ਕੋਵਿਡ ਸਬੰਧੀ ਢੁੱਕਵੇਂ ਵਿਹਾਰ ਵਿੱਚ ਢਿੱਲ ਵਰਤਣ ਨਾਲ ਵਾਇਰਸ ਨੂੰ ਫੈਲਣ ਵਿੱਚ ਮਿਲੇਗੀ ਮਦਦ : ਡਿਪਟੀ ਕਮਿਸ਼ਨਰ ਵਰਿੰਦਰ ਸ਼ਰਮਾ
ਕਿਹਾ, ਕੋਵਿਡ ਪ੍ਰੋਟੋਕਾਲ ਦਾ ਪਾਲਨ ਕੀਤਾ ਜਾਵੇ ਕਿਉਂਕਿ ਵਾਇਰਸ ਅਜੇ ਵੀ ਮੌਜੂਦ
ਲੁਧਿਆਣਾ, 28 ਜੁਲਾਈ 2021
ਡਿਪਟੀ ਕਮਿਸ਼ਨਰ ਵਰਿੰਦਰ ਕੁਮਾਰ ਸ਼ਰਮਾ ਨੇ ਬੁੱਧਵਾਰ ਨੂੰ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਵੀਰਵਾਰ ਨੂੰ ਕੋਵਿਡ ਵੈਕਸੀਨ ਦੀਆਂ 30000 ਖੁਰਾਕ ਪ੍ਰਾਪਤ ਕਰਨ ਲਈ ਤਿਆਰ-ਬਰ-ਤਿਆਰ ਹੈ ਅਤੇ ਜ਼ਿਲ੍ਹੇ ਵਿੱਚ ਵੱਧ ਤੋਂ ਵੱਧ ਆਬਾਦੀ ਦੀ ਫੌਰੀ ਕਵਰੇਜ ਨੂੰ ਯਕੀਨੀ ਬਣਾਉਣ ਲਈ 24 ਘੰਟਿਆਂ ਦੇ ਅੰਦਰ ਸਮੁੱਚੀਆਂ ਖੁਰਾਕਾਂ ਦੀ ਵਰਤੋਂ ਕੀਤੀ ਜਾਵੇਗੀ।
ਡੀ.ਪੀ.ਆਰ.ਓ. ਲੁਧਿਆਣਾ ਦੇ ਅਧਿਕਾਰਤ ਪੇਜ ‘ਤੇ ਆਪਣੇ ਹਫ਼ਤਾਵਾਰੀ ਫੇਸਬੁੱਕ ਲਾਈਵ ਸੈਸ਼ਨ ਵਿਚ ਵਸਨੀਕਾਂ ਨੂੰ ਸੰਬੋਧਨ ਕਰਦਿਆਂ ਡਿਪਟੀ ਕਮਿਸ਼ਨਰ ਵਰਿੰਦਰ ਕੁਮਾਰ ਸ਼ਰਮਾ ਨੇ ਕਿਹਾ ਕਿ ਜ਼ਿਲ੍ਹੇ ਵਿਚ ਤਕਰੀਬਨ 14.5 ਲੱਖ ਲੋਕਾਂ ਦਾ ਟੀਕਾਕਰਨ ਕੀਤਾ ਜਾ ਚੁੱਕਾ ਹੈ ਅਤੇ ਸਮੂਹ ਅਧਿਕਾਰੀਆਂ ਨੂੰ ਲੁਧਿਆਣਾ ਦੇ ਵੱਧ ਤੋਂ ਵੱਧ ਰਕਬੇ ਵਿਚ ਟੀਕਾਕਰਨ ਕੈਂਪ ਲਗਾਉਣ ਲਈ ਰਣਨੀਤੀ ਤਿਆਰ ਕਰਨ ਦੇ ਆਦੇਸ਼ ਦਿੱਤੇ ਗਏ ਹਨ।
ਉਨ੍ਹਾਂ ਕਿਹਾ ਕਿ ਵਾਇਰਸ ‘ਤੇ ਲਗਾਮ ਲਾਉਣ ਲਈ ਵੈਕਸੀਨ ਹੀ ਇਕਮਾਤਰ ਪ੍ਰਭਾਵਸ਼ਾਲੀ ਹਥਿਆਰ ਹੈ ਅਤੇ ਇਸ ਨਾਲ ਸਮਾਜ ਨੂੰ ਆਮ ਹਾਲਾਤ ਵੱਲ ਪਰਤਣ ਵਿਚ ਮਦਦ ਮਿਲੇਗੀ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸੰਭਾਵਿਤ ਤੀਜੀ ਲਹਿਰ ਦੇ ਆਉਣ ਤੋਂ ਪਹਿਲਾਂ ਹਰੇਕ ਯੋਗ ਵਿਅਕਤੀ ਦਾ ਟੀਕਾਕਰਨ ਕਰਨ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ।
ਵੈਕਸੀਨ ਦੀ ਅਣ-ਉਪਲਬਧਤਾ ਬਾਰੇ ਵਸਨੀਕਾਂ ਦੇ ਸਵਾਲਾਂ ਦੇ ਜਵਾਬ ਦਿੰਦਿਆਂ ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਇਸ ਵੈਕਸੀਨ ਦੀ ਸਪਲਾਈ ਕੀਤੀ ਜਾ ਰਹੀ ਹੈ ਅਤੇ ਜਦੋਂ ਵੀ ਇਹ ਜ਼ਿਲ੍ਹੇ ਵਿੱਚ ਆਉਂਦਾ ਹੈ, ਲੋਕਾਂ ਨੂੰ ਬਿਨਾਂ ਕਿਸੇ ਦੇਰੀ ਤੋਂ ਟੀਕਾਕਰਨ ਕਰਵਾਉਣਾ ਚਾਹੀਦਾ ਹੈ।
ਉਨ੍ਹਾਂ ਇਹ ਵੀ ਕਿਹਾ ਕਿ ਪੋਜ਼ੀਟਿਵ ਦਰ 0.07 ਫੀਸਦੀ ਤੱਕ ਹੇਠਾਂ ਆ ਜਾਣ ਦੇ ਬਾਵਜੂਦ ਅਜੇ ਵੀ ਸਾਵਧਾਨੀ ਵਰਤਣ ਦੀ ਬਹੁਤ ਲੋੜ ਹੈ ਕਿਉਂਕਿ ਵਾਇਰਸ ਅਜੇ ਵੀ ਸਾਡੇ ਵਿਚਕਾਰ ਹੈ ਅਤੇ ਸਾਨੂੰ ਬਹੁਤ ਚੌਕਸ ਰਹਿਣਾ ਪਵੇਗਾ।
ਡਿਪਟੀ ਕਮਿਸ਼ਨਰ ਨੇ ਲੋਕਾਂ ਨੂੰ ਕਿਹਾ ਕਿ ਉਹ ਮਾਸਕ ਪਹਿਨਣਾ, ਸਮਾਜਿਕ ਦੂਰੀ ਬਣਾਈ ਰੱਖਣਾ ਅਤੇ ਹੱਥਾਂ ਦੀ ਸਫਾਈ ਸਮੇਤ ਕੋਵਿਡ-19 ਸਬੰਧੀ ਢੁੱਕਵੇਂ ਵਿਹਾਰ ਦੀ ਪਾਲਣਾ ਕਰਨਾ ਜਾਰੀ ਰੱਖਣ ਨਹੀਂ ਤਾਂ ਲਾਪ੍ਰਵਾਹੀ ਵਾਲਾ ਰਵੱਈਆ ਨਿਸ਼ਚਿਤ ਹੀ ਮਹਾਂਮਾਰੀ ਦੀ ਤੀਜੀ ਲਹਿਰ ਨੂੰ ਸੱਦਾ ਦੇਵੇਗਾ।