ਖੇਤਾਂ ਨੂੰ ਪਾਈਪਾਂ ਪਾਉਣ ਦਾ ਕੰਮ ਛੇਤੀ ਹੋਵੇਗਾ ਸ਼ੁਰੂ: ਅਮਿਤ ਬੈਂਬੀ
ਬਰਨਾਲਾ, 19 ਜੁਲਾਈ 2021
ਬਰਨਾਲਾ-ਬਾਜਾਖਾਨਾ ਰੋਡ ’ਤੇ ਸਥਿਤ ਸੀਵਰੇਜ ਟਰੀਟਮੈਂਟ ਪਲਾਂਟ ਦੇ ਸੋਧੇ ਪਾਣੀ ਨਾਲ 5.40 ਹੈਕਟੇਅਰ ਖੇਤੀਯੋਗ ਜ਼ਮੀਨ ਨੂੰ ਪਾਣੀ ਮਿਲੇਗਾ। ਇਸ ਵਾਸਤੇ ਪਲਾਂਟ ਤੋਂ ਖੇਤਾਂ ਨੂੰ ਸਿੱਧੀਆਂ ਪਾਈਪਾਂ ਪਾਈਆਂ ਜਾਣਗੀਆਂ, ਜਿਸ ਨਾਲ ਨੇੜਲੇ ਕਰੀਬ 200 ਕਿਸਾਨਾਂ ਦੇ ਖੇਤਾਂ ਦੀ ਪਾਣੀ ਦੀ ਜ਼ਰੂਰਤ ਪੂਰੀ ਹੋਵੇਗੀ।
ਇਹ ਪ੍ਰਗਟਾਵਾ ਵਧੀਕ ਡਿਪਟੀ ਕਮਿਸ਼ਨਰ (ਜ) ਸ੍ਰੀ ਅਮਿਤ ਬੈਂਬੀ ਵੱਲੋਂ ਅੱਜ ਸੀਵਰੇਜ ਟਰੀਟਮੈਂਟ ਪਲਾਂਟ ਦਾ ਦੌਰਾ ਕਰਨ ਮੌਕੇ ਕੀਤਾ ਗਿਆ। ਇਸ ਮੌਕੇ ਸੀਵਰੇਜ ਬੋਰਡ ਦੇ ਅਧਿਕਾਰੀਆਂ ਨਾਲ ਗੱਲ ਕਰਦਿਆਂ ਸ੍ਰੀ ਬੈਂਬੀ ਨੇ ਆਖਿਆ ਕਿ ਇਸ ਪਲਾਂਟ ਤੋਂ ਪਾਈਪਾਂ ਪਾਉਣ ਦਾ ਕੰਮ ਅਗਲੇ ਮਹੀਨੇ ਸ਼ੁਰੂ ਕਰ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਡਿਪਟੀ ਕਮਿਸ਼ਨਰ ਸ੍ਰੀ ਤੇਜ ਪ੍ਰਤਾਪ ਸਿੰਘ ਫੂਲਕਾ ਦੀ ਅਗਵਾਈ ਹੇਠ ਇਸ ਪ੍ਰਾਜੈਕਟ ਤਹਿਤ ਪਾਈਪਾਂ ਪਾਉਣ ਦਾ ਕੰਮ ਛੇਤੀ ਸ਼ੁਰੂ ਹੋਵੇਗਾ। ਇਹ 6 ਕਰੋੜ ਦਾ ਪ੍ਰਾਜੈਕਟ ਹੈ, ਜੋ ਸ਼ੁਰੂ ਹੋਣ ਤੋਂ ਬਾਅਦ ਲਗਭਗ 6 ਮਹੀਨਿਆਂ ਵਿਚ ਮੁਕੰਮਲ ਹੋ ਜਾਵੇਗਾ।
ਇਸ ਮੌਕੇ ਐਸਡੀਓ ਸੀਵਰੇਜ ਬੋਰਡ ਰਾਜਿੰਦਰ ਸਿੰਘ ਨੇ ਦੱਸਿਆ ਕਿ ਇਹ ਪਲਾਂਟ ਬਰਨਾਲਾ ਸ਼ਹਿਰ ਦਾ ਸੀਵਰੇਜ ਦਾ ਪਾਣੀ ਸੋਧਦਾ ਹੈ, ਜੋ ਸੀਨੀਅਰ ਆਗੂ ਸ. ਕੇਵਲ ਸਿੰਘ ਢਿੱਲੋਂ ਦੇ ਸੰਜੀਦਾ ਯਤਨਾਂ ਨਾਲ ਸਾਲ 2020 ਵਿਚ ਚਾਲੂ ਹੋਇਆ ਸੀ ਤੇ ਇਸ ’ਤੇ 92 ਕਰੋੜ ਦੀ ਲਾਗਤ ਆਈ ਸੀ। ਉਨ੍ਹਾਂ ਕਿਹਾ ਕਿ ਪਲਾਂਟ ਸ਼ਹਿਰ ਲਈ ਲਾਹੇਵੰਦ ਸਾਬਿਤ ਹੋ ਰਿਹਾ ਹੈ। ਇਸ ਮੌਕੇ ਜੇਈ ਤਰੁਣ ਕੁਮਾਰ ਤੇ ਹੋਰ ਅਧਿਕਾਰੀ ਵੀ ਹਾਜ਼ਰ ਸਨ।