ਜ਼ਿਲ੍ਹੇ ਦੇ ਸਮੂਹ ਸਰਕਾਰੀ ਸਕੂਲਾਂ ਵੱਲੋਂ ਅੱਜ ” ਲਾਇਬ੍ਰੇਰੀ ਲੰਗਰ” ਲਗਾ ਕੇ ਵੰਡੀਆਂ ਜਾਣਗੀਆਂ ਪੁਸਤਕਾਂ

ਬਰਨਾਲਾ,21 ਜੁਲਾਈ 2021
ਜ਼ਿਲ੍ਹੇ ਦੇ ਸਮੂਹ ਸਰਕਾਰੀ ਪ੍ਰਾਇਮਰੀ, ਮਿਡਲ, ਹਾਈ ਅਤੇ ਸੀਨੀਅਰ ਸੈਕੰਡਰੀ ਸਕੂਲਾਂ ਵੱਲੋਂ 22 ਜੁਲਾਈ ਨੂੰ ਵਿਸ਼ਾਲ “ਲਾਇਬ੍ਰੇਰੀ ਲੰਗਰ” ਲਗਾ ਕੇ ਵਿਦਿਆਰਥੀਆਂ ਨੂੰ ਪੁਸਤਕਾਂ ਮੁਹੱਈਆ ਕਰਵਾਈਆਂ ਜਾਣਗੀਆਂ।
ਇਸ ਬਾਰੇ ਜਾਣਕਾਰੀ ਦਿੰਦਿਆਂ ਸਰਬਜੀਤ ਸਿੰਘ ਤੂਰ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਅਤੇ ਕੁਲਵਿੰਦਰ ਸਿੰਘ ਸਰਾਏ ਜ਼ਿਲ੍ਹਾ ਸਿੱਖਿਆ ਅਫਸਰ ਐਲੀਮੈਂਟਰੀ ਨੇ ਦੱਸਿਆ ਕਿ ਸਿੱਖਿਆ ਮੰਤਰੀ ਵਿਜੇ ਇੰਦਰ ਸਿੰਗਲਾ ਦੀ ਰਹਿਨੁਮਾਈ ਅਤੇ ਸਿੱਖਿਆ ਸਕੱਤਰ ਸ਼੍ਰੀ ਕ੍ਰਿਸ਼ਨ ਕੁਮਾਰ ਦੀ ਅਗਵਾਈ ਹੇਠ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨੂੰ ਪੁਸਤਕ ਸੱਭਿਆਚਾਰ ਨਾਲ ਜੋੜਨ ਲਈ ਸਿੱਖਿਆ ਵਿਭਾਗ ਵੱਲੋਂ “ਲਾਇਬ੍ਰੇਰੀ ਲੰਗਰ” ਦੀ ਮੁਹਿੰਮ ਸ਼ੁਰੂ ਕੀਤੀ ਗਈ ਹੈ।
ਸਿੱਖਿਆ ਅਧਿਕਾਰੀਆਂ ਨੇ ਦੱਸਿਆ ਕਿ ਵਿਦਿਆਰਥੀਆਂ ਨੂੰ ਪਾਠਕ੍ਰਮ ਦੀਆਂ ਪੁਸਤਕਾਂ ਦੇ ਨਾਲ- ਨਾਲ ਸਾਹਿਤਕ ਪੁਸਤਕਾਂ ਪੜ੍ਹਨ ਲਈ ਪ੍ਰੇਰਿਤ ਕਰਨ ਹਿੱਤ ਸਰਕਾਰੀ ਸਕੂਲਾਂ ਦੀਆਂ ਲਾਇਬ੍ਰੇਰੀਆਂ ਪ੍ਰਫੁੱਲਿਤ ਕਰਨ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾ ਰਿਹਾ ਹੈ। ਲਾਇਬ੍ਰੇਰੀਆਂ ਲਈ ਵੱਖਰੇ ਕਮਰੇ ਉਪਲੱਬਧ ਕਰਵਾਉਣ ਦੇ ਨਾਲ-ਨਾਲ ਹਰ ਵਰਗ ਦੇ ਵਿਦਿਆਰਥੀਆਂ ਲਈ ਵੱਡੀ ਗਿਣਤੀ ਵਿੱਚ ਪੁਸਤਕਾਂ ਉਪਲੱਬਧ ਕਰਵਾਈਆਂ ਗਈਆਂ ਹਨ। ਸਿੱਖਿਆ ਅਧਿਕਾਰੀਆਂ ਨੇ ਦੱਸਿਆ ਕਿ ਹਰ ਸਕੂਲ ਵੱਲੋਂ ਜਿੱਥੇ ਰੋਜ਼ਾਨਾ ਹੀ ਵਿਦਿਆਰਥੀਆਂ ਨੂੰ ਪੁਸਤਕਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ, ਉੱਥੇ 22 ਜੁਲਾਈ ਨੂੰ ਸਮੂਹ ਸਕੂਲਾਂ ਵੱਲੋਂ ਸਕੂਲਾਂ, ਧਾਰਮਿਕ ਅਸਥਾਨਾਂ ਅਤੇ ਹੋਰ ਸਾਂਝੀਆਂ ਥਾਵਾਂ ‘ਤੇ “ਲਾਇਬ੍ਰੇਰੀ ਲੰਗਰ” ਲਗਾ ਕੇ ਵਿਦਿਆਰਥੀਆਂ ਨੂੰ ਪੁਸਤਕਾਂ ਮੁਹੱਈਆ ਕਰਵਾਈਆਂ ਜਾਣਗੀਆਂ।
ਹਰਕੰਵਲਜੀਤ ਕੌਰ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਅਤੇ ਵਸੁੰਧਰਾ ਕਪਿਲਾ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਨੇ ਕਿਹਾ ਕਿ “ਲਾਇਬ੍ਰੇਰੀ ਲੰਗਰ”ਲਗਾਉਣ ਦਾ ਮੁੱਖ ਮਨੋਰਥ ਵਿਦਿਆਰਥੀਆਂ ਨੂੰ ਸਾਹਿਤਕ ਪੁਸਤਕਾਂ ਪੜ੍ਹਨ ਲਈ ਪ੍ਰੇਰਿਤ ਕਰਨਾ ਹੈ। ਸਿੱਖਿਆ ਅਧਿਕਾਰੀਆਂ ਨੇ ਕਿਹਾ ਕਿ ਸਾਹਿਤਕ ਪੁਸਤਕਾਂ ਜਰੀਏ ਵਿਦਿਆਰਥੀ ਮਹਾਨ ਸਖਸ਼ੀਅਤਾਂ ਦੀ ਜਿੰਦਗੀ ਦੇ ਤਜ਼ਰਬੇ ਜਾਣਨ ਦੇ ਸਮਰੱਥ ਬਣਦੇ ਹਨ। ਪੁਸਤਕਾਂ ਵਿਦਿਆਰਥੀਆਂ ਦੇ ਗਿਆਨ ਵਿੱਚ ਇਜ਼ਾਫਾ ਕਰਨ ਦੇ ਨਾਲ- ਨਾਲ ਉਨ੍ਹਾਂ ਨੂੰ ਆਤਮ ਵਿਸ਼ਵਾਸ਼ੀ ਅਤੇ ਦ੍ਰਿੜ ਇਰਾਦੇ ਦੇ ਮਾਲਕ ਬਣਾਉਂਦੀਆਂ ਹਨ। “ਲਾਇਬ੍ਰੇਰੀ ਲੰਗਰ” ਮੁਹਿੰਮ ਅਧੀਨ 22 ਜੁਲਾਈ ਨੂੰ ਸਰਕਾਰੀ ਸਕੂਲਾਂ ਦੇ ਹਰ ਵਿਦਿਆਰਥੀ ਨੂੰ ਪੁਸਤਕ ਮੁਹੱਈਆ ਕਰਵਾਉਣ ਦੇ ਨਾਲ-ਨਾਲ ਪੁਸਤਕ ਪੜ੍ਹਨ ਉਪਰੰਤ ਪੁਸਤਕ ਬਾਰੇ ਆਪਣੇ ਵਿਚਾਰ ਲਿਖਣ ਲਈ ਵੀ ਪ੍ਰੇਰਿਤ ਕੀਤਾ ਜਾਵੇਗਾ।
ਹਰੀਸ਼ ਬਾਂਸਲ ਪ੍ਰਿੰਸੀਪਲ ਜ਼ਿਲ੍ਹਾ ਮੈਂਟਰ ਵਿਗਿਆਨ, ਅਮਨਿੰਦਰ ਸਿੰਘ ਜ਼ਿਲ੍ਹਾ ਮੈਂਟਰ ਅੰਗਰੇਜ਼ੀ ਅਤੇ ਸਮਾਜਿਕ ਸਿੱਖਿਆ, ਕਮਲਦੀਪ ਜ਼ਿਲ੍ਹਾ ਮੈਂਟਰ ਗਣਿਤ, ਸਿਮਰਦੀਪ ਸਿੰਘ ਜ਼ਿਲ੍ਹਾ ਮੈਂਟਰ ਖੇਡਾਂ, ਕੁਲਦੀਪ ਸਿੰਘ ਭੁੱਲਰ ਜ਼ਿਲ੍ਹਾ ਕੋ-ਆਰਡੀਨੇਟਰ ਪੜੋ ਪੰਜਾਬ ਅਤੇ ਬਿੰਦਰ ਸਿੰਘ ਖੁੱਡੀ ਕਲਾਂ ਜ਼ਿਲ੍ਹਾ ਮੀਡੀਆ ਕੋ-ਆਰਡੀਨੇਟਰ ਨੇ ਕਿਹਾ ਕਿ ਇਨਸਾਨ ਦੀ ਜ਼ਿੰਦਗੀ ਨੂੰ ਸਫ਼ਲ ਬਣਾਉਣ ਵਿੱਚ ਪੁਸਤਕਾਂ ਦੀ ਬਹੁਤ ਵੱਡੀ ਭੂਮਿਕਾ ਹੁੰਦੀ ਹੈ। ਇਨਸਾਨ ਦੇ ਗਿਆਨ ਦਾਇਰੇ ਨੂੰ ਵਿਸ਼ਾਲ ਕਰਨ ਲਈ ਪੁਸਤਕਾਂ ਤੋਂ ਵਧੀਆ ਹੋਰ ਕੋਈ ਵਸੀਲਾ ਨਹੀਂ। ਉਨ੍ਹਾਂ ਕਿਹਾ ਕਿ 22 ਜੁਲਾਈ ਦੇ “ਲਾਇਬ੍ਰੇਰੀ ਲੰਗਰ” ਪ੍ਰਤੀ ਜ਼ਿਲ੍ਹੇ ਦੇ ਸਕੂਲ ਮੁਖੀਆਂ, ਅਧਿਆਪਕਾਂ ਅਤੇ ਵਿਦਿਆਰਥੀਆਂ ‘ਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ।
ਫੋਟੋ ਕੈਪਸ਼ਨ: ਸਰਕਾਰੀ ਸਕੂਲ ਵੱਲੋਂ “ਲਾਇਬ੍ਰੇਰੀ ਲੰਗਰ” ਲਈ ਸਜਾਈਆਂ ਪੁਸਤਕਾਂ।

Spread the love