ਜਿਲ੍ਹੇ ਰੂਪਨਗਰ ਦੇ ਸਰਕਾਰੀ ਸਕੂਲਾਂ ‘ਚ ਵਿਦਿਆਰਥੀਆਂ ਦੀ ਉਤਸ਼ਾਹਜਨਕ ਸ਼ਮੂਲੀਅਤ ਨਾਲ ਗਣਿਤ ਮੇਲਿਆਂ ਦੀ ਸ਼ੁਰੂਆਤ

ਰੂਪਨਗਰ, 6 ਅਗਸਤ 2021
ਜਿਲ੍ਹਾ ਰੂਪਨਗਰ ਦੇ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਦੀ ਪੜ੍ਹਾਈ ਨੂੰ ਰੱਟੇ ਦੀ ਬਜਾਏ ਸੰਕਲਪ ਆਧਾਰਿਤ ਬਣਾਉਣ ਲਈ ਸਕੂਲ ਸਿੱਖਿਆ ਵਿਭਾਗ ਵੱਲੋਂ ਸਿੱਖਿਆ ਮੰਤਰੀ ਵਿਜੇ ਇੰਦਰ ਸਿੰਗਲਾ ਦੀ ਰਹਿਨੁਮਾਈ ਅਤੇ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਦੀ ਅਗਵਾਈ ਹੇਠ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਹਨ। ਇਹਨਾਂ ਉਪਰਾਲਿਆਂ ਤਹਿਤ ਵਿਭਾਗ ਵੱਲੋਂ ਸਮੂਹ ਮਿਡਲ, ਹਾਈ ਅਤੇ ਸੀਨੀਅਰ ਸੈਕੰਡਰੀ ਸਕੂਲਾਂ ‘ਚ ਅੱਜ ਤੋਂ ਗਣਿਤ ਮੇਲੇ ਸ਼ੁਰੂ ਕੀਤੇ ਗਏ ਹਨ।
ਸ੍ਰੀ ਰਾਜ ਕੁਮਾਰ ਖੋਸਲਾ ਜਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਅਤੇ ਸੁਰਿੰਦਰ ਪਾਲ ਸਿੰਘ ਉਪ ਜਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਵਿਦਿਆਰਥੀਆਂ ਦੀ ਉਤਸ਼ਾਹ ਪੂਰਵਕ ਸ਼ਮੂਲੀਅਤ ਨਾਲ ਜਿਲ੍ਹੇ ਦੇ ਸਰਕਾਰੀ ਸਕੂਲਾਂ ‘ਚ ਗਣਿਤ ਮੇਲਿਆਂ ਦੀ ਸ਼ੁਰੂਆਤ ਕੀਤੀ ਗਈ ਹੈ ਅਤੇ ਜਿਲ੍ਹੇ ਦੇ ਸਮੂਹ ਸਰਕਾਰੀ ਮਿਡਲ, ਹਾਈ ਅਤੇ ਸੀਨੀਅਰ ਸੈਕੰਡਰੀ ਸਕੂਲਾਂ ਵੱਲੋਂ ਵਿਭਾਗੀ ਸਮਾਂ ਸਾਰਣੀ ਅਨੁਸਾਰ ਗਣਿਤ ਮੇਲੇ ਕਰਵਾਏ ਜਾਣਗੇ।
ਸਿੱਖਿਆ ਅਧਿਕਾਰੀਆਂ ਨੇ ਕਿਹਾ ਕਿ ਗਣਿਤ ਵਿਸ਼ੇ ਪ੍ਰਤੀ ਵਿਦਿਆਰਥੀਆਂ ਦੀ ਰੁਚੀ ਪੈਦਾ ਕਰਨ ਦੇ ਮਨੋਰਥ ਨਾਲ ਹੀ ਗਣਿਤ ਮੇਲੇ ਕਰਵਾਏ ਜਾ ਰਹੇ ਹਨ।ਮੇਲਿਆਂ ਦੌਰਾਨ ਵਿਦਿਆਰਥੀਆਂ ਵੱਲੋਂ ਅਧਿਆਪਕਾਂ ਦੀ ਮੱਦਦ ਨਾਲ ਗਣਿਤ ਦੇ ਸੰਕਲਪਾਂ ਨੂੰ ਪ੍ਰਯੋਗੀ ਤੌਰ ‘ਤੇ ਸਪੱਸ਼ਟ ਕਰਦੇ ਮਾਡਲ ਅਤੇ ਗਤੀਵਿਧੀਆਂ ਦਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ।
ਸਿੱਖਿਆ ਅਧਿਕਾਰੀਆਂ ਨੇ ਦੱਸਿਆ ਕਿ ਉਹਨਾਂ ਵੱਲੋਂ ਖੁਦ ਮੇਲਿਆਂ ‘ਚ ਪਹੁੰਚ ਕੇ ਵਿਦਿਆਰਥੀਆਂ ਅਤੇ ਅਧਿਆਪਕਾਂ ਦੀ ਹੌਸਲਾ ਅਫਜ਼ਾਈ ਕੀਤੀ ਜਾ ਰਹੀ ਹੈ।ਸਿੱਖਿਆ ਅਧਿਕਾਰੀਆਂ ਨੇ ਕਿਹਾ ਕਿ ਸਕੂਲਾਂ ਦੇ ਦੌਰਿਆਂ ਦੌਰਾਨ ਵੇਖਣ ‘ਚ ਆਇਆ ਹੈ ਕਿ ਗਣਿਤ ਮੇਲਿਆਂ ਪ੍ਰਤੀ ਨਾ ਕੇਵਲ ਵਿਦਿਆਰਥੀਆਂ ਅਤੇ ਅਧਿਆਪਕਾਂ ‘ਚ ਉਤਸ਼ਾਹ ਪਾਇਆ ਜਾ ਰਿਹਾ ਹੈ, ਸਗੋਂ ਵਿਦਿਆਰਥੀਆਂ ਦੇ ਮਾਪੇ ਵੀ ਇਹਨਾਂ ਮੇਲਿਆਂ ਪ੍ਰਤੀ ਭਾਰੀ ਉਤਸ਼ਾਹ ਵਿਖਾ ਰਹੇ ਹਨ। ਸਿੱਖਿਆ ਅਧਿਕਾਰੀਆਂ ਨੇ ਕਿਹਾ ਕਿ ਵਿੱਦਿਅਕ ਮੇਲਿਆਂ ਦੌਰਾਨ ਵਿਦਿਆਰਥੀਆਂ ਦੇ ਮਾਪਿਆਂ, ਸਕੂਲ ਮੈਨੇਜਮੈਂਟ ਕਮੇਟੀ ਮੈਂਬਰਾਂ, ਪੰਚਾਇਤੀ ਨੁਮਾਇੰਦਿਆਂ ਅਤੇ ਸਮਾਜ ਦੀਆਂ ਮੋਹਤਬਰ ਸਖਸ਼ੀਅਤਾਂ ਦੀ ਆਮਦ ਨਾਲ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਹੌਸਲਾ ਮਿਲਦਾ ਹੈ।
ਜਸਬੀਰ ਸਿੰਘ ਜਿਲ੍ਹਾ ਮੈਂਟਰ ਗਣਿਤ ਨੇ ਦੱਸਿਆ ਕਿ ਗਣਿਤ ਮੇਲੇ ਤੋਂ ਪਹਿਲਾਂ ਹਰ ਸਕੂਲ ਵੱਲੋਂ ਵਿਦਿਆਰਥੀਆਂ ਨੂੰ ਮਾਡਲਾਂ ਅਤੇ ਗਤੀਵਿਧੀਆਂ ਦੀ ਤਿਆਰੀ ਕਰਵਾਈ ਗਈ ਹੈ।
ਫੋਟੋ: ਕੈਪਸ਼ਨ ਸਰਕਾਰੀ ਸਕੂਲਾਂ ਵਿਖੇ ਲਗਾਏ ਗਏ ਗਣਿਤ ਮੇਲੇ ਦੌਰਾਨ ਵਿਦਿਆਰਥੀ ਅਤੇ ਅਧਿਆਪਕ

Spread the love