸਨੂੰ ਓਟ ਸੈਂਟਰ ਗੁਰਦਾਸਪੁਰ ਦੇ ਪਤਾ ਚੱਲਿਆ ਤੇ ਪਿਛਲੇ 7-8 ਮਹੀਨੇ ਤੋਂ ਦਵਾਈ ਖਾ ਰਿਹਾ ਹੈ ਤੇ ਹੁਣ ਸਿਹਤਮੰਦ ਹੋ ਕੇ ਕੰਮ ਕਰ ਰਿਹਾ ਹੈ। ਇਸੇ ਤਰਾਂ ਇਕ ਹੋਰ ਵਿਅਕਤੀ ਨੇ ਦੱਸਿਆ ਕਿ ਉਹ ਨਸ਼ੀਲੀਆਂ ਗੋਲੀਆਂ ਖਾਂਦਾ ਸੀ ਤੇ ਰੋਜਾਨਾ ਕਰੀਬ 200/300 ਰੁਪਏ ਤੱਕ ਦੀ ਨਸ਼ੀਲੀ ਦਵਾਈ ਖਾਂਦਾ ਸੀ । ਪਰ ਹੁਣ ਓਟ ਸੈਂਟਰ ਵਿਚ ਨਸ਼ਾ ਛੱਡਣ ਦੀ ਦਵਾਈ ਖਾ ਰਿਹਾ ਹੈ ਤੇ ਮੁੜ ਨਵੀਂ ਜ਼ਿੰਦਗੀ ਜਿਊਣ ਦੇ ਸਮਰੱਥ ਹੋਇਆ ਹੈ।
ਇਸ ਮੌਕੇ ਡਾ. ਰੋਮੀ ਮਹਾਜਨ ਡਿਪਟੀ ਮੈਡੀਕਲ ਕਮਿਸ਼ਨਰ ਗੁਰਦਾਸਪੁਰ ਅਤੇ ਬੱਬਰੀ ਹਸਪਤਾਲ ਦੇ ਓਟ ਸੈਂਟਰ ਵਿਚ ਸੇਵਾਵਾਂ ਨਿਭਾ ਰਹੇ ਡਾ. ਵਰਿੰਦਰ ਮੋਹਨ ਨੇ ਦੱਸਿਆ ਕਿ ਜ਼ਿਲ੍ਹਾ ਨਸ਼ਾ ਛੁਡਾਊ ਕੇਂਦਰ ਗੁਰਦਾਸਪੁਰ ਵਿਖੇ ਰੋਜਾਨਾ ਕਰੀਬ 250 ਪੀੜਤ ‘ਓਟ’ ਵਿਖੇ ਦਵਾਈ ਲੈਣ ਆਉਂਦੇ ਹਨ। ਮਈ 2018 ਵਿਚ ਓਟ ਸੈਂਟਰ ਸੁਰੂ ਕੀਤੇ ਗਏ ਸਨ ਅਤੇ ਹੁਣ ਤਕ 26044 ਨਸ਼ਾ ਪੀੜਤ ਰਜਿਸਟਰਡ ਹੋ ਚੁੱਕੇ ਹਨ। ਮਹੀਨਾ ਅਪ੍ਰੈਲ 2021 ਵਿਚ 730 ਅਤੇ ਮਈ 2021 ਵਿਚ 905 ਵਿਅਕਤੀਆਂ ਨੇ ਨਸ਼ਾ ਛੱਡਣ ਲਈ ਆਪਣੀ ਰਜਿਸ਼ਟਰੇਸ਼ਨ ਕਰਵਾਈ ਹੈ।

Spread the love