ਕੁਰਸੀ ਦੀ ਭੁੱਖ ਨੇ ਨਵਜੋਤ ਸਿੱਧੂ ਨੂੰ ਭੁਲਾਇਆ ਸ਼ਰਾਫ਼ਤ ਅਤੇ ਮਾਫ਼ੀਆ ‘ਚ ਫ਼ਰਕ
ਨੇਤਾ ਵਿਰੋਧੀ ਧਿਰ ਦੇ ਨਿਸ਼ਾਨੇ ‘ਤੇ ਰਹੇ ਭੋਅ ਦੇ ਕਾਂਗਰਸੀ ਵਿਧਾਇਕ
ਭਾਜਪਾ ਨੂੰ ਝਟਕਿਆਂ ਦਿੰਦਿਆਂ ਖੁਸ਼ਬੀਰ ਕਾਟਲ ਆਪਣੇ ਸਾਥੀਆਂ ਨਾਲ ਹੋਏ ‘ਆਪ’ ‘ਚ ਸ਼ਾਮਲ
ਭੋਆ/ ਪਠਾਨਕੋਟ, 7 ਅਗਸਤ 2021
ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਸੀਨੀਅਰ ਆਗੂ ਅਤੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਸੱਤਾਧਾਰੀ ਕਾਂਗਰਸ ਉੱਤੇ ਗੰਭੀਰ ਦੋਸ਼ ਲਾਉਂਦੇ ਹੋਏ ਕਿਹਾ ਕਿ ਮਾਫ਼ੀਆ ਸਰਕਾਰ ਚਲਾਉਣ ‘ਚ ਕਾਂਗਰਸ ਸਰਕਾਰ ਅਕਾਲੀ- ਭਾਜਪਾ ਦੀ ਪਿਛਲੀ ਬਾਦਲ ਸਰਕਾਰ ਤੋਂ ਵੀ ਅੱਗੇ ਲੰਘ ਗਈ ਹੈ। ਸੱਤਾ ਦੇ ਨਸ਼ੇ ‘ਚ ਕਾਂਗਰਸੀ ਨੰਗੇ – ਚਿੱਟੇ ਹੋ ਕੇ ਸੂਬੇ ਦੇ ਸਾਧਨ ਤੇ ਸੰਸਾਧਨ ਲੁੱਟ ਰਹੇ ਹਨ।
ਹਰਪਾਲ ਸਿੰਘ ਚੀਮਾ ਹਲਕੇ ਦੇ ਕਸਬੇ ਤਾਰਾਗੜ੍ਹ ਵਿਖੇ ‘ਆਪ’ ਦੇ ਐਸ.ਸੀ ਵਿੰਗ ਪੰਜਾਬ ਦੇ ਪ੍ਰਧਾਨ ਅਤੇ ਵਿਧਾਨ ਸਭਾ ਹਲਕਾ ਭੋਆ ਦੇ ਇੰਚਾਰਜ ਲਾਲ ਚੰਦ ਕਟਾਰੂਚੱਕ ਵਲੋਂ ਕਰਵਾਏ ਗਏ ਇੱਕ ਸਮਾਗਮ ‘ਚ ਪਹੁੰਚੇ ਸਨ। ਇਸ ਮੌਕੇ ਭਾਰਤੀ ਜਨਤਾ ਪਾਰਟੀ ਨੂੰ ਝਟਕਾ ਦਿੰਦਿਆਂ ਖੁਸ਼ਬੀਰ ਸਿੰਘ ਕਾਟਲ ਆਪਣੇ ਸੈਂਕੜੇ ਸਾਥੀਆਂ ਨਾਲ ‘ਆਪ’ ਵਿੱਚ ਸ਼ਾਮਲ ਹੋਏ, ਜਿਨ੍ਹਾਂ ਦਾ ਚੀਮਾ ਸਮੇਤ ਲਾਲ ਚੰਦ ਕਟਾਰੂਚੱਕ ਅਤੇ ਜ਼ਿਲ੍ਹਾ ਪ੍ਰਧਾਨ ਕੈਪਟਨ ਸੁਨੀਲ ਗੁਪਤਾ ਨੇ ਸਵਾਗਤ ਕੀਤਾ।
ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਬਾਦਲ – ਭਾਜਪਾਈਆਂ ਦੇ ਮਾਫ਼ੀਆ ਰਾਜ ਤੋਂ ਤੜਫੇ ਲੋਕਾਂ ਨੇ ਇੱਕ ਵਾਰ ਫਿਰ ਕਾਂਗਰਸ ‘ਤੇ ਭਰੋਸਾ ਕਰਨ ਦੀ ਭੁੱਲ ਕੀਤੀ ਸੀ। ਇਹੋ ਕਾਰਨ ਹੈ ਕਿ ਅੱਜ ਪੰਜਾਬ ਦਾ ਹਰੇਕ ਵਰਗ ਪਛਤਾ ਰਿਹਾ ਹੈ, ਮਾਫ਼ੀਆ ਰਾਜ ਚਲਾਉਣ ‘ਚ ਸੱਤਾਧਾਰੀ ਕਾਂਗਰਸੀਆਂ ਨੇ ਬਾਦਲਾਂ ਅਤੇ ਭਾਜਪਾ ਦੇ ਮਾਫ਼ੀਆ ਰਾਜ ਨੂੰ ਵੀ ਪਿੱਛੇ ਛੱਡ ਦਿੱਤਾ। ਚੀਮਾ ਨੇ ਕਿਹਾ ਕਿ ਪੰਜਾਬ ਦੇ ਨਾਂ ‘ਤੇ ਵੱਡੀਆਂ-ਵੱਡੀਆਂ ਗੱਲਾਂ ਕਰਨ ਵਾਲੇ ਨਵਜੋਤ ਸਿੰਘ ਸਿੱਧੂ ਪਹਿਲਾ ‘ਕੁਰਸੀ’ ਲਈ ਭੋਰੇ ‘ਚ ਵੜੇ ਰਹੇ, ਅੱਜ ਜਦੋਂ ਪ੍ਰਧਾਨਗੀ ਵਾਲੀ ਕੁਰਸੀ ਮਿਲ ਗਈ ਹੈ ਤਾਂ ਸੱਤਾ ਦੀ ਲਲਕ ‘ਚ ਸਭ ਅੱਛਾ- ਬੁਰਾ ਭੁੱਲ ਬੈਠੇ। ਆਪਣੀ ਹੀ ਸਰਕਾਰ ਖ਼ਿਲਾਫ਼ ਲੈਂਡ ਮਾਫ਼ੀਆ, ਰੇਤ ਮਾਫ਼ੀਆ, ਬਿਜਲੀ ਮਾਫ਼ੀਆ, ਆਵਾਜਾਈ ਅਤੇ ਕੇਬਲ ਮਾਫ਼ੀਆ ਵਿਰੁੱਧ ਕਾਰਵਾਈ ਲਈ ਟਵੀਟਾਂ ਅਤੇ ਬਿਆਨਾਂ ਦੀ ਝੜੀ ਲਾਉਣ ਵਾਲੇ ਨਵਜੋਤ ਸਿੰਘ ਸਿੱਧੂ ਆਪਣੀ ਕੁਰਸੀ ਬਚਾਉਣ ਲਈ ਅੱਜ ਮਾਫ਼ੀਆ ਚਲਾਉਣ ਵਾਲੇ ਕਾਂਗਰਸੀ ਵਿਧਾਇਕਾਂ ਦੇ ਦਰਾਂ (ਦਰਵਾਜ਼ਿਆਂ) ‘ਤੇ ਭਟਕ ਰਹੇ ਹਨ। ਚੀਮਾ ਮੁਤਾਬਿਕ ਨਵਜੋਤ ਸਿੰਘ ਸਿੱਧੂ ਸ਼ਰੀਫ਼ ਸਿਆਸਤਦਾਨਾਂ ਅਤੇ ਮਾਫ਼ੀਆ ਸਰਗਨਿਆਂ ਦਰਮਿਆਨ ਫ਼ਰਕ ਭੁੱਲ ਗਏ ਹਨ। ਅੱਜ ਨਵਜੋਤ ਸਿੰਘ ਸਿੱਧੂ ਦਾ ਅਸਲੀ ਚਿਹਰਾ ਲੋਕਾਂ ਸਾਹਮਣੇ ਨੰਗਾ ਹੋ ਗਿਆ ਹੈ, ਜਿਸ ਕਾਰਨ ਪੰਜਾਬ ਹਿਤੈਸ਼ੀ ਤੇ ਸੁਹਿਰਦ ਲੋਕਾਂ ਨੂੰ ਝਟਕਾ ਲੱਗਿਆ ਹੈ।
ਭੋਆ ਦੇ ਕਾਂਗਰਸੀ ਵਿਧਾਇਕ ਜੋਗਿੰਦਰਪਾਲ ਨੂੰ ਨਿਸ਼ਾਨਾ ਬਣਾਉਂਦੇ ਹੋਏ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਕੀੜੀ ਖ਼ੁਰਦ, ਕਤਲੌਰ, ਨਰੋਟ ਜੈਮਲ ਸਿੰਘ ਵਿੱਚ ਰੇਤ ਮਾਫ਼ੀਆ ਦਾ ‘ਕਿੰਗ’ ਕੌਣ ਹੈ? ਇਸ ਬਾਰੇ ਇਲਾਕੇ ਦਾ ਬੱਚਾ- ਬੱਚਾ ਜਾਣਦਾ ਹੈ। ਸੁੰਦਰ ਚੱਕ ਅਤੇ ਕੀੜੀ ਦੇ ਇਲਾਕੇ ਵਿੱਚ ਕਿਹੜੇ ਕਾਂਗਰਸੀ ਨੇ ਸੈਂਕੜੇ ਏਕੜ ਜ਼ਮੀਨ ਇਕੱਠੀ ਕਰ ਲਈ ਹੈ, ਬਾਰੇ ਵੀ ਸਾਰਾ ਇਲਾਕਾ ਜਾਣਦਾ ਹੈ। ਚੀਮਾ ਨੇ ਪਠਾਨਕੋਟ ਦੇ ਮੀਰਥਲ, ਮਾਧੋਪੁਰ ਅਤੇ ਬਿਆਸ ਪਾਰ ਮੁਕੇਰੀਆਂ- ਤਲਵਾੜਾ ‘ਚ ਸੱਤਾਧਾਰੀ ਕਾਂਗਰਸੀਆਂ, ਭਾਜਪਾ ਵਿਧਾਇਕਾਂ ਅਤੇ ਬਾਦਲ ਗਰੁੱਪ ਵੱਲੋਂ ਮਿਲ ਕੇ ਚਲਾਏ ਜਾ ਰਹੇ ਰੇਤ ਅਤੇ ਲੈਂਡ ਮਾਫ਼ੀਆ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਇਨ੍ਹਾਂ ਦੀ ਅੱਤ ਤੋਂ ਅੱਕੇ ਪੰਜਾਬ ਦੇ ਲੋਕਾਂ ਨੇ 2022 ‘ਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਉਣ ਦਾ ਪੱਕਾ ਇਰਾਦਾ ਕਰ ਲਿਆ ਹੈ। ਉਨ੍ਹਾਂ ਕਿਹਾ ਕਿ ‘ਆਪ’ ਦੀ ਸਰਕਾਰ ਲੋਕਾਂ ਅਤੇ ਸੂਬੇ ਦੇ ਸਰਮਾਏ ਦੀ ਲੁੱਟ ਰੋਕ ਕੇ ਖ਼ੁਸ਼ਹਾਲ ਪੰਜਾਬ ਦੀ ਸਿਰਜਣਾ ਕਰੇਗੀ ਅਤੇ ਜਿਨ੍ਹਾਂ ਨੇ ਪੰਜਾਬ ਅਤੇ ਪੰਜਾਬੀਆਂ ਦੀ ਅੰਨ੍ਹੀ ਲੁੱਟ ਕੀਤੀ ਹੈ, ਉਨ੍ਹਾਂ ਕੋਲੋਂ ਪਾਈ- ਪਾਈ ਦਾ ਹਿਸਾਬ ਲਵੇਗੀ।
ਇਸ ਮੌਕੇ ਪਾਰਟੀ ਦੇ ਜ਼ਿਲ੍ਹਾ ਜਨਰਲ ਸਕੱਤਰ ਠਾਕੁਰ ਮਨੋਹਰ ਸਿੰਘ, ਸੀਨੀਅਰ ਨੇਤਾ ਵਿਜੇ ਕਟਾਰੂਚੱਕ, ਬਲਾਕ ਪ੍ਰਧਾਨ ਸੁਰਿੰਦਰ ਸ਼ਾਹ, ਪਵਨ ਕੁਮਾਰ, ਨਰੇਸ਼ ਸੈਣੀ, ਰਿੰਕਾ ਸੈਣੀ, ਰਮਨ ਕੁਮਾਰ, ਸੋਹਣ ਲਾਲ, ਬਲਜਿੰਦਰ ਕੌਰ, ਦਲਵਿੰਦਰ ਰਾਣਾ, ਸੁਖਬੀਰ ਸਿੰਘ, ਕੁਲਬੀਰ ਸਮੇਤ ਅਨੇਕਾਂ ਵਰਕਰ ਮੌਜੂਦ ਸਨ।