ਕੋਵਿਡ-19 ਵੈਕਸੀਨੇਸ਼ਨ `ਤੇ ਕੇਂਦਰੀ ਸੂਚਨਾ ਤੇ ਪ੍ਰਸਾਰਨ ਮੰਤਰਾਲੇ ਦੇ ਖੇਤਰੀ ਲੋਕ ਸੰਪਰਕ ਬਿਊਰੋ ਵਲੋਂ ਜਾਗਰੂਕਤਾ ਅਭਿਆਨ ਦਾ ਸਮਾਪਨ

5 ਦਿਨਾਂ ਜਾਗਰੂਕਤਾ ਮੁਹਿੰਮ ਦੇ ਅਖੀਰਲੇ ਦਿਨ ਝਬਾਲ, ਪਿੰਡ ਨੂਰਦੀ, ਜੋਗ ਸਿੰਘ ਵਾਲਾ ਤੇ ਰਾਮਪੁਰਾ ਸਣੇ ਕਈ ਥਾਵਾਂ ` ਤੇ ਲੋਕਾਂ ਨੂੰ ਕੀਤਾ ਗਿਆ ਜਾਗਰੂਕ
ਕੋਵਿਡ-19 ਮੁਫ਼ਤ ਟੀਕਾਕਰਣ ਮੁਹਿੰਮ ਵਿੱਚ ਵੱਧ ਚੜ੍ਹ ਕੇ ਹਿੱਸਾ ਲੈਣ ਦੀ ਅਪੀਲ
ਲੋਕਾਂ ਨੇ ਕੇਂਦਰ ਸਰਕਾਰ ਦੀ ਇਸ ਮੁਹਿੰਮ ਨੂੰ ਜਨ ਅੰਦੋਲਨ ਬਣਾਉਣ ਦਾ ਕੀਤਾ ਵਾਅਦਾ
ਤਰਨ ਤਾਰਨ, 01 ਅਗਸਤ 2021
ਕੋਵਿਡ-19 ਮਹਾਂਮਾਰੀ ਤੋਂ ਦੇਸ਼ ਵਾਸੀਆਂ ਨੂੰ ਬਚਾਉਣ ਲਈ ਮਾਨਯੋਗ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਮੁਫ਼ਤ ਟੀਕਾਕਰਣ ਦੀ ਮੁਹਿੰਮ ਵਿੱਢਣ ਤੋਂ ਬਾਅਦ ਦੇਸ਼ ਭਰ ਵਿੱਚ ਵੱਖੋ-ਵੱਖ ਥਾਵਾਂ ਉੱਤੇ ਵੈਕਸੀਨੇਸ਼ਨ ਕੈਂਪ ਲਾ ਕੇ ਵੱਡੇ ਪੱਧਰ ਉੱਤੇ ਟੀਕਾਕਰਣ ਕੀਤਾ ਜਾ ਰਿਹਾ ਹੈ। ਇਸੇ ਲੜੀ ਦੇ ਤਹਿਤ ਤਰਨਤਾਰਨ ਦੇ ਸ਼ਹਿਰੀ ਤੇ ਪੇਂਡੂ ਇਲਾਕਿਆਂ ਵਿੱਚ ਲੋਕਾਂ ਨੂੰ ਪਿਛਲੇ ਪੰਜ ਦਿਨਾਂ ਤੋਂ ਮੋਬਾਈਲ ਵੈਨ ਦੇ ਜ਼ਰੀਏ ਕੋਵਿਡ-19 ਦੇ ਮੁਫ਼ਤ ਟੀਕਾਕਰਣ ਬਾਰੇ ਜਾਣਕਾਰੀ ਦਿੱਤੀ ਗਈ।
ਇਸ ਮੁਹਿੰਮ ਦੇ ਅਖੀਰਲੇ ਦਿਨ ਝਬਾਲ, ਪਿੰਡ ਨੂਰਦੀ, ਜੋਗ ਸਿੰਘ ਵਾਲਾ ਤੇ ਰਾਮਪੁਰਾ ਸਣੇ ਹੋਰਨਾਂ ਇਲਾਕਿਆਂ ਵਿੱਚ ਲੋਕਾਂ ਨੂੰ ਜਾਗਰੂਕ ਕੀਤਾ ਗਿਆ। ਇਸ ਜਾਗਰੂਕਤਾ ਮੁਹਿੰਮ ਦੌਰਾਨ ਲੋਕਾਂ ਨੇ ਵਿਭਾਗ ਦੇ ਅਧਿਕਾਰੀਆਂ ਤੋਂ ਕੋਵਿਡ-19 ਟੀਕਾਕਰਣ ਬਾਰੇ ਕਈ ਤਰ੍ਹਾਂ ਦੇ ਸਵਾਲ ਕੀਤੇ ਅਤੇ ਆਪਣੇ ਸ਼ੰਕੇ ਦੂਰ ਕੀਤੇ। ਇਸ ਦੌਰਾਨ ਮਾਸਕ ਤੋਂ ਬਿਨ੍ਹਾਂ ਬਾਜ਼ਾਰਾਂ ਅਤੇ ਸੜਕਾਂ ਉੱਤੇ ਘੁੰਮ ਰਹੇ ਲੋਕਾਂ ਨੂੰ ਮਾਸਕ ਅਤੇ ਪੰਫਲੈਂਟ ਵੰਡੇ ਗਏ।
ਇਸ ਮੌਕੇ ਜਾਣਕਾਰੀ ਦਿੰਦਿਆਂ ਸੂਚਨਾ ਤੇ ਪ੍ਰਸਾਰਣ ਮੰਤਰਾਲੇ ਦੇ ਫੀਲਡ ਪਬਲੀਸਿਟੀ ਅਫ਼ਸਰ ਗੁਰਮੀਤ ਸਿੰਘ ਨੇ ਕਿਹਾ ਕਿ ਕੋਰੋਨਾ ਮਹਾਂਮਾਰੀ ਦਾ ਇਹ ਦੌਰ ਹਰ ਦੇਸ਼ ਵਾਸੀ ਲਈ ਚੁਣੌਤੀਪੂਰਨ ਹੈ, ਅਜਿਹੇ ਵਿਚ ਹਰ ਨਾਗਰਿਕ ਨੂੰ ਸਰਕਾਰ ਦੀ ਇਸ ਜਾਗਰੂਕਤਾ ਮੁਹਿੰਮ ਦਾ ਵੱਧ ਤੋਂ ਵੱਧ ਸਾਥ ਦੇਣਾ ਚਾਹੀਦਾ ਹੈ। ਉਹਨਾਂ ਕਿਹਾ ਕਿ ਸਰਕਾਰ ਕਿਸੇ ਵੀ ਮੁਹਿੰਮ ਨੂੰ ਉਦੋਂ ਤੱਕ ਸਫ਼ਲ ਨਹੀਂ ਬਣਾ ਸਕਦੀ, ਜਦੋਂ ਤੱਕ ਉਸ ਨੂੰ ਜਨਤਾ ਦਾ ਸਾਥ ਨਾ ਮਿਲੇ, ਇਸ ਕਰਕੇ ਇਸ ਮੁਹਿੰਮ ਵਿਚ ਵੀ ਲੋਕਾਂ ਦੇ ਵੱਡੇ ਪੱਧਰ ਉੱਤੇ ਭਾਗੀਦਾਰ ਬਣਨ ਦੀ ਬਹੁਤ ਲੋੜ ਹੈ।
ਉਨ੍ਹਾਂ ਕਿਹਾ ਕਿ ਮਾਨਯੋਗ ਪ੍ਰਧਾਨਮੰਤਰੀ ਨਰਿੰਦਰ ਮੋਦੀ ਵੱਲੋਂ 21 ਜੂਨ ਨੂੰ ਪੂਰੇ ਦੇਸ਼ ਵਿੱਚ ਮੁਫ਼ਤ ਟੀਕਾਕਰਣ ਦਾ ਐਲਾਨ ਕੀਤਾ ਗਿਆ ਸੀ, ਜਿਸ ਤੋਂ ਬਾਅਦ ਪੂਰੇ ਦੇਸ਼ ਭਰ ਵਿੱਚ ਇਹ ਅਭਿਆਨ ਜੰਗੀ ਪੱਧਰ ਉੱਤੇ ਚਲਾਇਆ ਜਾ ਰਿਹਾ ਹੈ। ਗੁਰਮੀਤ ਸਿੰਘ ਨੇ ਕਿਹਾ ਕਿ ਭਾਰਤ ਸਰਕਾਰ ਦੀ ਸੱਭ ਤੋਂ ਪਹਿਲੀ ਪ੍ਰਾਥਮਿਕਤਾ ਦੇਸ਼ ਦੇ ਲੋਕਾਂ ਦੀ ਸਿਹਤ ਹੈ ਅਤੇ ਇਸੇ ਦੇ ਮੱਦੇਨਜ਼ਰ ਭਾਰਤ ਸਰਕਾਰ ਵਲੋਂ ਵੱਡੇ ਪੱਧਰ ` ਤੇ ਮੁਫ਼ਤ ਟੀਕਾਕਰਣ ਕੀਤਾ ਜਾ ਰਿਹਾ ਹੈ।
ਦੱਸਣਯੋਗ ਹੈ ਕਿ ਇਸ ਜਾਗਰੂਕਤਾ ਅਭਿਆਨ ਦੇ ਪਹਿਲੇ ਦੋ ਦਿਨ ਜ਼ਿਲ੍ਹਾ ਪ੍ਰਸ਼ਾਸਨ ਦੇ ਸਹਿਯੋਗ ਨਾਲ ਕਸੇਲ ਅਤੇ ਪਿੰਡ ਸੋਹਲ ਵਿੱਚ ਕੋਵਿਡ-19 ਦਾ ਮੁਫ਼ਤ ਟੀਕਾਕਰਣ ਕੈਂਪ ਲਾਇਆ ਗਿਆ, ਜਿਸ ਵਿੱਚ ਵੱਡੇ ਪੱਧਰ ਉੱਤੇ ਲੋਕਾਂ ਨੇ ਆਪਣਾ ਵੈਕਸੀਨੇਸ਼ਨ ਕਰਵਾਇਆ।
ਕੇਂਦਰ ਸਰਕਾਰ ਵਲੋਂ ਸ਼ੁਰੂ ਕੀਤੇ ਗਏ ਇਸ ਅਭਿਆਨ ਦਾ ਮਕਸਦ ਦੇਸ਼ ਦੇ ਹਰ ਨਾਗਰਿਕ ਨੂੰ ਕੋਵਿਡ-19 ਦੇ ਮੁਫ਼ਤ ਟੀਕਾਕਰਣ ਮੁਹਿੰਮ ਬਾਰੇ ਜਾਣਕਾਰੀ ਦੇਣਾ ਹੈ। ਹਾਲਾਂਕਿ ਤਰਨਤਾਰਨ ਵਿਚ ਇਹ ਅਭਿਆਨ ਪੰਜ ਦਿਨਾਂ ਲਈ ਚਲਾਇਆ ਗਿਆ, ਪਰ ਦੇਸ਼ ਭਰ ਵਿਚ ਇਹ ਉਦੋਂ ਤੱਕ ਜਾਰੀ ਰਹੇਗਾ, ਜਦੋਂ ਤੱਕ ਇਸ ਬਿਮਾਰੀ `ਤੇ ਪੂਰੀ ਤਰ੍ਹਾਂ ਠੱਲ ਨਹੀਂ ਪਾਈ ਜਾਂਦੀ। ਬਹਿਰਹਾਲ ਤਰਨਤਾਰਨ ਵਿਚ ਚਲਾਏ ਗਏ ਇਸ ਜਾਗਰੁਕਤਾ ਅਭਿਆਨ ਦੀ ਲੋਕਾਂ ਵਲੋਂ ਵੱਡੇ ਪੱਧਰ ਉੱਤੇ ਸ਼ਲਾਘਾ ਕੀਤੀ ਗਈ ਅਤੇ ਇਸ ਨੂੰ ਜਨ ਅੰਦੋਲਨ ਬਣਾਉਣ ਦਾ ਵਾਅਦਾ ਵੀ ਕੀਤਾ।

Spread the love