ਏ.ਡੀ.ਸੀ.ਪੀ. ਰੁਪਿੰਦਰ ਸਰਾਂ ਦੇ ਦਿਮਾਗੀ ਕਾਢ ਪ੍ਰੋਜੈਕਟ ਦਾ ਉਦੇਸ਼, ਪੀੜ੍ਹਤਾਂ ਨੂੰ ਸੀ.ਆਈ.ਆਈ. ਦੇ ਸਹਿਯੋਗ ਨਾਲ ਪੈਰਾਂ ‘ਤੇ ਖੜ੍ਹੇ ਕਰਨਾ
ਲੁਧਿਆਣਾ, 23 ਜੁਲਾਈ 2021 ਬਲਾਤਕਾਰ ਪੀੜਤਾਂ ਨੂੰ ਉਨ੍ਹਾਂ ਦੇ ਮੁੜ ਵਸੇਬੇ ਵਿੱਚ ਸਹਾਇਤਾ ਪ੍ਰਦਾਨ ਕਰਨ ਦੇ ਉਦੇਸ਼ ਨਾਲ ਲੁਧਿਆਣਾ ਪੁਲਿਸ ਕਮਿਸ਼ਨਰ ਸ੍ਰੀ ਰਾਕੇਸ਼ ਅਗਰਵਾਲ ਨੇ ਅੱਜ ਪ੍ਰੋਜੈਕਟ ਸਵੇਰਾ: ਏਕ ਨਈ ਸੁਬਾਹ, ਏਕ ਨਈ ਸ਼ੁਰੂਆਤ ਦਾ ਆਰੰਭ ਸਥਾਨਕ ਲੁਧਿਆਣਾ ਪੁਲਿਸ ਦੇ ਇੱਕ ਇੰਟਰਐਕਟਿਵ ਸੈਸ਼ਨ ਦੌਰਾਨ ਕਨਫਡ੍ਰੇਸ਼ਨ ਆਫ ਇੰਡੀਅਨ ਇੰਡਸਟਰੀ (ਸੀ.ਆਈ.ਆਈ.) ਨਾਲ ਕੀਤੀ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਏ.ਡੀ.ਸੀ.ਪੀ. ਲੁਧਿਆਣਾ ਰੁਪਿੰਦਰ ਕੌਰ ਸਰਾਂ, ਇਹ ਪ੍ਰੋਜੈਕਟ ਜਿਨ੍ਹਾਂ ਦੀ ਦਿਮਾਗੀ ਕਾਢ ਹੈ, ਨੇ ਕਿਹਾ ਕਿ ਪੀੜ੍ਹਤਾਂ ਦੇ ਉੱਜਵਲ ਭਵਿੱਖ ਦੀ ਉਸਾਰੀ ਅਤੇ ਉਨ੍ਹਾਂ ਦੀ ਮਿਹਨਤ ਨਾਲ ਉਨ੍ਹਾਂ ਦੇ ਸੁਪਨਿਆਂ ਨੂੰ ਸਾਕਾਰ ਕਰਨ ਦੇ ਨਾਲ-ਨਾਲ ਪ੍ਰਭਾਵਤ ਪਰਿਵਾਰਾਂ ਨੂੰ ਸਮਾਜ ਵਿੱਚ ਸਤਿਕਾਰਯੋਗ ਜੀਵਨ ਜਿਉਣ ਦਾ ਮੌਕਾ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਇਸ ਮੌਕੇ ਸੰਬੋਧਨ ਕਰਦਿਆਂ ਪੁਲਿਸ ਕਮਿਸ਼ਨਰ ਸ੍ਰੀ ਰਾਕੇਸ਼ ਅਗਰਵਾਲ ਨੇ ਕਿਹਾ ਕਿ ਇੱਕ ਸਮਾਜ ਹੋਣ ਦੇ ਨਾਤੇ ਇਹ ਸਾਡੀ ਨੈਤਿਕ ਜ਼ਿੰਮੇਵਾਰੀ ਬਣਦੀ ਹੈ ਕਿ ਅਸੀਂ ਇਨ੍ਹਾਂ ਪੀੜ੍ਹਤਾਂ ਦੀ ਸਹਾਇਤਾ ਕਰੀਏ, ਨਾ ਕਿ ਸਿਰਫ ਇੱਕ ਡਿਊਟੀ ਦੇ ਤੌਰ ‘ਤੇ ਕੰਮ ਕਰੀਏ। ਉਨ੍ਹਾਂ ਅੱਗੇ ਦੱਸਿਆ ਕਿ ਅਸੀਂ ਪੀੜ੍ਹਤ ਲੋਕਾਂ ਨੂੰ ਰੁਜ਼ਗਾਰ ਦੇ ਕੇ ਉਨ੍ਹਾਂ ਦਾ ਸ਼ਸ਼ਕਤੀਕਰਨ ਕਰਨਾ ਚਾਹੁੰਦੇ ਹਾਂ ਅਤੇ ਉਨ੍ਹਾਂ ਅੱਗੇ ਦੱਸਿਆ ਕਿ ਸੀ.ਆਈ.ਆਈ. ਪਹਿਲਾਂ ਹੀ ਸਹਿਯੋਗ ਲਈ ਵਚਨਬੱਧ ਹੈ।
ਪ੍ਰੋਜੈਕਟ ਦੇ ਪਿੱਛੇ ਪ੍ਰੇਰਣਾ ਸਾਂਝੀ ਕਰਦਿਆਂ ਸਰਾਂ ਨੇ ਕਿਹਾ, ”ਇਸ ਤਰ੍ਹਾਂ ਦੇ ਬਹੁਤ ਸਾਰੇ ਮਾਮਲੇ ਹਨ ਅਤੇ ਮੈਂ ਹਮੇਸ਼ਾਂ ਸੋਚਿਆ ਹੈ ਕਿ ਉਨ੍ਹਾਂ ਦੀ ਜ਼ਿੰਦਗੀ ਨੂੰ ਬਿਹਤਰ ਬਣਾਉਣ ਵਿੱਚ ਸਹਾਇਤਾ ਲਈ ਕੀ ਕੀਤਾ ਜਾ ਸਕਦਾ ਹੈ”। ਉਨ੍ਹਾਂ ਦੂਜੀਆਂ ਅਜਿਹੀਆਂ ਸੰਸਥਾਵਾਂ ਨੂੰ ਪੀੜ੍ਹਤਾਂ ਅਤੇ ਉਨ੍ਹਾਂ ਦੇ ਬੱਚਿਆਂ ਨੂੰ ਵਿੱਤੀ ਸਹਾਇਤਾ/ਸਿੱਖਿਆ ਪ੍ਰਦਾਨ ਕਰਨ ਲਈ ਅੱਗੇ ਆਉਣ ਦੀ ਅਪੀਲ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਰੁਜ਼ਗਾਰ ਮੁਹੱਈਆ ਕਰਵਾਉਣਾ ਇਸ ਦਿਸ਼ਾ ਵਿੱਚ ਇੱਕ ਵੱਡਾ ਕਦਮ ਹੋਵੇਗਾ।
ਇਨ੍ਹਾਂ ਪੀੜਤਾਂ ਨੂੰ ਗੱਲਬਾਤ ਕਰਨ ਅਤੇ ਉਨ੍ਹਾਂ ਨੂੰ ਭਾਵਾਤਮਕ ਸਹਾਇਤਾ ਪ੍ਰਦਾਨ ਕਰਨ ਦੀ ਜ਼ਰੂਰਤ ‘ਤੇ ਜ਼ੋਰ ਦਿੰਦਿਆਂ ਸਰਾਂ ਨੇ ਦੱਸਿਆ ਕਿ ਸਮਾਜਕ ਸੰਗਠਨਾਂ ਵੱਲੋਂ ਇਸ ਮੋਰਚੇ ਵੱਲ ਚੱਲਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਪ੍ਰੋਜੈਕਟ ਸਵੇਰਾ ਟੀਮ ਦੀ ਅਗਵਾਈ ਏ.ਡੀ.ਸੀ.ਪੀ. ਜ਼ੋਨ 4 ਰੁਪਿੰਦਰ ਕੌਰ ਸਰਾਂ ਦੇ ਨਾਲ ਵਿਧਾਤਾ ਗਰੁੱਪ ਐਂਟਰਪ੍ਰਿਨੋਰ ਦੇ ਜੁਆਇੰਟ ਐਮ.ਡੀ. ਅਮਿਤ ਜੁਨੇਜਾ, ਸਹਿਜ ਸਲਿਊਸ਼ਨਜ਼ ਦੇ ਡਾਇਰੈਕਟਰ ਅਤੇ ਸੀ.ਆਈ.ਆਈ, ਲੁਧਿਆਣਾ ਦੇ ਮੌਜੂਦਾ ਚੇਅਰਮੈਨ ਅਸ਼ਪ੍ਰੀਤ ਸਿੰਘ ਸਾਹਨੀ ਤੋਂ ਇਲਾਵਾ ਐਚ.ਆਰ.ਬੀ.ਐਲ. ਗਰੁੱਪ ਦੇ ਐਮ.ਡੀ. ਅਤੇ ਮੌਜੂਦਾ ਵਾਈਸ ਚੇਅਰਮੈਨ ਸੀ.ਆਈ.ਆਈ, ਲੁਧਿਆਣਾ ਦੀ ਅਸ਼ਵਿਨ ਨਾਗਪਾਲ ਵੱਲੋਂ ਕੀਤੀ ਜਾ ਰਹੀ ਹੈ। ਸੀਨੀਅਰ ਸਲਾਹਕਾਰ ਅਤੇ ਪੀਡੀਟ੍ਰਿਕ ਕ੍ਰਿਟਿਕਲ ਕੇਅਰ ਸਪੈਸ਼ਲਿਸ਼ਟ ਇਨ ਕਲੀਓ ਮਦਰ ਐਂਡ ਚਾਈਲਡ ਇੰਸਟੀਚਿਊਟ, ਲੁਧਿਆਣਾ ਡਾ. ਮਹਿਕ ਬਾਂਸਲ, ਡਾ. ਵੀਨਸ ਬਾਂਸਲ, ਸੀਨੀਅਰ ਸਾਈਕੋਲੋਜਿਸਟ ਡਾ. ਰਾਸ਼ੀ ਮੈਂਬਰ ਵਜ਼ੋ ਸ਼ਾਮਲ ਹਨ।