ਮਾਲ ਵਿਭਾਗ ਦੇ ਅਧਿਕਾਰੀਆਂ ਨੂੰ ਰਿਕਵਰੀਆਂ ਯਕੀਨੀ ਬਣਾਉਣ ਦੇ ਦਿੱਤੇ ਆਦੇਸ਼-ਡਿਪਟੀ ਕਮਿਸ਼ਨਰ

ਪ੍ਰਾਈਵੇਟ ਬਿਲਡਿੰਗਾਂ ਵਿੱਚ ਚੱਲ ਰਹੇ ਆਂਗਣਵਾੜੀ ਕੇਂਦਰਾਂ ਨੂੰ ਬਦਲਿਆ ਜਾਵੇ ਸਰਕਾਰੀ ਪ੍ਰਾਇਮਰੀ ਸਕੂਲਾਂ ‘ਚ
ਸੋਮਵਾਰ ਤੋਂ ਖੁਲ੍ਹਣਗੇ 10ਵੀਂ ਤੋਂ 12ਵੀਂ ਦੇ ਸਕੂਲ
ਮਹੀਨਾਵਾਰ ਮੀਟਿੰਗਾਂ ਦੌਰਾਨ ਵੱਖ-ਵੱਖ ਵਿਭਾਗਾਂ ਦੇ ਕੰਮਾਂ ਦੀ ਕੀਤੀ ਸਮੀਖਿਆ
ਅੰਮ੍ਰਿਤਸਰ 23 ਜੁਲਾਈ 2021
ਜਿਲੇ੍ਹ ਦੇ ਵੱਖ ਵੱਖ ਵਿਭਾਗਾਂ ਦੀ ਸਮੀਖਿਆ ਲਈ ਸੈਕਟਰ ਵਾਈਜ ਕੰਮਾਂ ਦੀ ਸਮੀਖਿਆ ਕਰਨ ਲਈ ਡਿਪਟੀ ਕਮਿਸ਼ਨਰ ਸ੍ਰ ਗੁਰਪ੍ਰੀਤ ਸਿੰਘ ਖਹਿਰਾ ਵੱਲੋਂ ਮੀਟਿੰਗ ਕੀਤੀ ਗਈ। ਇਸ ਮੀਟਿੰਗ ਵਿੱਚ ਸੈਕਟਰ ਵਾਈਜ ਮਾਲ, ਸਿਖਿਆ ਅਤੇ ਸਮਾਜਿਕ ਖੇਤਰ ਦੇ ਨਾਲ ਸਬੰਧਤ ਵਿਭਾਗਾਂ ਦੇ ਕੰਮ ਦੀ ਪ੍ਰਗਤੀ ਦਾ ਜਾਇਜਾ ਲੈਂਦੇ ਹੋਏ ਸ੍ਰ ਖਹਿਰਾ ਨੇ ਮਾਲ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਰਿਕਵਰੀਆਂ ਵਿੱਚ ਤੇਜੀ ਲਿਆਂਦੀ ਜਾਵੇ ਅਤੇ ਪੁਰਾਣੇ ਪਏ ਇੰਤਕਾਲਾਂ ਦਾ ਨਿਪਟਾਰਾ ਮਿਥੇ ਸਮੇਂ ਅੰਦਰ ਕਰਨ ਦੇ ਆਦੇਸ ਦਿੱਤੇ। ਡਿਪਟੀ ਕਮਿਸ਼ਨਰ ਨੇ ਤਹਿਸੀਲਦਾਰਾਂ ਨੂੰ ਕਿਹਾ ਕਿ ਜਿੰਨਾਂ ਦੇ ਖੇਤਰਾਂ ਵਿੱਚ ਇੰਤਕਾਲਾ ਪੈਡਿੰਗ ਪਏ ਹਨ ’ਤੇ ਨਿੱਜੀ ਧਿਆਨ ਦੇ ਕੇ ਨੇਪਰੇ ਚਾੜਿਆ ਜਾਵੇ ਤਾਂ ਜੋ ਲੋਕਾਂ ਨੂੰ ਕਿਸ ਕਿਸਮ ਦੀ ਮੁਸਕਲ ਪੇਸ਼ ਨਾ ਆਵੇ। ਉਨ੍ਹਾਂ ਕਿਹਾ ਕਿ ਇਹ ਆਮ ਵੇਖਣ ਵਿੱਚ ਆ ਰਿਹਾ ਹੈ ਕਿ ਰਜਿਸਟਰੀ ਕਰਵਾਉਣ ਸਮੇਂ ਲੋਕਾਂ ਵੱਲੋਂ ਇੰਤਕਾਲ ਨਹੀਂ ਕਰਵਾਇਆ ਜਾਂਦਾ ਜਿਸ ਕਰਕੇ ਮਾਲ ਵਿਭਾਗ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ।
ਇਸ ਉਪਰੰਤ ਡਿਪਟੀ ਕਮਿਸ਼ਨਰ ਵੱਲੋਂ ਸਿਖਿਆ ਵਿਭਾਗ ਦੇ ਅਧਿਕਾਰੀਆਂ ਨਾਲ ਮੀਟਿੰਗ ਕਰਦਿਆਂ ਕਿਹਾ ਕਿ ਸਰਕਾਰ ਵੱਲੋਂ 26 ਜੁਲਾਈ ਤੋਂ 10 ਤੋਂ 12ਵੀਂ ਜਮਾਤ ਤੱਕ ਸਾਰੇ ਸਕੂਲ ਖੋੋਲਣ ਦੇ ਆਦੇਸ਼ ਜਾਰੀ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਸਾਰੇ ਸਕੂਲਾਂ ਦੇ ਅਧਿਆਪਕਾਂ ਨੂੰ ਵੈਕਸੀਨ ਦੀਆਂ ਦੋਵੇਂ ਡੋਜਾਂ ਲੱਗੀਆਂ ਹੋਣੀਆਂ ਚਾਹੀਦੀਆਂ ਹਨ। ਉਨ੍ਹਾਂ ਜਿਲ੍ਹਾ ਸਿਖਿਆ ਅਧਿਕਾਰੀ ਨੂੰ ਕਿਹਾ ਕਿ ਸਕੂਲਾਂ ਵਿੱਚ ਕੋਵਿਡ ਦੇ ਨਿਯਮਾਂ ਦੀ ਸਖਤੀ ਨਾਲ ਪਾਲਣਾ ਕਰਵਾਈ ਜਾਵੇ ਅਤੇ ਬੱਚਿਆਂ ਨੂੰ ਮਾਸਕ ਲਗਾ ਕੇ ਹੀ ਸਕੂਲ ਦੇ ਅੰਦਰ ਦਾਖਲੇ ਦੀ ਇਜਾਜਤ ਦਿੱਤੀ ਜਾਵੇ।
ਮੀਟਿੰਗ ਦੌਰਾਨ ਡਿਪਟੀ ਕਮਿਸ਼ਨਰ ਵੱਲੋਂ ਸ਼ੋਸ਼ਲ ਸੈਕਟਰ ਦੇ ਵਿਭਾਗਾਂ ਨਾਲ ਵੀ ਮੀਟਿੰਗ ਕੀਤੀ ਗਈ। ਸ੍ਰ ਖਹਿਰਾ ਨੇ ਦੱਸਿਆ ਕਿ ਅਸ਼ੀਰਵਾਦ ਸਕੀਮ ਤਹਿਤ ਅਪ੍ਰੈਲ 2021 ਤੋਂ ਜੂਨ 2021 ਤੱਕ 1569 ਲੋਕਾਂ ਨੂੰ ਲਾਭ ਦਿੱਤਾ ਗਿਆ ਹੈ ਅਤੇ ਜਲਦ ਹੀ ਇਨ੍ਹਾਂ ਲਾਭਪਾਤਰੀਆਂ ਦੇ ਬੈਂਕ ਖਾਤਿਆਂ ਵਿੱਚ ਰਾਸ਼ੀ ਪਹੁੰਚ ਜਾਵੇਗੀ। ਸ੍ਰ ਖਹਿਰਾ ਨੇ ਦੱਸਿਆ ਕਿ ਜਿਲੇ੍ਹ ਵਿੱਚ 1859 ਦੇ ਕਰੀਬ ਆਂਗਨਵਾੜੀ ਕੇਦਰ ਹਨ ਜਿੰਨਾਂ ਵਿੱਚੋਂ 349 ਕੇਂਦਰ ਪ੍ਰਾਈਵੇਟ ਇਮਾਰਤਾਂ ਵਿੱਚ ਚੱਲ ਰਹੇ ਹਨ। ਉਨ੍ਹਾਂ ਨੇ ਸਬੰਧਤ ਅਧਿਕਾਰੀਆਂ ਨੂੰ ਕਿਹਾ ਕਿ ਕਿਰਾਏ ਦੀਆਂ ਬਿਲਡਿੰਗਾਂ ਵਿੱਚ ਚੱਲ ਰਹੇ ਆਂਗਨਵਾੜੀ ਕੇਂਦਰਾਂ ਨੂੰ ਸਰਕਾਰੀ ਪ੍ਰਾਇਮਰੀ ਸਕੂਲਾਂ ਵਿੱਚ ਬਦਲਿਆ ਜਾਵੇ। ਉਨ੍ਹਾਂ ਦੱਸਿਆ ਕਿ ਸਾਰੇ ਆਂਗਨਵਾੜੀ ਕੇਂਦਰਾਂ ਵਿੱਚ ਜਲ ਜੀਵਨ ਮਿਸ਼ਨ ਤਹਿਤ ਸਾਫ ਪਾਣੀ ਮੁਹੱਈਆ ਕਰਵਾਇਆ ਜਾ ਰਿਹਾ ਹੈ ਅਤੇ ਟਾਈਲਟ ਦੀ ਸੁਵਿਧਾ ਵੀ ਮੁਹੱਈਆਂ ਕਰਵਾਈ ਜਾ ਰਹੀ ਹੈ।
ਮੀਟਿੰਗ ਦੌਰਾਨ ਡਿਪਟੀ ਕਮਿਸ਼ਨਰ ਨੇ ਸਬੰਧਤ ਅਧਿਕਾਰੀਆਂ ਨੂੰ ਕਿਹਾ ਕਿ ਕੋਵਿਡ 19 ਦੌਰਾਨ ਕਈ ਵਿਭਾਗਾਂ ਦੇ ਕੰਮ ਪੈਡਿੰਗ ਰਹਿ ਗਏ ਸਨ ਪਰ ਹੁਣ ਇਸ ਮਹਾਂਮਾਰੀ ਤੋਂ ਰਾਹਤ ਮਿਲੀ ਹੈ ਅਤੇ ਸਾਰੇ ਵਿਭਾਗਾਂ ਦੇ ਅਧਿਕਾਰੀਆਂ ਨੂੂੰ ਚਾਹੀਦਾ ਹੈ ਕਿ ਉਹ ਆਪਣੇ ਵਿਭਾਗ ਦੇ ਕੰਮਾਂ ਵਿੱਚ ਤੇਜੀ ਲਿਆਉਣ ਅਤੇ ਜਿੰਨੇ ਵੀ ਪੈਡਿੰਗ ਕੰਮ ਰਹਿ ਗਏ ਹਨ ਨੂੰ ਜਲਦ ਨਿਪਟਾਇਆ ਜਾਵੇ।
ਇਸ ਮੀਟਿੰਗ ਵਿੱਚ ਵਧੀਕ ਡਿਪਟੀ ਕਮਿਸ਼ਨਰ ਸ੍ਰੀਮਤੀ ਰੂਹੀ ਡੱਗ, ਐਸ:ਡੀ:ਐਮਜ਼ ਸ੍ਰੀ ਵਿਕਾਸ ਹੀਰਾ, ਮੈਡਮ ਅਨਾਇਤ ਗੁਪਤਾ, ਸ੍ਰੀ ਦੀਪਕ ਭਾਟੀਆ, ਤਹਿਸੀਲਦਾਰ ਮਨਜੀਤ ਸਿੰਘ, ਸ੍ਰ ਪਰਮਜੀਤ ਸਿੰਘ, ਮਾਲ ਅਫਸਰ ਸ੍ਰੀ ਮੁਕੇਸ਼ ਸ਼ਰਮਾ, ਜਿਲ੍ਹਾ ਪ੍ਰੋਗਰਾਮ ਅਫਸਰ ਸ੍ਰ ਮਨਜਿੰਦਰ ਸਿੰਘ, ਜਿਲ੍ਹਾ ਸਮਾਜ ਭਲਾਈ ਅਫਸਰ ਸ੍ਰ ਅਸੀਸ ਇੰਦਰ ਸਿੰਘ, ਜਿਲ੍ਹਾ ਖੁਰਾਕ ਤੇ ਸਪਲਾਈ ਅਫਸਰ ਸ੍ਰੀ ਰਾਜ ਰਿਸ਼ੀ ਤੋਂ ਇਲਾਵਾ ਸਬੰਧਤ ਵਿਭਾਗਾਂ ਦੇ ਅਧਿਕਾਰੀ ਵੀ ਹਾਜਰ ਸਨ।
ਕੈਪਸ਼ਨ ਸ੍ਰ ਗੁਰਪ੍ਰੀਤ ਸਿੰਘ ਖਹਿਰਾ ਡਿਪਟੀ ਕਮਿਸ਼ਨਰ ਮੀਟਿੰਗ ਦੌਰਾਨ ਵੱਖ ਵੱਖ ਵਿਭਾਗਾਂ ਦੇ ਕੰਮਾਂ ਦੀ ਸਮੀਖਿਆ ਕਰਦੇ ਹੋਏ। ਨਾਲ ਨਜਰ ਆ ਰਹੇ ਹਨ ਵਧੀਕ ਡਿਪਟੀ ਕਮਿਸ਼ਨਰ ਸ੍ਰੀਮਤੀ ਰੂਹੀ ਡੱਗ।

Spread the love