ਮੁਸ਼ਕਲਾਂ ਦੇ ਢੁਕਵੇਂ ਹੱਲ ਲਈ ਅਧਿਕਾਰੀਆਂ ਅਤੇ ਸਫ਼ਾਈ ਕਰਮੀਆਂ ਨਾਲ ਕੀਤੀ ਮੀਟਿੰਗ
ਨਵਾਂਸ਼ਹਿਰ, 7 ਜੁਲਾਈ 2021
ਪੰਜਾਬ ਰਾਜ ਸਫ਼ਾਈ ਕਰਮਚਾਰੀ ਕਮਿਸ਼ਨ ਦੇ ਚੇਅਰਮੈਨ ਗੇਜਾ ਰਾਮ ਨੇ ਇਥੇ ਕਿਹਾ ਕਿ ਕਮਿਸ਼ਨ ਸੂਬੇ ਦੇ ਸਫ਼ਾਈ ਕਰਮਚਾਰੀਆਂ ਦੀ ਭਲਾਈ ਲਈ ਪੂਰੀ ਤਰਾਂ ਨਾਲ ਵਚਨਬੱਧ ਹੈ। ਅੱਜ ਜ਼ਿਲਾ ਪ੍ਰਬੰਧਕੀ ਕੰਪਲੈਕਸ ਦੇ ਮੀਟਿੰਗ ਹਾਲ ਵਿਖੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਅਤੇ ਸਫ਼ਾਈ ਕਰਮਚਾਰੀਆਂ ਨਾਲ ਕੀਤੀ ਮੀਟਿੰਗ ਦੌਰਾਨ ਉਨਾਂ ਕਿਹਾ ਕਿ ਸਫ਼ਾਈ ਕਰਮਚਾਰੀਆਂ ਦੀਆਂ ਸਾਰੀਆਂ ਮੁਸ਼ਕਲਾਂ ਪਹਿਲ ਦੇ ਆਧਾਰ ’ਤੇ ਹੱਲ ਕਰਨੀਆਂ ਯਕੀਨੀ ਬਣਾਈਆਂ ਜਾ ਰਹੀਆਂ ਹਨ। ਉਨਾਂ ਕਿਹਾ ਕਿ ਕਮਿਸ਼ਨ ਦਾ ਮੁੱਖ ਉਦੇਸ਼ ਰਾਜ ਦੇ ਵੱਖ-ਵੱਖ ਸਰਕਾਰੀ ਵਿਭਾਗਾਂ ਵਿਚ ਕੰਮ ਕਰਦੇ ਸਫ਼ਾਈ ਕਰਮਚਾਰੀਆਂ ਦੀ ਭਲਾਈ ਹੈ ਅਤੇ ਉਨਾਂ ਦਾ ਕਿਸੇ ਵੀ ਢੰਗ ਨਾਲ ਸ਼ੋਸ਼ਣ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨਾਂ ਸਫ਼ਾਈ ਕਰਮੀਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਸੁਹਿਰਦ ਸੋਚ ਸਦਕਾ ਪੰਜਾਬ ਸਰਕਾਰ ਵੱਲੋਂ ਸਫ਼ਾਈ ਕਰਮੀਆਂ ਦੀਆਂ ਸਾਰੀਆਂ ਹੱਕੀ ਮੰਗਾਂ ਮੰਨੇ ਜਾਣ ’ਤੇ ਮੋਹਰ ਲਗਾਈ ਗਈ ਹੈ। ਉਨਾਂ ਕਿਹਾ ਕਿ ਸਫ਼ਾਈ ਕਰਮੀਆਂ ਵੱਲੋਂ ਕੋਰੋਨਾ ਮਹਾਮਾਰੀ ਦੌਰਾਨ ਫਰੰਟ ਲਾਈਨ ’ਤੇ ਨਿਭਾਈ ਗਈ ਭੂਮਿਕਾ ਬੇਹੱਦ ਸ਼ਲਾਘਾਯੋਗ ਹੈ।
ਇਸ ਮੌਕੇ ਉਨਾਂ ਸਫ਼ਾਈ ਸੇਵਕਾਂ ਦੀ ਬਿਹਤਰੀ ਲਈ ਲੋੜੀਂਦੀਆਂ ਹਦਾਇਤਾਂ ਜਾਰੀ ਕਰਦਿਆਂ ਅਧਿਕਾਰੀਆਂ ਨੂੰ ਕਿਹਾ ਕਿ ਸਫ਼ਾਈ ਕਰਮਚਾਰੀਆਂ ਦੇ ਹਿੱਤਾਂ ਦਾ ਪੂਰਾ ਖਿਆਲ ਰੱਖਿਆ ਜਾਵੇ। ਉਨਾਂ ਸਫਾਈ ਸੇਵਕਾਂ ਨੂੰ ਮੈਡੀਕਲ, ਵਰਦੀਆਂ ਅਤੇ ਹੋਰ ਲੋੜੀਂਦੀਆਂ ਸਹੂਲਤਾਂ ਮੁਹੱਈਆ ਕਰਵਾਉਣ ’ਤੇ ਜ਼ੋਰ ਦਿੱਤਾ। ਉਨਾਂ ਕਿਹਾ ਕਿ ਮਾਸਕ ਅਤੇ ਸੇਫਟੀ ਕਿੱਟ ਤੋਂ ਬਗੈਰ ਉਨਾਂ ਨੂੰ ਸੀਵਰੇਜ ਵਿਚ ਨਾ ਵਾੜਿਆ ਜਾਵੇ। ਉਨਾਂ ਕਿਹਾ ਕਿ ਸਫ਼ਾਈ ਸੇਵਕ ਸਫ਼ਾਈ ਦਾ ਹੀ ਕੰਮ ਕਰਨਗੇ ਅਤੇ ਉਨਾਂ ਕੋਲੋਂ ਹੋਰ ਕੋਈ ਵਾਧੂ ਕੰਮ ਨਾ ਲਿਆ ਜਾਵੇ।
ਇਸ ਮੌਕੇ ਉਨਾਂ ਸਫ਼ਾਈ ਕਰਮਚਾਰੀਆਂ ਅਤੇ ਸੀਵਰਮੈਨਾਂ ਨੂੰ ਦਿੱਤੀਆਂ ਜਾ ਰਹੀਆਂ ਤਨਖਾਹਾਂ, ਮੁਆਵਜ਼ਾ, ਵਰਦੀਆਂ, ਤਰੱਕੀਆਂ, ਐਕਸਗ੍ਰੇਸ਼ੀਆ ਰਾਸ਼ੀ, ਸੇਫਟੀ ਕਿੱਟਾਂ ਅਤੇ ਹੋਰਨਾਂ ਸਹੂਲਤਾਂ ਆਦਿ ਬਾਰੇ ਵਿਸਥਾਰ ਵਿਚ ਜਾਣਕਾਰੀ ਹਾਸਲ ਕਰਨ ਤੋਂ ਇਲਾਵਾ ਡੈੱਥ ਕੇਸਾਂ ਆਦਿ ਬਾਰੇ ਵੀ ਬਿਓਰਾ ਲਿਆ। ਇਸੇ ਤਰਾਂ ਨਗਰ ਕੌਂਸਲਾਂ ਅਤੇ ਨਗਰ ਪੰਚਾਇਤਾਂ ਅਤੇ ਵੱਖ-ਵੱਖ ਸਰਕਾਰੀ ਵਿਭਾਗਾਂ ਵਿਚ ਸਫ਼ਾਈ ਕਰਮੀਆਂ ਦੀਆਂ ਖਾਲੀ ਅਸਾਮੀਆਂ ਆਦਿ ਨਾਲ ਜੁੜੇ ਮੁੱਦਿਆਂ ਬਾਰੇ ਰਿਪੋਰਟ ਹਾਸਲ ਕੀਤੀ ਅਤੇ ਉਨਾਂ ਨੂੰ ਭਰਨ ਲਈ ਕਾਰਵਾਈ ਆਰੰਭਣ ਦੀ ਹਦਾਇਤ ਕੀਤੀ। ਇਸ ਤੋਂ ਇਲਾਵਾ ਉਨਾਂ ਪੜੇ-ਲਿਖੇ ਸਫ਼ਾਈ ਸੇਵਕਾਂ ਅਤੇ ਸੀਵਰਮੈਨਾਂ ਨੂੰ ਤਰੱਕੀ ਦਾ ਲਾਭ ਦੇਣ ਲਈ ਕਿਹਾ। ਇਸ ਮੌਕੇ ਉਨਾਂ ਨਗਰ ਕੌਂਸਲ ਨਵਾਂਸ਼ਹਿਰ ਵਿਚ ਮੁਹੱਲਾ ਸੁਧਾਰ ਕਮੇਟੀ ਤਹਿਤ ਕੰਮ ਕਰ ਰਹੇ 9 ਸਫ਼ਾਈ ਕਰਮੀਆਂ ਨੂੰ ਡੀ. ਸੀ ਰੇਟ ’ਤੇ ਰੱਖਣ ਦੇ ਆਦੇਸ਼ ਦਿੱਤੇ। ਇਸੇ ਤਰਾਂ ਉਨਾਂ ਸਫ਼ਾਈ ਕਰਮੀਆਂ ਦੀ ਵੈਰੀਫਿਕੇਸ਼ਨ ਸਬੰਧੀ ਜ਼ਿਲਾ ਸਮਾਜਿਕ ਨਿਆਂ ਅਤੇ ਅਧਿਕਾਰਤਾ ਅਫ਼ਸਰ ਦੀ ਅਗਵਾਈ ਹੇਠ ਤਿੰਨ ਮੈਂਬਰੀ ਵਿਸ਼ੇਸ਼ ਜਾਂਚ ਟੀਮ ਦਾ ਗਠਨ ਕਰਦਿਆਂ ਅੱਠ ਦਿਨਾਂ ਅੰਦਰ ਕਮਿਸ਼ਨ ਨੂੰ ਰਿਪੋਰਟ ਦੇਣ ਦੀ ਹਦਾਇਤ ਕੀਤੀ।
ਇਸ ਦੌਰਾਨ ਉਨਾਂ ਸਫ਼ਾਈ ਕਰਮਚਾਰੀਆਂ ਦੀਆਂ ਸਮੱਸਿਆਵਾਂ ਸੁਣੀਆਂ ਅਤੇ ਉਨਾਂ ਨੂੰ ਜਲਦ ਤੋਂ ਜਲਦ ਹੱਲ ਕਰਨ ਦਾ ਭਰੋਸਾ ਦਿਵਾਇਆ। ਉਨਾਂ ਵਿਸ਼ਵਾਸ ਦਿਵਾਇਆ ਕਿ ਸਰਕਾਰੀ ਵਿਭਾਗਾਂ ਵਿਚ ਖਾਲੀ ਪਈਆਂ ਸਾਰੀਆਂ ਅਸਾਮੀਆਂ ਪਹਿਲ ਦੇ ਆਧਾਰ ’ਤੇ ਭਰੀਆਂ ਜਾਣਗੀਆਂ। ਉਨਾਂ ਸਫ਼ਾਈ ਕਰਮਚਾਰੀਆਂ ਨੂੰ ਵੀ ਆਪਣੀ ਡਿਊਟੀ ਪੂਰੀ ਤਨਦੇਹੀ ਅਤੇ ਇਮਾਨਦਾਰੀ ਨਾਲ ਨਿਭਾਉਣ ਦੀ ਅਪੀਲ ਕੀਤੀ। ਸਫ਼ਾਈ ਕਰਮੀਆਂ ਨੇ ਇਸ ਮੌਕੇ ਚੇਅਰਮੈਨ ਗੇਜਾ ਰਾਮ ਦਾ ਧੰਨਵਾਦ ਕਰਦਿਆਂ ਕਿਹਾ ਕਿ ਕਰਮੀਆਂ ਦੀਆਂ ਹੱਕੀ ਮੰਗਾਂ ਮੰਨਵਾਉਣ ਵਿਚ ਉਨਾਂ ਵੱਲੋਂ ਵੱਡੀ ਭੂਮਿਕਾ ਨਿਭਾਈ ਗਈ ਹੈ, ਜਿਸ ਸਦਕਾ ਹੁਣ ਉਨਾਂ ਨੂੰ ਵੱਡੀ ਰਾਹਤ ਮਿਲਣੀ ਯਕੀਨੀ ਬਣੀ ਹੈ।
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਅਰਬਨ ਡਿਵੈਲਪਮੈਂਟ) ਹਰਬੀਰ ਸਿੰਘ, ਡੀ. ਐਸ. ਪੀ ਸਵਿੰਦਰ ਪਾਲ ਸਿੰਘ, ਤਹਿਸੀਲਦਾਰ ਬਲਜਿੰਦਰ ਸਿੰਘ, ਐਡਵੋਕੇਟ ਰਾਹੁਲ ਆਦੀਆ, ਡੀ. ਡੀ. ਪੀ. ਓ ਦਵਿੰਦਰ ਕੁਮਾਰ, ਜ਼ਿਲਾ ਸਿਹਤ ਅਫ਼ਸਰ ਡਾ. ਕੁਲਦੀਪ ਰਾਏ, ਜ਼ਿਲਾ ਸਿੱਖਿਆ ਅਫ਼ਸਰ (ਸ) ਜਗਜੀਤ ਸਿੰਘ ਤੋਂ ਇਲਾਵਾ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ, ਨਗਰ ਕੌਂਸਲਾਂ ਦੇ ਸਮੂਹ ਕਾਰਜਸਾਧਕ ਅਫ਼ਸਰ ਅਤੇ ਸਫ਼ਾਈ ਕਰਮਚਾਰੀਆਂ ਦੇ ਨੁਮਾਇੰਦੇ ਵੱਡੀ ਗਿਣਤੀ ਵਿਚ ਹਾਜ਼ਰ ਸਨ।
ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਪੰਜਾਬ ਸਫ਼ਾਈ ਕਰਮਚਾਰੀ ਕਮਿਸ਼ਨ ਦੇ ਚੇਅਰਮੈਨ ਗੇਜਾ ਰਾਮ। ਨਾਲ ਹਨ ਵਧੀਕ ਡਿਪਟੀ ਕਮਿਸ਼ਨਰ (ਅਰਬਨ ਡਿਵੈਲਪਮੈਂਟ) ਹਰਬੀਰ ਸਿੰਘ, ਐਡਵੋਕੇਟ ਰਾਹੁਲ ਆਦੀਆ ਤੇ ਹੋਰ।