ਮੀਟਿੰਗ ਦੌਰਾਨ ਕ੍ਰਿਸ਼ੀ ਸਖੀ ਤੇ ਪਸ਼ੂ ਸਖੀ ਦੀ ਚੋਣ, ਸਵੈ ਸਹਾਇਤਾਂ ਗਰੁੱਪਾਂ ਨੂੰ ਮਿਲਣ ਵਾਲੇ ਕਰਜ਼ੇ ‘ਤੇ ਹੋਈ ਚਰਚਾ
ਆਜੀਵਿਕਾ ਮਿਸ਼ਨ ਤਹਿਤ ਪੇਂਡੂ ਖੇਤਰ ਦੀਆਂ ਗਰੀਬ ਔਰਤਾਂ ਨੂੰ ਸਵੈ ਸਹਾਇਤਾ ਸਮੂਹਾਂ ਨਾਲ ਜੋੜਕੇ ਆਤਮ ਨਿਰਭਰ ਬਣਾਉਣ ਦੇ ਯਤਨ ਜਾਰੀ- ਚੰਦਰ ਜਯੋਤੀ ਸਿੰਘ
ਪਟਿਆਲਾ, 11 ਅਗਸਤ 2021
ਪੰਜਾਬ ਰਾਜ ਦਿਹਾਤੀ ਆਜੀਵਿਕਾ ਮਿਸ਼ਨ ਤਹਿਤ ਦਿਹਾਤੀ ਇਲਾਕਿਆਂ ਦੀਆਂ ਗਰੀਬ ਔਰਤਾਂ ਨੂੰ ਸਵੈ ਸਹਾਇਤਾ ਸਮੂਹਾਂ ਨਾਲ ਜੋੜਕੇ ਆਤਮ-ਨਿਰਭਰ ਬਣਾਉਣ ਦੇ ਅਣਥੱਕ ਯਤਨ ਕੀਤੇ ਜਾ ਰਹੇ ਹਨ। ਇਹ ਜਾਣਕਾਰੀ ਦਿੰਦਿਆਂ ਪਟਿਆਲਾ ਦੇ ਸਹਾਇਕ ਕਮਿਸ਼ਨਰ (ਯੂ.ਟੀ) ਡਾ. ਚੰਦਰ ਜਯੋਤੀ ਸਿੰਘ ਨੇ ਦੱਸਿਆ ਕਿ ਇਨ੍ਹਾਂ ਉਪਰਾਲਿਆਂ ‘ਚ ਪਿੰਡਾਂ ਦੀਆਂ ਔਰਤਾਂ ਨੂੰ ਟਰੇਨਿੰਗ ਦੇਕੇ ਸਵੈ ਰੋਜ਼ਗਾਰ ਤੇ ਕ੍ਰਿਸ਼ੀ ਸਖੀ ਲਈ ਪ੍ਰੇਰਿਆ ਜਾਂਦਾ ਹੈ।
ਪਿੰਡ ਜਲਾਲ ਖੇੜਾ ਵਿਖੇ ਸਵੈ ਸਹਾਇਤਾ ਗਰੁੱਪਾਂ ਦੀ ਹੋਈ ਮੀਟਿੰਗ ਦੌਰਾਨ ਵਿਸ਼ੇਸ਼ ਤੌਰ ‘ਤੇ ਸ਼ਿਰਕਤ ਕਰਦੇ ਹੋਏ ਸਹਾਇਕ ਕਮਿਸ਼ਨਰ (ਯੂ.ਟੀ) ਚੰਦਰ ਜਯੋਤੀ ਨੇ ਪਿੰਡਾਂ ਦੀਆਂ ਔਰਤਾਂ ਦੀਆਂ ਸਵੈ ਰੋਜ਼ਗਾਰ ਸ਼ੁਰੂ ਕਰਨ ਸਮੇਂ ਆਉਣ ਵਾਲੀਆਂ ਸਮੱਸਿਆ ‘ਤੇ ਚਰਚਾ ਕਰਦਿਆ ਕਿਹਾ ਕਿ ਆਜੀਵਿਕਾ ਮਿਸ਼ਨ ਤਹਿਤ ਪਿੰਡਾਂ ਦੀਆਂ ਔਰਤਾਂ ਨੂੰ ਆਤਮ ਨਿਰਭਰ ਕਰਨ ਲਈ ਸਰਕਾਰ ਵੱਲੋਂ ਸਮੇਂ ਸਮੇਂ ‘ਤੇ ਭਲਾਈ ਸਕੀਮਾਂ ਲਾਗੂ ਕੀਤੀਆਂ ਜਾਂਦੀਆਂ ਹਨ।
ਮੀਟਿੰਗ ਦੌਰਾਨ ਪਿੰਡ ਦੀਆਂ ਔਰਤਾਂ ਵੱਲੋਂ ਕ੍ਰਿਸ਼ੀ ਸਖੀ ਅਤੇ ਪਸ਼ੂ ਸਖੀ ਲਈ ਦਿਖਾਈ ਜਾਂਦੀ ਘੱਟ ਰੁੱਚੀ ‘ਤੇ ਚਰਚਾ ਕਰਦਿਆ ਡੀ.ਪੀ.ਐਮ. ਰੀਨਾ ਰਾਣੀ ਨੇ ਦੱਸਿਆ ਕਿ ਔਰਤਾਂ ਨੂੰ ਜੈਵਿਕ ਖੇਤੀ ਦੀ ਸਿਖਲਾਈ ਕਰਵਾ ਕੇ ਪਿੰਡਾਂ ਵਿੱਚ ਜੈਵਿਕ ਖੇਤੀ ਨੂੰ ਪ੍ਰਫੁਲਤ ਕਰਨ ਦੇ ਯਤਨ ਵਜੋਂ ਕ੍ਰਿਸ਼ੀ ਸਖੀ ਪ੍ਰੋਗਰਾਮ ਸ਼ੁਰੂ ਕੀਤਾ ਗਿਆ ਹੈ ਤਾਂ ਜੋ ਲੋਕਾਂ ਨੂੰ ਤਾਜ਼ੀਆਂ ਅਤੇ ਪੌਸ਼ਟਿਕ ਸਬਜ਼ੀਆਂ ਪ੍ਰਾਪਤ ਹੋ ਸਕਣ। ਇਸ ਉਪਰੰਤ ਪਿੰਡ ਦੀਆਂ ਔਰਤਾਂ ਵੱਲੋਂ ਆਪਣਾ ਨਾਮ ਕ੍ਰਿਸ਼ੀ ਸਖੀ ਬਣਨ ਲਈ ਲਿਖਵਾਇਆ ਗਿਆ। ਇਸ ਮੌਕੇ ਸਵੈ ਸਹਾਇਤਾਂ ਗਰੁੱਪਾਂ ਨੂੰ ਮਿਲਣ ਵਾਲੇ ਕਰਜ਼ੇ ਸਬੰਧੀ ਵੀ ਚਰਚਾ ਕੀਤੀ ਗਈ।
ਫੋਟੋ ਕੈਪਸ਼ਨ- ਸਹਾਇਕ ਕਮਿਸ਼ਨਰ (ਯੂ.ਟੀ) ਡਾ. ਚੰਦਰ ਜਯੋਤੀ ਸਿੰਘ ਪਿੰਡ ਜਲਾਲ ਖੇੜਾ ਵਿਖੇ ਸਵੈ ਸਹਾਇਤਾਂ ਗਰੁੱਪ ਦੀ ਮੀਟਿੰਗ ‘ਚ ਸ਼ਿਰਕਤ ਕਰਦੇ ਹੋਏ।