ਅੱਜ ਜ਼ਿਲ੍ਹਾ ਜੇਲ੍ਹ ਵਿੱਚ ਲਗਾਇਆ ਗਿਆ ਵਿਸ਼ੇਸ਼ ਮੈਡੀਕਲ ਕੈਂਪ: ਸੀ.ਜੇ.ਐਮ

ਰੂਪਨਗਰ 11 ਰੂਪਨਗਰ 2021
ਅੱਜ ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ ਦੇ ਦਿਸ਼ਾ ਨਿਰਦੇਸ਼ਾਂ ਹੇਠ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਰੂਪਨਗਰ ਵੱਲੋਂ ਸਿਹਤ ਵਿਭਾਗ ਅਤੇ ਜੇਲ੍ਹ ਮਹਿਕਮੇ ਦੇ ਤਾਲ-ਮੇਲ ਨਾਲ ਜ਼ਿਲ੍ਹਾ ਜੇਲ੍ਹ, ਰੂਪਨਗਰ ਵਿੱਚ ਇੱਕ ਵਿਸ਼ੇਸ਼ ਮੈਡੀਕਲ ਕੈਂਪ ਲਗਾਇਆ ਗਿਆ। ਮੈਡੀਕਲ ਕੈਂਪ ਦਾ ਉਦਘਾਟਨ ਸ੍ਰੀਮਤੀ ਹਰਪ੍ਰੀਤ ਕੌਰ ਜੀਵਨ, ਜ਼ਿਲ੍ਹਾ ਅਤੇ ਸੈਸ਼ਨ ਜੱਜ ਜੀ ਨੇ ਆਪਣੇ ਕਰ ਕਮਲਾਂ ਨਾਲ ਕੀਤਾ। ਮੌਕੇ ਤੇ ਸ੍ਰੀ ਮਾਨਵ, ਸੀ.ਜੇ.ਐਮ, ਸ੍ਰੀ ਕੁਲਵੰਤ ਸਿੰਘ, ਜੇਲ੍ਹ ਸੁਪਰਡੈਂਟ, ਡਾ. ਤਰਸੇਮ ਸਿੰਘ, ਐਸ.ਐਮ.ਓ, ਰੋਪੜ ਆਪਣੀ 7 ਮੈਂਬਰੀ ਟੀਮ, ਜਿਸ ਵਿੱਚ ਹੱਡੀਆਂ, ਚਮੜੀ, ਛਾਤੀ, ਅੱਖਾਂ, ਦਵਾਈ, ਦੰਦਾਂ ਅਤੇ ਗਾਇਨੀਕੋਲੋਜੀ ਦੇ ਖੇਤਰਾਂ ਦੇ ਮਾਹਿਰ ਡਾਕਟਰ ਹਾਜ਼ਰ ਰਹੇ। ਸ੍ਰੀਮਤੀ ਹਰਪ੍ਰੀਤ ਕੌਰ ਜੀਵਨ, ਚੇਅਰਮੈਨ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਰੂਪਨਗਰ ਨੇ ਪ੍ਰੈਸ ਕਾਨਫਰੰਸ ਦੌਰਾਨ ਦੱਸਿਆ ਕਿ ਇਹ ਮੈਡੀਕਲ ਕੈਂਪ ਜੇਲ੍ਹ ਵਿੱਚਲੇ ਬੰਦੀਆਂ ਦੀ ਸਰੀਰਕ ਤੰਦਰੁਸਤੀ ਨੂੰ ਯਕੀਨੀ ਬਣਾਉਣ ਲਈ ਲਗਾਇਆ ਗਿਆ ਹੈ ਅਤੇ ਅਜਿਹਾ ਕੈਂਪ ਹਰ ਤਿੰਨ ਮਹੀਨਿਆਂ ਵਿੱਚ ਇੱਕ ਵਾਰ ਜ਼ਰੂਰੀ ਲਗਾਇਆ ਜਾਵੇਗਾ। ਸ੍ਰੀ ਮਾਨਵ, ਸੀ.ਜੇ.ਐਮ ਨੇ ਦੱਸਿਆ ਕਿ ਉਨ੍ਹਾਂ ਦੇ ਹਫਤਾਵਰੀ ਜੇਲ੍ਹ ਦੌਰੇ ਦੌਰਾਨ ਬੰਦੀ ਵੱਖ ਵੱਖ ਤਰ੍ਹਾਂ ਦੀਆਂ ਸਿਹਤ ਸਮੱਸਿਆਵਾਂ ਬਾਰੇ ਦੱਸਦੇ ਸਨ ਪਰ ਸਾਰੇ ਬੰਦੀਆਂ ਨੂੰ ਜੇਲ੍ਹ ਤੋਂ ਬਾਹਰ ਹਸਪਤਾਲ ਲਿਜਾਣਾ ਸੰਭਵ ਨਹੀ, ਇਸ ਲਈ ਸਾਰੇ ਮੈਡੀਕਲ ਖੇਤਰਾਂ ਦੇ ਮਾਹਿਰਾਂ ਨੂੰ ਮੈਡੀਕਲ ਕੈਂਪ ਦਾ ਆਯੋਜਨ ਕਰਕੇ ਜੇਲ੍ਹ ਅੰਦਰ ਲਿਆਂਦਾ ਗਿਆ। ਮੈਡੀਕਲ ਕੈਂਪ ਤੋਂ ਬਾਅਦ ਡਾਕਟਰਾਂ ਦੀ ਟੀਮ ਨੇ ਜੇਲ੍ਹ ਅੰਦਰ ਫ਼ਲਦਾਰ ਰੁੱਖਾਂ ਦੇ ਬੂਟੇ ਵੀ ਲਗਾਏ। ਸ੍ਰੀ ਕੁਲਵੰਤ ਸਿੰਘ, ਜੇਲ੍ਹ ਸੁਪਰਡੈਂਟ ਨੇ ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਅਤੇ ਮੈਡੀਕਲ ਟੀਮ ਵਿੱਚ ਆਏ ਸਾਰੇ ਡਾਕਟਰਾਂ ਦਾ ਧੰਨਵਾਦ ਕੀਤਾ। ਜੇਲ੍ਹ ਅੰਦਰ ਬੰਦ ਕੈਦੀ, ਜਿਨ੍ਹਾਂ ਦਾ ਬੋਰਡ ਵੱਲੋਂ ਉਪਚਾਰ ਹੋਇਆ, ਨੇ ਖੁਸ਼ੀ ਦਾ ਪ੍ਰਗਟਾਵਾ ਕੀਤਾ।

Spread the love