ਪੁਲਸ ਰਸੁਖਦਾਰ ਦੋਸ਼ੀਆਂ ਨੂੰ ਗਿ੍ਰਰਫਤਾਰ ਕਰਨ ’ਚ ਨਾਕਾਮ ਕਮਿਸ਼ਨ ਨੇ ਐਸਐਸਪੀ ਸ਼੍ਰੀ ਮੁਕਤਸਰ ਸਾਹਿਬ ਨੂੰ ਪੀੜਤ ਨੂੰ ਇਨਸਾਫ ਦੇਣ ਅਤੇ ਐਕਸ਼ਨ ਟੇਕਨ ਰਿਪੋਰਟ ਪੇਸ਼ ਕਰਨ ਦੇ ਆਦੇਸ਼
ਚੰਡੀਗੜ, 27 ਜੁਲਾਈ ( )- ਰਾਸ਼ਟਰੀ ਅਨੁਸੂਚਿਤ ਜਾਤੀ ਕਮਿਸ਼ਨ ਨੇ ਸ਼੍ਰੀ ਮੁਕਤਸਰ ਸਾਹਿਬ ਦੇ ਗੋਨਿਆਨਾ ਦੀ ਸਿੱਖ ਮਹਿਲਾ ‘ਤੇ ਹਮਲਾ ਅਤੇ ਧਮਕਾਉਣ ਦੇ ਮਾਮਲੇ ਦਾ ਸਖਤ ਨੋਟਿਸ ਲਿਆ ਹੈ। ਕਮਿਸ਼ਨ ਨੇ ਆਪਣੇ ਚੇਅਰਮੈਨ ਵਿਜੈ ਸਾਂਪਲਾ ਦੇ ਆਦੇਸ਼ਾਂ ’ਤੇ ਰਿਮਾਇੰਡਰ ਨੋਟਿਸ ਜਾਰੀ ਕਰਦਿਆਂ ਸ਼੍ਰੀ ਮੁਕਤਸਰ ਸਾਹਿਬ ਦੇ ਜਿਲਾ ਪ੍ਰਸ਼ਾਸਨ ਦੇ ਅਧਿਕਾਰੀਆਂ ਨੂੰ ਆਉਂਦੀ 30 ਜੁਲਾਈ ਤੱਕ ਐਕਸ਼ਨ ਟੇਕਨ ਰਿਪੋਰਟ ਪੇਸ਼ ਕਰਨ ਨੂੰ ਕਿਹਾ ਹੈ।
ਕਮਿਸ਼ਨ ਨੂੰ ਪ੍ਰਾਪਤ ਹੋਈ ਸ਼ਿਕਾਇਤ ਮੁਤਾਬਿਕ ਗੋਨਿਆਨਾ ਦੀ ਇਕ ਸਿਖ ਮਹਿਲਾ ਮਨਪ੍ਰੀਤ ਕੌਰ ਪੱਤਨੀ ਦਵਿੰਦਰ ਸਿੰਘ ਨੂੰ ਪਿੰਡ ਦੇ ਹੀ ਰਸੂਖਦਾਰ ਵਿਅਕਤੀਆਂ ਤੋਂ ਜਾਤੀਗਤ ਸੋਸ਼ਣ, ਜਾਨਲੇਵਾ ਹਮਲੇ ਅਤੇ ਜਾਨ ਤੋਂ ਖਤਰੇ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਮਜਹਬੀ ਸਿੱਖ ਪੀੜਤ ਮਹਿਲਾ ਵੱਲੋਂ ਪੁਲੀਸ ਵਿਚ ਪਿੰਡ ਚੱਕ ਸੂਹੇਵਾਲਾ ਦੇ ਰਸੂਖਦਾਰ ਵਿਅਕਤੀਆਂ ਜਿਨਾਂ ਵਿਚ ਨਿਰਪਾਲ ਸਿੰਘ, ਸੁਖਦੇਵ ਸਿੰਘ ਅਤੇ ਸ਼ੈਰੀ ਦੇ ਖਿਲਾਫ ਜਾਨਲੇਵਾ ਹਮਲਾ ਅਤੇ ਧਮਕਾਉਣ ਦੀ ਸ਼ਿਕਾਇਤ ਵੀ ਦਿੱਤੀ ਗਈ ਸੀ। ਉਥੇ ਹੀ ਰਸੂਖਦਾਰ ਵਿਅਕਤੀਆਂ ਦੇ ਰਾਜਨੀਤੀਕ ਸਬੰਧ ਅਤੇ ਪੈਸਿਆਂ ਦੇ ਬਲਬੁਤੇ ਪੁਲੀਸ ਸਰੇਆਮ ਪੀੜਤ ਨੂੰ ਮਾਮਲਾ ਖਾਰਿਜ਼ ਕਰਨ ਲਈ ਧਮਕਾ ਰਹੀ ਹੈ।
ਕਮਿਸ਼ਨ ਵੱਲੋਂ ਪੀੜਤ ਨੂੰ ਇਨਸਾਫ ਦਿਲਾਉਣ ਦੇ ਮਕਸਦ ਨਾਲ ਸ਼੍ਰੀ ਮੁਕਤਸਰ ਸਾਹਿਬ ਦੇ ਡਿਪਟੀ ਕਮਿਸ਼ਨਰ ਅਤੇ ਐਸਐਸਪੀ ਨੂੰ ਰਿਮਾਇੰਡਰ ਨੋਟਿਸ ਜਾਰੀ ਕੀਤਾ ਗਿਆ ਹੈ। ਸਾਂਪਲਾ ਨੇ ਕਿਹਾ ਕਿ ਇਸ ਗੰਭੀਰ ਮਾਮਲੇ ਨੂੰ ਲੈ ਕੇ ਕਮਿਸ਼ਨ ਵੱਲੋਂ 12 ਜੁਲਾਈ ਨੂੰ ਵੀ ਸਬੰਧਤ ਅਧਿਕਾਰੀਆਂ ਨੂੰ ਨੋਟਿਸ ਜਾਰੀ ਕੀਤਾ ਗਿਆ ਸੀ, ਜਿਸ ਦਾ ਅਧਿਕਾਰੀਆਂ ਵੱਲੋਂ ਕੋਈ ਵੀ ਜਵਾਬ ਨਹੀਂ ਕੀਤਾ ਗਿਆ।
ਕਮਿਸ਼ਨ ਨੇ ਰਿਮਾਇੰਡਰ ਨੋਟਿਸ ਜਾਰੀ ਕਰਦੇ ਹੋਏ ਸਖਤੀ ਨਾਲ ਅਧਿਕਾਰੀਆਂ ਨੂੰ ਨਿਰਧਾਰਿਤ ਸਮੇਂ ਵਿਚ ਇਸ ਮਾਮਲੇ ਦੀ ਐਕਸ਼ਨ ਟੇਕਨ ਰਿਪੋਰਟ ਪੇਸ਼ ਕਰਨ ਨੂੰ ਕਿਹਾ ਹੈ।
ਕਮਿਸ਼ਨ ਨੇ ਸਬੰਧਤ ਅਧਿਕਾਰੀਆਂ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਕਮੀਸ਼ਨ ਨੂੰ ਤੁਰੰਤ ਜਵਾਬ ਨਹੀਂ ਮਿਲਿਆ ਤਾਂ ਕਮੀਸ਼ਨ ਸੰਵਿਧਾਨ ਦੀ ਧਾਰਾ 338 ਦੇ ਤਹਿਤ ਮਿਲੀ ਸਿਵਿਲ ਕੋਰਟ ਦੀ ਪਾਵਰ ਦਾ ਇਸਤੇਮਾਲ ਕਰਦਿਆਂ ਸਬੰਧਤ ਅਧਿਕਾਰੀਆਂ ਨੂੰ ਵਿਅਕਤੀਗਤ ਤੌਰ ’ਤੇ ਕਮੀਸ਼ਨ ਦੇ ਦੇ ਅੱਗੇ ਪੇਸ਼ ਹੋਣ ਦੇ ਸੰਮਨ ਜਾਰੀ ਕਰੇਗਾ।