ਹੇਠਲੇ ਪਾਣੀ ਦੇ ਪੱਧਰ ਨੂੰ ਹੋਰ ਨੀਵਾਂ ਜਾਣ ਤੋਂ ਰੋਕਣ ਲਈ ਰਵਾਇਤੀ ਕੱਦੂ ਤਕਨੀਕ ਦੀ ਬਿਜਾਏ ਝੋਨੇ ਦੀ ਸਿੱਧੀ ਬਿਜਾਈ ਕਰਨ ਦੀ ਜ਼ਰੂਰਤ : ਖੇਤੀ ਮਾਹਿਰ

ਝੋਨੇ ਦੀ ਸਿੱਧੀ ਬਿਜਾਈ ਨੂੰ ਉਤਸ਼ਾਹਿਤ ਕਰਨ ਲਈ ਪਿੰਡ ਜਗਤਪੁਰ ਵਿੱਚ ਖੇਤ ਦਿਵਸ ਮਨਾਇਆ ਗਿਆ।
ਪਠਾਨਕੋਟ  26 ਜੁਲਾਈ 2021 ਡਾ. ਸੁਖਦੇਵ ਸਿੰਘ ਸਿੱਧੂ ਡਾਇਰੈਕਟਰ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਅਤੇ ਡਾ. ਹਰਤਰਨਪਾਲ ਸਿੰਘ ਮੁੱਖ ਖੇਤੀਬਾੜੀ ਅਫਸਰ ਦੀ ਅਗਵਾਈ ਹੇਠ ਮਿਸ਼ਨ “ਕਾਮਯਾਬ ਕਿਸਾਨ ਖੁਸ਼ਹਾਲ ਪੰਜਾਬ” ਤਹਿਤ ਝੋਨੇ ਦੀ ਸਿੱਧੀ ਬਿਜਾਈ ਨੂੰ ਉਤਸ਼ਾਹਿਤ ਕਰਨ ਲਈ ਇੱਕ ਵਿਸ਼ੇਸ਼ ਮੁਹਿੰਮ ਚਲਾਈ ਜਾ ਰਹੀ ਹੈ ਜਿਸ ਤਹਿਤ ਝੋਨੇ ਦੀ ਸਿੱਧੀ ਬਿਜਾਈ ਵਾਲੇ ਖੇਤਾਂ ਨੇੜੇ ਖੇਤ ਦਿਵਸ ਮਨਾਏ ਜਾ ਰਹੇ ਹਨ ਜੋ 31 ਜੁਲਾਈ ਤੱਕ ਜਾਰੀ ਰਹਿਣਗੇ।ਇਸ ਲੜੀ ਤਹਿਤ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਬਲਾਕ ਪਠਾਨਕੋਟ ਵੱਲੋਂ ਪਿੰਡ ਜਗਤਪੁਰ ਦੇ ਅਗਾਂਹਵਧੂ ਕਿਸਾਨ ਸ੍ਰੀ ਕੁਲਦੀਪ ਸਿੰਘ ਦੇ ਖੇਤਾਂ ਵਿੱਚ ਖੇਤ ਦਿਵਸ ਮਨਾਇਆ ਗਿਆ ਜਿਸ ਦੀ ਪ੍ਰਧਾਨਗੀ ਡਾ. ਅਮਰੀਕ ਸਿੰਘ ਬਲਾਕ ਖੇਤੀਬਾੜੀ ਅਫਸਰ ਨੇ ਕੀਤੀ । ਸ਼੍ਰੀ ਸੁਭਾਸ਼ ਚੰਦਰ ਖੇਤੀਬਾੜੀ ਉਪ ਨਿਰੀਖਕ ਦੇ ਪ੍ਰਬੰਧਾਂ ਹੇਠ ਮਨਾਏ ਖੇਤ ਦਿਵਸ ਮੌਕੇ ਸ਼੍ਰੀ ਗੁਰਦਿੱਤ ਸਿੰਘ ਖੇਤੀ ਵਿਸਥਾਰ ਅਫਸਰ,ਮਿਸ ਮਨਜੀਤ ਕੌਰ,ਸਰਵਸ਼੍ਰੀ ਨਿਰਪਜੀਤ ਖੇਤੀਬਾੜੀ ਉਪ ਨਿਰੀਖਕ,ਬਲਵਿੰਦਰ ਕੁਮਾਰ,ਮਨਦੀਪ ਕੁਮਾਰ ਹੰਸ ਸਹਾਇਕ ਤਕਨਾਲੋਜੀ ਪ੍ਰਬੰਧਕ,ਸਰਪੰਚ ਗ੍ਰਾਮ ਪੰਚਾਇਤ ਜਗਤਪੁਰ ਸ੍ਰੀ ਰਵੀ ਕੁਮਾਰ,ਖੁਸ਼ਹਾਲੀ ਦੇ ਰਖਵਾਲੇ ਸੂਬੇਦਾਰ ਸਤਿਆਪਾਲ,ਜਸਬੀਰ ਸਿੰਘ,ਸੁਖਦੇਵ ਸਿੰਘ,ਦਲਬੀਰ ਸਿੰਘ, ਸਾਗਰ ਕੁਮਾਰ, ਸਮੇਤ ਵੱਡੀ ਗਿਣਤੀ ਵਿੱਚ ਕਿਸਾਨ ਹਾਜ਼ਰ ਸਨ। 
ਕਿਸਾਨਾਂ ਨੂੰ ਸੰਬੋਧਨ ਕਰਦਿਆਂ ਡਾ. ਅਮਰੀਕ ਸਿੰਘ ਨੇ ਕਿਹਾ ਕਿ ਪੰਜਾਬ ਦੀ ਖੇਤੀ ਨੂੰ ਚਿਰ ਸਥਾਈ ਬਨਾਉਣ ਅਤੇ ਖੇਤੀ ਲਾਗਤ ਖਰਚੇ ਘਟਾ ਕੇ , ਸ਼ੁੱਧ ਖੇਤੀ ਆਮਦਨ ਵਿੱਚ ਵਾਧਾ ਕਰਨ ਲਈ ਜ਼ਰੂਰੀ ਹੈ ਕਿ ਫਸਲਾਂ ਦੀ ਕਾਸ਼ਤ ਦੀਆਂ ਅਜਿਹੀਆਂ ਤਕਨੀਕਾਂ ਅਪਨਾਈਆ ਜਾਣ ਜਿਸ ਨਾਲ ਕੁਦਰਤੀ ਸੋਮੇ ਪਾਣੀ,ਮਿੱਟੀ ਅਤੇ ਹਵਾ ਪ੍ਰਦੂਸਿਤ ਹੋਣ ਤੋਂ ਬਚੇ ਰਹਿਣ।ਉਨਾਂ ਕਿਹਾ ਕਿ ਝੋਨੇ ਦੀ ਫਸਲ ਵਿੱਚ ਲਗਾਤਾਰ ਪਾਣੀ ਖੜਾ ਰੱਖਣ ਨਾਲ ਮੀਥੇਨ ਗੈਸ ਦਾ ਵਧੇਰੇ ਵਿਸਰਜਨ ਹੁੰਦਾ ਹੈ।
ਉਨਾਂ ਕਿਹਾ ਕਿ ਉਪਰੋਕਤ ਸਮੱਸਿਆਵਾਂ ਨੂੰ ਧਿਆਨ ਵਿੱਚ ਰੱਖਦਿਆਂ ਜ਼ਰੂਰੀ ਹੈ ਕਿ ਝੋਨੇ ਦੀ ਰਵਾਇਤੀ ਕੱਦੂ ਕਰਨ ਦੀ ਤਕਨੀਕ ਦੀ ਬਜਾਏ ਝੋਨੇ ਦੀ ਸਿੱਧੀ ਬਿਜਾਈ ਨੂੰ ਵਿਭਾਗ ਵੱਲੋਂ ਉਤਸ਼ਾਹਿਤ ਕੀਤਾ ਜਾ ਰਿਹਾ ਹੈੇ।ਉਨਾਂ ਕਿਹਾ ਕਿ ਪੰਜਾਬ ਵਿੱਚ ਝੋਨੇ ਦੀ ਸਿੱਧੀ ਬਿਜਾਈ ਨੂੰ ਉਤਸ਼ਾਹਿਤ ਕਰਨ ਲਈ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵੱਲੋਂ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਹਨ।ਉਨਾਂ ਕਿਹਾ ਕਿ ਝੋਨੇ ਦੀ ਸਿੱਧੀ ਬਿਜਾਈ ਵਾਲੇ ਕੁਝ ਖੇਤਾਂ ਵਿੱਚ ਚੋਬਾ/ਚਾੜਾ/ਸਾਉਣ ਦੀ ਸਮੱਸਿਆ ਆਈ ਹੈ ਜਿਸ ਦੇ ਹੱਲ ਲਈ ਇਹ ਮਸਲਾ ਉੱਚ ਅਧਿਕਾਰੀਆ ਰਾਹੀਂ ਪੰਜਾਬ ਖੇਤੀਬਾੜੀ ਯੁਨੀਵਰਸਿਟੀ ਦੇ ਮਾਹਿਰਾਂ ਦੇ ਧਿਆਨ ਵਿੱਚ ਲਿਆਂਦਾ ਗਿਆ ਹੈ।ਉਨਾਂ ਕਿਹਾ ਕਿ ਇਹ ਖੋਜ ਦਾ ਵਿਸ਼ਾ ਹੈ ਜੋ ਭਵਿੱਖ ਵਿੱਚ ਹੱਲ ਕਰ ਲਿਆ ਜਾਵੇਗਾ।ਉਨਾਂ ਕਿਹਾ ਕਿ ਜਿੰਨਾਂ ਇਲਾਕਿਆਂ ਵਿੱਚ ਵਿੱਚ ਚਾੜਾ/ਸਾਉਣ/ ਜੰਗਲੀ ਝੋਨੇ ਦੀ ਸਮੱਸਿਆ ਹੋਵੇ,ਉਥੇ ਝੋਨੇ ਦੀ ਸਿੱਧੀ ਬਿਜਾਈ ਨਹੀਂ ਕਰਨੀ ਚਾਹੀਦੀ।
ਸ੍ਰੀ ਗੁਰਦਿੱਤ ਸਿੰਘ ਨੇ ਕਿਹਾ ਕਿ ਝੋਨੇ ਦੀ ਸਿੱਧੀ ਬਿਜਾਈ ਲਈ ਹਲਕੀਆਂ ਅਤੇ ਉੱਚੀਆਂ ਜ਼ਮੀਨਾਂ ਦੀ ਚੋਣ ਨਾਂ ਕਰੋ,ਸਿਰਫ ਭਾਰੀਆਂ ਅਤੇ ਜ਼ਰਖੇਜ਼ ਜ਼ਮੀਨਾਂ ਵਿੱਚ ਸਿੱਧੀ ਬਿਜਾਈ ਕੀਤੀ ਜਾਵੇ ਕਿਉਂਕਿ ਹਲਕੀਆਂ ਜ਼ਮੀਨਾਂ ਵਿੱਚ ਸਿੱਧੀ ਬਿਜਾਈ ਨਾਲ ਬੀਜੇ ਝੋਨੇ ਦੀ ਫਸਲ ਵਿੱਚ ਲੋਹੇ ਦੀ ਘਾਟ ਬਹੁਤ ਆ ਜਾਂਦੀ ਹੈ ਅਤੇ ਪੈਦਾਵਾਰ ਕਾਫੀ ਘਟ ਜਾਂਦੀ ਹੈ। ਉਨਾਂ ਕਿਹਾ ਕਿ ਸਿੱਧੀ ਬਿਜਾਈ ਦੀ ਸਫਲਤਾ ਲਈ ਜ਼ਰੂਰੀ ਹੈ ਕਿ ਖੇਤ ਨੂੰ ਲੇਜ਼ਰ ਕਰਾਹੇ ਨਾਲ ਪੱਧਰਾ ਕਰ ਲਿਆ ਜਾਵੇ ਤਾਂ ਜੋ ਪਾਣੀ ਇਕਸਾਰ ਲੱਗ ਸਕੇ ਅਤੇ ਪਾਣੀ ਦੀ ਬੱਚਤ ਹਣ ਦੇ ਨਾਲ ਬੀਜ ਦਾ ਪੁੰਗਾਰ ਵੀ ਵਧੀਆ ਹੁੰਦਾ ਹੈ।
ਕਿਸਾਨ ਕੁਲਦੀਪ ਸਿੰਘ ਨੇ ਆਪਣੇ ਤਜ਼ਰਬੇ ਸਾਂਝੇ ਕਰਦਿਆਂ ਕਿਹਾ ਕਿ ਇਸ ਵਾਰ ਇੱਕ ਏਕੜ ਰਕਬੇ ਪਹਿਲੀ ਵਾਰ ਝੋਨੇ ਦੀ ਸਿੱਧੀ ਬਿਜਾਈ ਕੀਤੀ ਗਈ ਹੈ ੳਤੇ ਹੁਣ ਤੱਕ ਇਸ ਵਿਧੀ ਦੀ ਕਾਰਗੁਜ਼ਾਰੀ ਬੇਹਤਰ ਹੈ।ਸਰਪੰਚ ਰਵੀ ਕੁਮਾਰ ਨੇ ਪਿੰਡ ਜਗਤਪੁਰ ਵਿੱਚ ਖੇਤੀਬਾੜੀ ਅਤੇ ਕਿਸਾਨ ਭਲਾਈ ਵੱਲੋਂ ਲਗਾਈ ਪਰਦਰਸ਼ਨੀ ਤੇ ਧੰਨਵਾਦ ਕਰਦਿਆਂ ਕਿਹਾ ਕਿ ਇਸ ਵਿਧੀ ਨਾਲ ਕੁਦਰਤੀ ਸੋਮੇ ਖਾਸ ਕਰਕੇ ਪਾਣੀ ਬਚਾਉਣ ਵਿੱਚ ਮਦਦ ਮਿਲੇਗੀ।

Spread the love