ਰੂਪਨਗਰ 19 ਜੁਲਾਈ 2021
ਪੰਜਾਬ ਸਰਕਾਰ ਵੱਲੋਂ ਘਰ ਘਰ ਰੋਜ਼ਗਾਰ ਅਤੇ ਕਾਰੋਬਾਰ ਮਿਸ਼ਨ ਤਹਿਤ ਬੇਰੌਜਗਾਰ ਨੌਜਵਾਨਾਂ ਨੂੰ ਰੋਜ਼ਗਾਰ ਦਿਵਾਉਣ ਅਤੇ ਇਸਦੇ ਕਾਬਿਲ ਬਣਾਉਣ ਲਈ ਹਰ ਸੰਭਵ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਪੰਜਾਬ ਵਿੱਚ ਬੇਰੌਜ਼ਗਾਰੀ ਦੀ ਸਮੱਸਿਆ ਨੂੰ ਹੱਲ ਕਰਨ ਦੇ ਮਕਸਦ ਨਾਲ ਪੁਲਿਸ ਵਿਭਾਗ ਦੇ ਵੱਖ ਵੱਖ ਕੈਡਰਾਂ ਵਿੱਚ ਸਬ-ਇੰਸਪੈਕਟਰ, ਇੰਟੇਲੀਜੇਂਸ ਅਫ਼ਸਰਾਂ ਦੀ ਭਰਤੀ ਕੀਤੀ ਜਾਣੀ ਹੈ। ਇਸ ਭਰਤੀ ਲਈ ਚਾਹਵਾਨ ਨੌਜਵਾਨ ਮਿਤੀ 27-07-2021 ਤੱਕ ਆਨਲਾਈਨ ਰਜਿਸਟ੍ਰੇਸ਼ਨ ਕਰਵਾ ਸਕਦੇ ਹਨ।
ਇਸ ਸਬੰਧੀ ਸ੍ਰੀ ਅਰੁਣ ਕੁਮਾਰ, ਰੋਜ਼ਗਾਰ ਅਫ਼ਸਰ ਵੱਲੋਂ ਪੰਜਾਬ ਦੇ ਬੇਰੋਜ਼ਗਾਰ ਨੌਜਵਾਨਾਂ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਗਿਆ ਕਿ ਇਸ ਭਰਤੀ ਲਈ ਯੁਵਕਾਂ ਨੁੰ ਸਰੀਰਕ ਯੋਗਤਾ ਟੈਸਟ ਪਾਸ ਕਰਨਾ ਲਾਜ਼ਮੀ ਹੋਵੇਗਾ। ਇਸ ਟੈਸਟ ਵਿੱਚ 1600 ਮੀਟਰ ਦੀ ਦੋੜ, ਲੰਬੀ ਛਲਾਂਗ ਅਤੇ ਉੱਚੀ ਛਲਾਂਗ ਸ਼ਾਮਿਲ ਹਨ। ਸਰੀਰਕ ਯੋਗਤਾ ਤੋਂ ਇਲਾਵਾ ਲਿਖਤੀ ਪ੍ਰੀਖਿਆ ਵੀ ਲਾਜ਼ਮੀ ਹੋਵੇਗੀ, ਜੋ ਕਿ ਕੰਪਿਊਟਰ ਬੇਸਡ ਟੈਸਟ ਰਾਹੀਂ ਹੋਵੇਗੀ, ਜਿਸ ਵਿੱਚ ਵੱਖ ਵੱਖ ਵਿਸ਼ਿਆਂ ਜਿਵੇਂ ਜਨਰਲ ਜਾਗਰੂਕਤਾ, ਸੰਖਿਆਤਮਕ ਹੁਨਰ, ਪੰਜਾਬੀ ਭਾਸ਼ਾ, ਕੰਪਿਊਟਰ ਜਾਗਰੂਕਤਾ ਅਤੇ ਅੰਗਰੇਜ਼ੀ ਭਾਸ਼ਾ ਆਦਿ ਸ਼ਾਮਿਲ ਹਨ।
ਇਸ ਸਬੰਧੀ ਹੋਰ ਜਾਣਕਾਰੀ ਦਿੰਦੇ ਹੋਏ ਸੁਪ੍ਰੀਤ ਕੌਰ, ਕਰੀਅਰ ਕਾਉਂਸਲਰ ਵੱਲੋਂ ਦੱਸਿਆ ਗਿਆ ਕਿ ਇਨ੍ਹਾਂ ਭਰਤੀਆਂ ਲਈ ਪੁਲਿਸ ਵਿਭਾਗ ਰੂਪਨਗਰ ਵੱਲੋਂ ਪੁਲਿਸ ਲਾਈਨ, ਰੂਪਨਗਰ ਵਿਖੇ ਸਵੇਰੇ 5:30 ਤੋਂ 6:30 ਵਜੇ ਤੱਕ ਲੜਕਿਆਂ ਨੂੰ ਅਤੇ ਸਵੇਰੇ 6:30 ਤੋਂ 7:30 ਵਜੇ ਲੜਕੀਆਂ ਨੂੰ ਮੁਫ਼ਤ ਟ੍ਰੇਨਿੰਗ ਦਿੱਤੀ ਜਾ ਰਹੀ ਹੈ। ਇਨ੍ਹਾਂ ਕੈਂਪਾਂ ਵਿੱਚ ਕਰਵਾਈ ਜਾਣ ਵਾਲੀ ਟ੍ਰੇਨਿੰਗ ਸਿਹਤ ਵਿਭਾਗ ,ਪੰਜਾਬ ਵੱਲੋਂ ਸਮੇਂ ਸਮੇਂ ਸਿਰ ਜਾਰੀ ਕੀਤੀਆਂ ਜਾਣ ਵਾਲੀਆਂ ਹਦਾਇਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਕਰਵਾਈ ਜਾ ਰਹੀ ਹੈ। ਜੇਕਰ ਕੋਈ ਪ੍ਰਾਰਥੀ ਪੁਲਿਸ ਲਾਈਨ ਵਿਖੇ ਉਕਤ ਸਮੇਂ ਤੋਂ ਇਲਾਵਾ ਸ਼ਾਮ ਨੂੰ ਵੀ ਆਪਣੀ ਪ੍ਰੈਕਟਿਸ ਕਰਨਾ ਚਾਹੁੰਦਾ ਹੈ ਤਾਂ ਕਰ ਸਕਦੇ ਹਨ। ਚਾਹਵਾਨ ਪ੍ਰਾਰਥੀ ਪੁਲਿਸ ਲਾਈਨ, ਰੂਪਨਗਰ ਵਿਖੇ ਪਹੁੰਚ ਕੇ ਮੁਫਤ ਟ੍ਰੇਨਿੰਗ ਦਾ ਲਾਭ ਲੈ ਸਕਦੇ ਹਨ।