ਵੱਖ-ਵੱਖ ਟੀਮਾਂ ਵੱਲੋਂ ਸਿਹਤ ਕੇਂਦਰਾਂ ਦੀ ਚੈਕਿੰਗ
ਬਰਨਾਲਾ, 30 ਜੂਨ 2021
ਸਿਹਤ ਵਿਭਾਗ ਆਮ ਲੋਕਾਂ ਤੱਕ ਮਿਆਰੀ ਸਿਹਤ ਸੇਵਾਵਾਂ ਪੁੱਜਦੀਆਂ ਕਰਨ ਲਈ ਯਤਨਸ਼ੀਲ ਹੈ। ਇਸ ਤਹਿਤ ਸਿਵਲ ਸਰਜਨ ਡਾ. ਜਸਬੀਰ ਸਿੰਘ ਔਲਖ ਵੱਲੋਂ ਵਿਸ਼ੇਸ਼ ਟੀਮਾਂ ਬਣਾ ਕੇ ਜ਼ਿਲੇ ਦੇ ਵੱਖ-ਵੱਖ ਸਿਹਤ ਕੇਂਦਰਾਂ ਵਿੱਚ ਸਿਹਤ ਅਮਲੇ ਦੀ ਹਾਜ਼ਰੀ ਅਤੇ ਲੋਕਾਂ ਨੂੰ ਦਿੱਤੀਆਂ ਜਾ ਰਹੀਆਂ ਸਿਹਤ ਸੇਵਾਵਾਂ ਦੀ ਅੱਜ ਚੈਕਿੰਗ ਕੀਤੀ ਗਈ।
ਇਸ ਮੌਕੇ ਡਾ. ਔਲਖ ਨੇ ਦੱਸਿਆ ਕਿ ਉਨਾਂ ਵੱਲੋਂ ਸਵੇਰੇ 8:10 ਵਜੇ ਸਿਵਲ ਹਸਪਤਾਲ ਬਰਨਾਲਾ ਅਤੇ ਜ਼ੱਚਾ-ਬੱਚਾ ਹਸਪਤਾਲ ਦੀ ਚੈਕਿੰਗ ਕੀਤੀ ਗਈ, ਇਸ ਦੌਰਾਨ ਜੋ ਵੀ ਸਿਹਤ ਅਮਲਾ ਗੈਰਹਾਜ਼ਰ ਜਾਂ ਲੇਟ ਲਤੀਫ਼ ਪਾਇਆ ਗਿਆ, ਉਨਾਂ ਨੂੰ ਕਾਰਨ ਦੱਸੋ ਪੱਤਰ ਜਾਰੀ ਕਰਨ ਲਈ ਐਸ.ਐਮ.ਓ. ਸਿਵਲ ਹਸਪਤਾਲ ਬਰਨਾਲਾ ਨੂੰ ਹਦਾਇਤ ਕਰ ਦਿੱਤੀ ਗਈ ਹੈ।
ਸਿਵਲ ਸਰਜਨ ਨੇ ਦੱਸਿਆ ਕਿ ਉਨਾਂ ਵੱਲੋਂ ਬਣਾਈਆਂ ਵੱਖ-ਵੱਖ ਟੀਮਾਂ ਜਿਸ ਵਿੱਚ ਡਾ. ਨਵਜੋਤ ਪਾਲ ਸਿੰਘ ਭੁੱਲਰ ਜ਼ਿਲਾ ਪਰਿਵਾਰ ਭਲਾਈ ਅਫ਼ਸਰ ਵੱਲੋਂ ਹੈਲਥ ਐਂਡ ਵੈਲਨੈੱਸ ਸੈਂਟਰ ਤਾਜੋਕੇ ਅਤੇ ਸਬ-ਸੈਂਟਰ ਸੰਘੇੜਾ, ਡਾ. ਗੁਰਮਿੰਦਰ ਔਜਲਾ ਡਿਪਟੀ ਮੈਡੀਕਲ ਕਮਿਸ਼ਨਰ ਬਰਨਾਲਾ ਵੱਲੋਂ ਪੀ.ਐਚ.ਸੀ. ਸੇਖਾ ਅਤੇ ਹੈਲਥ ਵੈਲਨੈਸ ਸੈਂਟਰ ਫਰਵਾਹੀ ਅਤੇ ਡਾ. ਰਜਿੰਦਰ ਸਿੰਗਲਾ ਜ਼ਿਲਾ ਟੀਕਾਕਰਣ ਅਫ਼ਸਰ ਬਰਨਾਲਾ ਵੱਲੋਂ ਪੀ.ਐਚ.ਸੀ. ਭੱਠਲਾਂ, ਡਾ. ਤਪਿੰਦਰਜੋਤ ਕੌਸ਼ਲ ਐਸ.ਐਮ.ਓ. ਵੱਲੋਂ ਆਰ.ਐਚ. ਠੀਕਰੀਵਾਲ ਅਤੇ ਅਰਬਨ ਸਿਹਤ ਕੇਂਦਰ ਪ੍ਰੇਮ ਨਗਰ, ਡਾ. ਪ੍ਰਵੇਸ਼ ਕੁਮਾਰ ਐਸ.ਐਮ.ਓ. ਭਦੌੜ ਵੱਲੋਂ ਮੁਢਲਾ ਸਿਹਤ ਕੇਂਦਰ ਹਮੀਦੀ ਅਤੇ ਸਬ ਸੈਂਟਰ ਸੰਘੇੜਾ ਦੀ ਚੈਕਿੰਗ ਕੀਤੀ ਗਈ ।
ਡਾ. ਔਲਖ ਨੇ ਦੱਸਿਆ ਕਿ ਜ਼ਿਲੇ ਦੇ ਵੱਖ-ਵੱਖ ਸਿਹਤ ਕੇਂਦਰਾਂ ਵਿੱਚ ਟੀਮਾਂ ਵੱਲੋਂ ਕੀਤੀ ਗਈ ਚੈਕਿੰਗ ਦੌਰਾਨ ਪਾਈਆਂ ਗਈਆਂ ਖਾਮੀਆਂ ਅਤੇ ਵਿਸ਼ੇਸ਼ ਤੌਰ ’ਤੇ ਗੈਰਹਾਜ਼ਰ ਅਤੇ ਲੇਟ ਲਤੀਫ਼ ਅਧਿਕਾਰੀ ਕਰਮਚਾਰੀਆਂ ਨੂੰ ਸਮੇਂ ਦਾ ਪਾਬੰਦ ਹੋਣ ਲਈ ਸਬੰਧਤ ਸੀਨੀਅਰ ਮੈਡੀਕਲ ਅਫ਼ਸਰ ਨੂੰ ਹਦਾਇਤ ਕਰ ਦਿੱਤੀ ਗਈ ਹੈ । ਉਨਾਂ ਕਿਹਾ ਸਿਹਤ ਵਿਭਾਗ ਆਮ ਲੋਕਾਂ ਦੀ ਸਿਹਤ ਸੰਭਾਲ ਪ੍ਰਤੀ ਅਤੇ ਉਨਾਂ ਨੂੰ ਮਿਲ ਰਹੀਆਂ ਸਿਹਤ ਸਹੂਲਤਾਂ ਨੂੰ ਆਮ ਲੋਕਾਂ ਦੀ ਪਹੁੰਚ ਵਿੱਚ ਸੁਖਾਲਾ ਕਰਨ ਲਈ ਲੋੜੀਂਦੇ ਕਦਮ ਉਠਾਉਂਦਾ ਰਹੇਗਾ।