ਕਿਹਾ – ਬਟਾਲਾ ਪੁਲਿਸ ਨਸ਼ਿਆਂ ਦੇ ਖਾਤਮੇ ਲਈ ਪੂਰੀ ਤਰਾਂ ਵਚਨਬੱਧ
ਬਟਾਲਾ, 26 ਜੂਨ 2021 ਪੰਜਾਬ ਸਰਕਾਰ ਵੱਲੋਂ ਚਲਾਈ ਜਾ ਰਹੀ ਨਸ਼ਾ ਮੁਕਤੀ ਮੁਹਿੰਮ ਤਹਿਤ ਬਟਾਲਾ ਪੁਲਿਸ ਵੱਲੋਂ ਸਮਾਜ ਵਿਰੋਧੀ ਅਨਸਰਾਂ ਅਤੇ ਨਸ਼ਾ ਤਸਕਰਾਂ ਨੂੰ ਨਕੇਲ ਪਾਉਣ ਵਿਚ ਵੱਡੇ ਪੱਧਰ ’ਤੇ ਸਫਲਤਾਵਾਂ ਹਾਸਲ ਕੀਤੀਆਂ ਗਈਆਂ ਹਨ। ਨਸ਼ਿਆਂ ਉੱਪਰ ਨਕੇਲ ਕੱਸਣ ਅਤੇ ਆਪਰਾਧ ਦਰ ਨੂੰ ਘੱਟ ਕਰਕੇ ਬਟਾਲਾ ਪੁਲਿਸ ਨੇ ਪੰਜਾਬ ਪੁਲਿਸ ਦੀ ਸ਼ਾਨਦਾਰ ਰਿਵਾਇਤ ਨੂੰ ਕਾਇਮ ਰੱਖਿਆ ਹੈ।
ਐੱਸ.ਐੱਸ.ਪੀ. ਬਟਾਲਾ ਸ. ਰਛਪਾਲ ਸਿੰਘ ਨੇ ਆਪਣੇ ਕਾਰਜਕਾਲ ਦੌਰਾਨ ਬਟਾਲਾ ਪੁਲਿਸ ਵੱਲੋਂ ਨਸ਼ਾ ਵਿਰੋਧੀ ਮੁਹਿੰਮ ਤਹਿਤ ਕੀਤੀਆਂ ਪ੍ਰਾਪਤੀਆਂ ਦੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਬਟਾਲਾ ਪੁਲਿਸ ਨੇ ਸਾਲ 2020 ਦੌਰਾਨ 82 ਪਰਚੇ ਦਰਜ ਕਰਕੇ 107 ਨਸ਼ਾ ਤਸਕਰਾਂ ਨੂੰ ਕਾਬੂ ਕੀਤਾ ਸੀ। ਉਨ੍ਹਾਂ ਦੱਸਿਆ ਕਿ ਇਨ੍ਹਾਂ ਦੋਸ਼ੀਆਂ ਕੋਲੋਂ 448 ਗ੍ਰਾਂਮ ਹੈਰੋਇਨ, 13 ਕਿਲੋ ਭੁੱਕੀ, 277 ਗ੍ਰਾਮ ਅਫੀਮ, 27876 ਨਸ਼ੀਲੀਆਂ ਗੋਲੀਆਂ ਅਤੇ 24 ਨਸ਼ੀਲੇ ਟੀਕੇ ਬਰਾਮਦ ਕੀਤੇ ਸਨ।
ਐੱਸ.ਐੱਸ.ਪੀ. ਬਟਾਲਾ ਨੇ ਦੱਸਿਆ ਕਿ ਨਸ਼ੇ ਦੇ ਖਾਤਮੇ ਲਈ ਵਿਸ਼ੇਸ਼ ਮੁਹਿੰਮ ਨੂੰ ਹੋਰ ਤੇਜ਼ ਕਰਦਿਆਂ ਬਟਾਲਾ ਪੁਲਿਸ ਨੇ ਸਾਲ 2021 ਦੌਰਾਨ 6 ਮਹੀਨਿਆਂ ਵਿੱਚ ਵੱਡੀਆਂ ਸਫਲਤਾਵਾਂ ਹਾਸਲ ਕੀਤੀਆਂ ਹਨ। ਉਨ੍ਹਾਂ ਦੱਸਿਆ ਕਿ ਇਸ ਸਾਲ ਵਿੱਚ ਨਸ਼ੇ ਦੇ 131 ਮਾਮਲੇ ਦਰਜ ਕਰਕੇ 182 ਨਸ਼ੇ ਦੇ ਕਾਰੋਬਾਰੀ ਕਾਬੂ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਫੜੇ ਗਏ ਵਿਅਕਤੀਆਂ ਕੋਲੋਂ 2 ਕਿਲੋ 47 ਗ੍ਰਾਮ ਹੈਰੋਇਨ, ਡੇਢ ਕਿਲੋ ਭੁੱਕੀ, 3 ਕਿਲੋ 153 ਗ੍ਰਾਮ ਅਫੀਮ, 1 ਕਿਲੋ 330 ਗ੍ਰਾਂਮ ਗਾਂਜਾ, 56276 ਨਸ਼ੀਲੀਆਂ ਗੋਲੀਆਂ ਅਤੇ 11 ਨਸ਼ੀਲੇ ਟੀਕੇ ਬਰਾਮਦ ਕੀਤੇ ਗਏ ਹਨ।
ਐਸ.ਐਸ.ਪੀ ਬਟਾਲਾ ਨੇ ਅੱਗੇ ਦੱਸਿਆ ਕਿ ਬਟਾਲਾ ਪੁਲਿਸ ਵਲੋਂ ਨਾ ਕੇਵਲ ਨਸ਼ਾ ਤਕਸਰਾਂ ਵਿਰੁੱਧ ਨਕੇਲ ਕੱਸੀ ਗਈ ਬਲਕਿ ਪਿੰਡਾਂ ਤੇ ਸ਼ਹਿਰਾਂ ਅੰਦਰ ਲੋਕਾਂ ਨੂੰ ਨਸ਼ਿਆਂ ਵਿਰੁੱਧ ਜਾਗਰੂਕ ਕਰਨ ਲਈ ਜਾਗਰੂਕਤਾ ਸਮਾਗਮ ਕਰਵਾਏ ਗਏ ਅਤੇ ਨਸ਼ਾ ਕਰਨ ਵਾਲੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਨਸ਼ੇ ਤਿਆਗਣ ਅਤੇ ਖੁਸ਼ਹਾਲ ਜਿੰਦਗੀ ਜਿਊਣ ਲਈ ਅੱਗੇ ਆਉਣ। ਉਨਾਂ ਦੱਸਿਆ ਕਿ ਜਿਥੇ ਨਸ਼ੇ ਦੇ ਜਾਲ ਵਿਚ ਫਸੇ ਲੋਕਾਂ ਨੂੰ ਜਾਗਰੂਕ ਕੀਤਾ ਗਿਆ ਉਥੇ ਉਨਾਂ ਦਾ ਨਸ਼ਾ ਛਡਾਊ ਕੇਂਦਰਾਂ ਵਿਚ ਮੁਫਤ ਇਲਾਜ ਕਰਵਾਇਆ ਗਿਆ ਤੇੇ ਉਨਾਂ ਦੇ ਮੁੜ ਵਸੇਬੇ ਲਈ ਵੀ ਯਤਨ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਬਟਾਲਾ ਪੁਲਿਸ ਨਸ਼ਿਆਂ ਦੇ ਖਾਤਮੇ ਲਈ ਵਚਨਬੱਧ ਹੈ ਅਤੇ ਕਿਸੇ ਵੀ ਨਸ਼ਾ ਤਸਕਰ ਨੂੰ ਬਖਸ਼ਿਆ ਨਹੀਂ ਜਾਵੇਗਾ।