ਬਰਨਾਲਾ, 23 ਜੁਲਾਈ 2021
ਮਾਨਯੋਗ ਜ਼ਿਲ੍ਹਾ ਅਤੇ ਸੈਸ਼ਨਜ ਜੱਜ-ਕਮ-ਚੇਅਰਮੈਨ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਬਰਨਾਲਾ ਸ਼੍ਰੀ ਵਰਿੰਦਰ ਅੱਗਰਵਾਲ ਜੀ ਵੱਲੋਂ ਜ਼ਿਲ੍ਹਾ ਜੇਲ੍ਹ, ਬਰਨਾਲਾ ਦੀ ਅਚਨਚੇਤ ਚੈਕਿੰਗ ਕੀਤੀ ਗਈ। ਉਨ੍ਹਾਂ ਨਾਲ ਸ਼੍ਰੀਮਤੀ ਸੁਚੇਤਾ ਅਸ਼ੀਸ਼ ਦੇਵ, ਮਾਨਯੋਗ ਸੀ.ਜੇ.ਐੱਮ. ਬਰਨਾਲਾ, ਸ਼੍ਰੀ ਬਲਜੀਤ ਸਿੰਘ ਜੇਲ੍ਹ ਸੁਪਰਡੰਟ ਹਾਜ਼ਰ ਸਨ। ਜੇਲ੍ਹ ਪਹੁੰਚਣ ਤੇ ਉਨ੍ਹਾਂ ਵੱਲੋਂ ਰਸੋਈ ਘਰ ਦੀ ਸਾਫ਼-ਸਫ਼ਾਈ ਦਾ ਜਾਇਜ਼ਾ ਲਿਆ ਗਿਆ ਅਤੇ ਬੰਦੀਆ ਲਈ ਬਣਾਏ ਜਾ ਰਹੇ ਖਾਣੇ ਦੀ ਚੈਕਿੰਗ ਕੀਤੀ ਗਈ। ਉਨ੍ਹਾਂ ਜੇਲ੍ਹ ਸੁਪਰਡੰਟ ਨੂੰ ਹਦਾਇਤ ਕੀਤੀ ਕਿ ਖਾਣਾ ਪਕਾਉਣ ਵਾਲੀ ਜਗ੍ਹਾ ਦੀ ਸਾਫ਼-ਸਫ਼ਾਈ ਦਾ ਖਾਸ ਖਿਆਲ ਰੱਖਿਆ ਜਾਵੇ ਅਤੇ ਖਾਣ ਵਾਲੀਆਂ ਵਸਤੂਆ ਢੱਕ ਕੇ ਰੱਖੀਆ ਜਾਣ।
ਇਸ ਤੋਂ ਬਾਅਦ ਉਨ੍ਹਾਂ ਵੱਲ੍ਹੋਂ ਕੈਦੀਆਂ/ਹਵਾਲਾਤੀਆਂ ਨੂੰ ਉਨ੍ਹਾਂ ਦੇ ਕੇਸਾਂ ਵਿੱਚ ਆ ਰਹੀਆਂ ਮੁਸ਼ਕਿਲਾ ਬਾਰੇ ਸੁਣਿਆ ਗਿਆ ਅਤੇ ਸਮੱਸਿਆਵਾਂ ਦੇ ਮੌਕੇ ਤੇ ਹੱਲ ਵੀ ਦੱਸੇ। ਇਸ ਤੋਂ ਇਲਾਵਾ ਉਨ੍ਹਾਂ ਨੇ ਬੰਦੀਆਂ ਨੂੰ ਹਦਾਇਤ ਕੀਤੀ ਕਿ ਕੋਵਿਡ-19 ਦੇ ਚੱਲਦਿਆਂ ਹਰੇਕ ਬੰਦੀ ਮਾਸਕ ਨੂੰ ਠੀਕ ਤਰੀਕੇ ਨਾਲ ਲਗਾ ਕੇ ਰੱਖੇ ਅਤੇ ਸਮਾਜਿਕ ਦੂਰੀ ਦਾ ਪਾਲਣ ਕਰਨਾ ਵੀ ਯਕੀਨੀ ਬਣਾਇਆ ਜਾਵੇ।
ਅੰਤ ਵਿੱਚ ਮਾਨਯੋਗ ਜ਼ਿਲ੍ਹਾ ਅਤੇ ਸੈਸ਼ਨਜ਼ ਜੱਜ, ਬਰਨਾਲਾ ਜੀ ਵੱਲੋਂ ਹਦਾਇਤ ਕੀਤੀ ਗਈ ਕਿ ਜ਼ਰੂਰਤਮੰਦ ਵਿਅਕਤੀ ਨੂੰ ਮੁਫ਼ਤ ਵਕੀਲ ਦੀਆਂ ਸੇਵਾਵਾਂ ਮੁਹੱਈਆ ਕਰਵਾਉਣਾ ਯਕੀਨੀ ਬਣਾਇਆ ਜਾਵੇ।