ਵਿਧਾਇਕ ਪਿੰਕੀ ਨੇ ਰਾਮਬਾਗ ਬਿਰਧ ਆਸ਼ਰਮ ਵਿਖੇ ਬਣ ਰਹੇ ਨਵੇਂ ਕਮਰਿਆਂ ਦਾ ਕੀਤਾ ਨਿਰੀਖਣ

ਬਜ਼ੁਰਗਾਂ ਦੇ ਵਧੀਆ ਰਹਿਣ-ਸਹਿਣ ਲਈ ਬਿਰਧ ਆਸ਼ਰਮ ਲਈ 47 ਲੱਖ ਰੁਪਏ ਕਰਵਾਏ ਮਨਜ਼ੂਰ, ਸੋਲਰ ਸਿਸਟਮ, ਵੱਡਾ ਡਾਈਨਿੰਗ ਹਾਲ ਅਤੇ ਆਸ਼ਰਮ ਦਾ ਕਰਵਾਇਆ ਨਵੀਨੀਕਰਨ
ਬਜ਼ੁਰਗਾਂ ਦੀ ਸੇਵਾ ਕਰਨਾ ਸਾਡਾ ਪਹਿਲਾ ਫਰਜ- ਵਿਧਾਇਕ ਪਿੰਕੀ
ਫਿਰੋਜ਼ਪੁਰ 19 ਜੁਲਾਈ 2021 ਰਾਮਬਾਗ ਬਿਰਧ ਆਸ਼ਰਮ ਫਿਰੋਜ਼ਪੁਰ ਛਾਉਣੀ ਵਿਖੇ ਬਜ਼ੁਰਗਾਂ ਦੇ ਵਧੀਆ ਰਹਿਣ ਸਹਿਣ ਲਈ ਵਿਧਾਇਕ ਫਿਰੋਜ਼ਪੁਰ ਸ਼ਹਿਰੀ ਸ੍ਰ: ਪਰਮਿੰਦਰ ਸਿੰਘ ਪਿੰਕੀ ਵੱਲੋਂ ਸਰਕਾਰ ਪਾਸੋਂ ਆਸ਼ਰਮ ਲਈ 47 ਲੱਖ ਰੁਪਏ ਮਨਜ਼ੂਰ ਕਰਵਾਏ ਗਏ ਹਨ।ਵਿਧਾਇਕ ਵੱਲੋਂ ਪਹਿਲਾਂ ਆਸ਼ਰਮ ਵਿਖੇ ਸੋਲਰ ਸਿਸਟਮ ਲਗਵਾਇਆ ਗਿਆ ਅਤੇ ਹੁਣ ਆਸ਼ਰਮ ਵਿਖੇ ਨਵੇਂ ਕਮਰੇ ਅਤੇ ਡਾਇਨਿੰਗ ਹਾਲ ਬਣਵਾਇਆ ਜਾ ਰਿਹਾ ਹੈ।
ਨਵੇਂ ਕਮਰਿਆਂ ਦੇ ਨਿਰੀਖਣ ਲਈ ਐਤਵਾਰ ਨੂੰ ਵਿਧਾਇਕ ਪਰਮਿੰਦਰ ਸਿੰਘ ਪਿੰਕੀ ਖੁਦ ਆਸ਼ਰਮ ਵਿਖੇ ਪਹੁੰਚੇ ਜਿਥੇ ਉਨ੍ਹਾਂ ਨੇ ਉਸਾਰੀ ਦਾ ਜਾਇਜਾ ਲਿਆ ਅਤੇ ਨਾਲ ਹੀ ਉਥੇ ਬਜ਼ੁਰਗਾਂ ਦਾ ਹਾਲ ਚਾਲ ਵੀ ਜਾਣਿਆ। ਵਿਧਾਇਕ ਪਿੰਕੀ ਨੇ ਕਿਹਾ ਕਿ ਬਜ਼ੁਰਗਾਂ ਦੀ ਸੇਵਾ ਕਰਨਾ ਸਾਡਾ ਪਹਿਲਾ ਫਰਜ ਹੈ ਅਤੇ ਇਨ੍ਹਾਂ ਦੇ ਆਸ਼ੀਰਵਾਦ ਤੇ ਦੁਆਵਾਂ ਕਰ ਕੇ ਹੀ ਅੱਜ ਅਸੀਂ ਜਿੰਦਗੀ ਦੇ ਇਸ ਮੁਕਾਮ ਤੇ ਹਾਂ। ਉਨ੍ਹਾਂ ਕਿਹਾ ਕਿ ਇਨ੍ਹਾਂ ਬਜ਼ੁਰਗਾਂ ਨੂੰ ਇੱਥੇ ਰਹਿਣ ਵਿਚ ਕੋਈ ਦਿੱਕਤ ਨਹੀਂ ਆਵੇਗੀ ਅਤੇ ਉਨ੍ਹਾਂ ਦੀ ਸੇਵਾ ਲਈ ਉਹ ਹਮੇਸ਼ਾ ਹੀ ਤਿਆਰ ਹਨ।
ਵਿਧਾਇਕ ਪਿੰਕੀ ਨੇ ਕਿਹਾ ਕਿ ਉਨ੍ਹਾਂ ਦਾ ਇੱਕ ਹੀ ਸੁਪਨਾ ਹੈ ਕਿ ਉਹ ਫਿਰੋਜ਼ਪੁਰ ਦੇ ਹਰ ਵਰਗ ਲਈ ਭਲਾਈ ਦਾ ਕੰਮ ਕਰਨ। ਉਨ੍ਹਾਂ ਕਿਹਾ ਕਿ ਸਰਕਾਰ ਕੋਲ ਫੰਡਾਂ ਦੀ ਕੋਈ ਘਾਟ ਨਹੀਂ ਹੈ ਅਤੇ ਫਿਰੋਜ਼ਪੁਰ ਲਈ ਲਗਾਤਾਰ ਫੰਡ ਜਾਰੀ ਕਰਵਾਏ ਰਹੇ ਹਨ ਤਾਂ ਜੋ ਵੱਧ ਤੋਂ ਵੱਧ ਵਿਕਾਸ ਦੇ ਕੰਮ ਕਰਵਾਏ ਜਾ ਸਕਣ।
ਇਸ ਮੌਕੇ ਆਸ਼ਰਮ ਦੇ ਪ੍ਰਧਾਨ ਹਰੀਸ਼ ਗੋਇਲ ਨੇ ਵਿਧਾਇਕ ਪਿੰਕੀ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਹ ਫਿਰੋਜ਼ਪੁਰ ਦੇ ਇਤਹਾਸ ਵਿਚ ਪਹਿਲੀ ਵਾਰ ਹੈ ਕਿ ਕਿਸੇ ਵਿਧਾਇਕ ਨੇ ਆਸ਼ਰਮ ਲਈ 47 ਲੱਖ ਰੁਪਏ ਮਨਜ਼ੂਰ ਕਰਵਾਏ ਹੋਣ, ਉਨ੍ਹਾਂ ਕਿਹਾ ਕਿ ਹੁਣ ਤੱਕ ਕਿਸੇ ਨੇ ਵੀ ਇਸ ਬਿਰਧ ਆਸ਼ਰਮ ਵੱਲ ਧਿਆਨ ਨਹੀਂ ਦਿੱਤਾ। ਉਨ੍ਹਾਂ ਕਿਹਾ ਕਿ ਵਿਧਾਇਕ ਪਿੰਕੀ ਵੱਲੋਂ ਫਿਰੋਜ਼ਪਰ ਵਿਚ ਲਗਾਤਾਰ ਵੱਡੇ ਕੰਮ ਕਰਵਾਏ ਗਏ ਹਨ ਪਹਿਲਾਂ ਉਨ੍ਹਾਂ ਵੱਲੋਂ ਪੀਜੀਆਈ ਦਾ ਪ੍ਰਾਜੈਕਟ, ਫਿਰ ਫਿਰੋਜ਼ਪੁਰ ਵਿਖੇ ਯੂਨੀਵਰਸਿਟੀ ਅਤੇ ਕਈ ਵੱਡੇ ਪਾਰਕ ਆਦਿ ਦੇ ਪ੍ਰਾਜੈਕਟ ਲਿਆਂਦੇ ਗਏ। ਉਨ੍ਹਾਂ ਕਿਹਾ ਕਿ ਇਸੇ ਤਰ੍ਹਾਂ ਹੀ ਉਨ੍ਹਾਂ ਵੱਲੋਂ ਆਸ਼ਰਮ ਲਈ ਵੀ ਸੋਲਰ ਸਿਸਟਮ ਲਗਵਾਕੇ ਦਿੱਤਾ ਗਿਆ ਅਤੇ ਹੁਣ ਨਵੇਂ ਕਮਰਿਆਂ ਦੀ ਉਸਾਰੀ ਦਾ ਕੰਮ ਵੀ ਕਰਵਾਇਆ ਜਾ ਰਿਹਾ ਹੈ। ਇਸ ਮੌਕੇ ਸੰਜੇ ਗੁਪਤਾ ਵੀ ਹਾਜ਼ਰ ਸਨ।

Spread the love