ਯੂਥ ਅਕਾਲੀ ਦਲ ਦੇ ਐਸ ਓ ਆਈ ਦੇ ਕਾਰਕੁੰਨਾਂ ਵੱਲੋਂ ਸਾਧੂ ਸਿੰਘ ਧਰਮਸੋਤ ਦੀ ਰਿਹਾਇਸ਼ ਦੇ ਬਾਹਰ ਰੋਸ ਮੁਜ਼ਾਹਰਾ

ਐਸ ਸੀ ਸਕਾਲਰਸ਼ਿਪ ਘੁਟਾਲੇ ਵਿਚ ਮੰਤਰੀ ਦੀ ਗ੍ਰਿਫਤਾਰੀ ਮੰਗੀ, ਗ੍ਰਿਫਤਾਰੀਆਂ ਦਿੱਤੀਆਂ
ਚੰਡੀਗੜ੍ਹ, 28 ਜੁਲਾਈ 2021 ਯੂਥ ਅਕਾਲੀ ਦਲ ਅਤੇ ਸਟੂਡੈਂਟਸ ਆਰਗੇਨਾਈਜੇਸ਼ਨ ਆਫ ਇੰਡੀਆ (ਐਸ ਓ ਆਈ) ਦੇ ਕਾਰਕੁੰਨਾ ਨੇ ਅੱਜ ਸਮਾਜ ਭਲਾੲਂ ਮੰਤਰੀ ਸਾਧੂ ਸਿੰਘ ਧਰਮਸੋਤ ਦੀ ਸਰਕਾਰੀ ਰਿਹਾਇਸ਼ ਦੇ ਬਾਹਰ ਰੋਸ ਮੁਜ਼ਾਹਰਾ ਕੀਤਾ ਤੇ ਮੰਗ ਕੀਤੀ ਕਿ ਐਸ ਸੀ ਸਕਾਲਰਸ਼ਿਪ ਘੁਟਾਲੇ ਵਿਚ ਮੰਤਰੀ ਨੂੰ ਤੁਰੰਤ ਗ੍ਰਿਫਤਾਰ ਕੀਤਾ ਜਾਵੇ।
ਯੂਥ ਅਕਾਲੀ ਦਲ ਦੇ ਕਾਰਕੁੰਨਾਂ ਦੀ ਅਗਵਾਈ ਯੂਥ ਅਕਾਲੀ ਦਲ ਦੇ ਸਰਬਜੀਤ ਸਿੰਘ ਝਿੰਜਰ ਤੇ ਐਸ ਓ ਆਈ ਪ੍ਰਧਾਨ ਰੋਬਿਨ ਬਰਾੜ ਕਰ ਰਹੇ ਸਨ। ਇਹਨਾਂ ਕਾਰਕੁੰਨਾ ਵੱਲੋਂ ਸਾਧੂ ਸਿੰਘ ਧਰਮਸੋਤ ਚੋਰ ਹੈ ਤੇ ਵਜ਼ੀਫਾ ਮਾਰਨ ਵਾਲਾ ਮੰਤਰੀ ਮੁਰਦਾਬਾਦ ਦੇ ਨਾਅਰੇ ਵੀ ਲਗਾਏ ਗਏ ਤੇ ਗ੍ਰਿਫਤਾਰੀਆਂ ਵੀ ਦਿੱਤੀਆਂ ਗਈਆਂ।
ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਰੋਬਿਨ ਬਰਾੜ ਨੇ ਕਿਹਾ ਕਿ ਧਰਮਸੋਤ ਨੇ ਨਾ ਸਿਰਫ ਵਿਭਾਗ ਦੇ ਤਤਕਾਲੀ ਪ੍ਰਮੁੱਖ ਸਕੱਤਰ ਕਿਰਪਾ ਸ਼ੰਕਰ ਸਰੋਜ ਵੱਲੋਂ ਦੱਸੇ ਅਨੁਸਾਰ ਐਸ ਸੀ ਸਕਾਲਰਸ਼ਿਪ ਘੁਟਾਲੇਤ ੋਂ 69ਕਰੋੜ ਰੁਪਏ ਦਾ ਮੁਨਾਫਾ ਕਮਾਇਆ ਹੈ ਬਲਕਿ ਲੱਖਾਂ ਦਲਿਤ ਵਿਦਿਆਰਥੀਆਂ ਦਾ ਭਵਿੱਖ ਖਰਾਬ ਕਰ ਦਿੱਤਾ ਹੈ।
ਉਹਨਾਂ ਕਿਹਾ ਕਿ ਮੰਤਰੀ ਦੀਆਂ ਕਾਰਵਾਈਆਂ ਨਾਲ ਦੋ ਲੱਖ ਤੋਂ ਵੱਧ ਐਸ ਸੀ ਵਿਦਿਆਰਥੀ ਉਚੇਰੀ ਸਿੱਖਿਆ ਸੰਸਥਾਵਾਂ ਤੋਂ ਬਾਹਰ ਕਰ ਦਿੱਤੇ ਗਏ ਹਨ। ਉਹਨਾਂ ਕਿਹਾ ਕਿ ਇਸਦਾ ਸੂਬੇ ਵਿਚ ਆਉਂਦੇ ਸਮੇਂ ਵਿਚ ਬਹੁਤ ਮਾੜਾ ਅਸਰ ਪਵੇਗਾ। ਉਹਨਾਂ ਕਿਹਾ ਕਿ ਜੇਕਰ ਕੇਸ ਵਿਚ ਨਿਆਂ ਨਾ ਦਿੱਤਾ ਗਿਆ ਤਾਂ ਫਿਰ ਐਸ ਓ ਆਈ ਟਿਕ ਕੇ ਨਹੀਂ ਬੈਠੇਗੀ। ਉਹਨਾਂ ਕਿਹਾ ਕਿ ਜੇਕਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਧਰਮਸੋਤ ਨੂੰ ਬਰਖ਼ਾਸਤ ਕਰ ਕੇ ਉਸਦੇ ਖਿਲਾਫ ਫੌਜਦਾਰੀ ਕੇਸ ਦਰਜ ਨਾ ਕਰਵਾਇਆ ਤਾਂ ਫਿਰ ਅਸੀਂ ਮੁੱਖ ਮੰਤਰੀ ਦਾ ਵੀ ਘਿਰਾਓ ਕਰਾਂਗੇ।
ਭੀਮ ਵੜੈਚ , ਵਿੱਕੀ ਮਿੱਡੂਖੇੜਾ ਤੇ ਪਰਮਿੰਦਰ ਬਾਹਰਾ ਸਮੇਤ ਯੂਥ ਅਕਾਲੀ ਦਲ ਦੇ ਸੀਨੀਅਰ ਆਗੂਆਂ ਨੇ ਵੀ ਧਰਮਸੋਤ ਦੇ ਖਿਲਾਫ ਤੁਰੰਤ ਕਾਰਵਾਈ ਦੀ ਮੰਗ ਕੀਤੀ ਤੇ ਕਿਹਾ ਕਿ ਹੈਰਾਨੀ ਵਾਲੀ ਗੱਲ ਹੈ ਕਿ ਸੀ ਬੀ ਆਈ ਵੱਲੋਂ ਮੰਤਰੀ ਖਿਲਾਫ ਜਾਂਚ ਆਰੰਭਣ ਦੇ ਬਾਵਜੂਦ ਮੁੱਖ ਮੰਤਰੀ ਭ੍ਰਿਸ਼ਟ ਮੰਤਰੀ ਦਾ ਬਚਾਅ ਕਰ ਰਹੇ ਹਨ। ਉਹਨਾਂ ਕਿਹਾ ਕਿ ਭਾਵੇਂ ਧਰਮਸੋਤ ਦੇ ਖਿਲਾਫ ਸਬੂਤਾਂ ਦਾ ਪਹਾੜ ਮੌਜੂਦ ਹੈ ਪਰ ਮੁੱਖ ਮੰਤਰੀ ਨੇ ਪਹਿਲਾਂ ਮੰਤਰੀ ਨੂੰ ਕਲੀਨ ਚਿੱਟ ਦੇ ਦਿੱਤੀ ਤੇ ਫਿਰ ਉਹਨਾਂ ਨੁੰ ਬੇਗੁਨਾਹ ਸਾਬਤ ਕਰਨ ਵਾਸਤੇ ਇਕ ਗਿਣੀ ਮਿਥੀ ਜਾਂਚ ਦੇ ਹੁਕਮ ਦੇ ਦਿੱਤੇ ਪਰ ਇਹ ਸਭ ਯਤਨ ਫੇਲ੍ਹ ਹੋ ਗਏ ਹਨ।
ਉਹਨਾਂ ਕਿਹਾ ਕਿ ਕੇਂਦਰ ਦੇ ਸਮਾਜ ਭਲਾਈ ਤੇ ਸਸ਼ਕਤੀਕਰਨ ਮੰਤਰਾਲੇ ਨੂੰ ਧਰਮਸੋਤ ਦੇ ਖਿਲਾਫ ਠੋਸ ਸਬੂਤ ਮਿਲ ਗਏ ਹਨ ਜਿਸ ਕਾਰਨ ਮੰਤਰੀ ਖਿਲਾਫ ਸੀ ਬੀ ਆਈ ਜਾਂਚ ਦੇ ਹੁਕਮ ਜਾਰੀ ਹੋਏ ਹਨ। ਉਹਨਾਂ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੁੰ ਸੀ ਬੀ ਆਈ ਜਾਂਚ ਵਿਚ ਅੜਿਕਾ ਨਹੀਂ ਬਣਨਾ ਚਾਹੀਦਾ ਤੇ ਮੰਤਰੀ ਧਰਮਸੋਤ ਨੁੰ ਤੁਰੰਤ ਬਰਖ਼ਾਸਤ ਕਰਨਾ ਚਾਹੀਦਾਹੈ ਤਾਂ ਜੋ ਕੇਸ ਦੀ ਨਿਰਪੱਖ ਜਾਂਚ ਹੋ ਸਕੇ।
ਇਸਮੌਕੇ ਯੂਥ ਅਕਾਲੀ ਦਲ ਤੇ ਐਸ ਓ ਆਈ ਆਗੂਆਂ ਨੇ ਐਲਾਨ ਕੀਤਾ ਕਿ ਜੇਕਰ ਧਰਮਸੋਤ ਦੇ ਖਿਲਾਫ ਢੁਕਵੀਂ ਕਾਰਵਾਈ ਨਾ ਹੋਈ ਤਾਂ ਫਿਰ ਉਹ ਭ੍ਰਿਸ਼ਟ ਮੰਤਰੀ ਦੇ ਖਿਲਾਫ ਸੰਘਰਸ਼ ਹੋਰ ਤੇਜ਼ ਕਰਨਗੇ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਭੀਮ ਸਿੰਘ ਵੜੈਚ, ਸਤਿੰਦਰ ਸਿੰਘ ਗਿੱਲ, ਸਰਬਜੀਤ ਸਿੰਘ ਝਿੰਜਰ, ਰੋਬਿਨ ਬਰਾੜ,ਪਰਮਿੰਦਰ ਸਿੰਘ ਬੋਹਾਰਾ, ਸੰਦੀਪ ਸਿੰਘ ਕਲੋਟਾ, ਅਜੈਪਾਲ ਮਿੱਡੂਖੇੜਾ, ਵਿੱਕੀ ਮਿੱਡੂਖੇੜਾ, ਰਵਿੰਦਰ ਖੇੜਾ ਤੇ ਹਰਜਿੰਦਰ ਸਿੰਘ ਬਲੌਂਗੀ ਵੀ ਹਾਜ਼ਰ ਸਨ।

Spread the love