ਵਿਧਾਇਕ ਪਰਮਿੰਦਰ ਸਿੰਘ ਪਿੰਕੀ ਦੇ ਯਤਨਾਂ ਸਦਕਾ ਫਿਰੋਜ਼ਪੁਰ ਸਹਿਰੀ ਹਲਕੇ ਦੇ ਪਿੰਡਾਂ ਦੇ ਵਿਕਾਸ ਤੇ ਸੁੰਦਰੀਕਰਨ ਲਈ ਸਵਾ 3 ਕਰੋੜ ਰੁਪਏ ਦੀ ਰਾਸ਼ੀ ਹੋਈ ਜਾਰੀ

ਕਿਹਾ, ਇਲਾਕੇ ਵਿੱਚ ਬੁਨਿਆਦੀ ਚਾਂਚੇ ਨੂੰ ਵਧਾਉਣ, ਗਲੀਆਂ/ਸੜਕਾਂ ਦੀ ਮੁਰੰਮਤ ਅਤੇ ਸੁੰਦਰਤਾ ਦੇ ਲਈ ਖਰਚ ਕੀਤੀ ਜਾਵੇਗੀ ਰਾਸ਼ੀ
ਫਿਰੋਜ਼ਪੁਰ 12 ਅਗਸਤ 2021
ਵਿਧਾਇਕ ਪਰਮਿੰਦਰ ਸਿੰਘ ਪਿੰਕੀ ਨੇ ਦੱਸਿਆ ਕਿ 15 ਵੇਂ ਵਿੱਤ ਕਮਿਸ਼ਨ ਤਹਿਤ ਸਵਾ 3 ਕਰੋੜ ਰੁਪਏ ਦੀ ਰਾਸ਼ੀ ਫਿਰੋਜ਼ਪੁਰ ਸ਼ਹਿਰੀ ਹਲਕੇ ਦੇ ਪਿੰਡਾਂ ਨੂੰ ਜਾਰੀ ਹੋਈ ਹੈ। ਇਸ ਰਾਸ਼ੀ ਨੂੰ ਫਿਰੋਜ਼ਪੁਰ ਸ਼ਹਿਰੀ ਦੇ ਪਿੰਡਾਂ ਦੀਆਂ ਸੜਕਾਂ, ਗਲੀਆਂ, ਨਾਲੀਆਂ ਤੇ ਸਕੂਲਾਂ ਦੇ ਵਿਕਾਸ, ਮੁਰੰਮਤ ਅਤੇ ਸੁੰਦਰੀਕਰਨ ਲਈ ਵਰਤਿਆ ਜਾਵੇਗਾ। ਜਿਕਰਯੋਗ ਹੈ ਕਿ ਇਸ ਤੋਂ ਪਹਿਲਾ ਵੀ ਫਿਰੋਜ਼ਪੁਰ ਛਾਉਣੀ ਦੇ ਵਿਕਾਸ ਲਈ ਪੰਜਾਬ ਮਿਊਂਸੀਪਲ ਫੰਡ ਸਕੀਮ ਅਧੀਨ ਲਗਭਗ 13.75 ਕਰੋੜ ਰੁਪਏ ਦੀ ਰਾਸ਼ੀ ਜਾਰੀ ਕੀਤੀ ਗਈ ਸੀ।
ਵਿਧਾਇਕ ਪਿੰਕੀ ਨੇ ਕਿਹਾ ਕਿ ਫਿਰੋਜ਼ਪੁਰ ਸ਼ਹਿਰੀ ਹਲਕੇ ਦੇ ਪਿੰਡਾਂ ਦੇ ਵਿਕਾਸ ਲਈ ਕਿਸੇ ਵੀ ਤਰ੍ਹਾਂ ਦੀ ਕਸਰ ਬਾਕੀ ਨਹੀਂ ਛੱਡੀ ਜਾਵੇਗੀ ਅਤੇ ਵਿਕਾਸ ਕਾਰਜਾਂ ਲਈ ਫੰਡਾਂ ਦੀ ਕਿਸੇ ਤਰ੍ਹਾਂ ਦੀ ਘਾਟ ਨਹੀਂ ਹੈ। ਉਨ੍ਹਾਂ ਅੱਗੇ ਕਿਹਾ ਕਿ ਸੂਬਾ ਸਰਕਾਰ ਵਲੋਂ ਵਿਕਾਸ ਲਈ ਨਿਰੰਤਰ ਫੰਡ ਜਾਰੀ ਕੀਤੇ ਜਾ ਰਹੇ ਹਨ। ਇਸ ਤੋਂ ਪਹਿਲਾਂ ਵੀ ਕਰੋੜਾਂ ਰੁਪਿਆਂ ਦੀ ਲਾਗਤ ਨਾਲ ਸ਼ਹਿਰ ਤੇ ਕੰਟੋਨਮੈਂਟ ਇਲਾਕੇ ਲਈ ਕਈ ਪ੍ਰਾਜੈਕਟ ਸ਼ੁਰੂ ਕੀਤੇ ਜਾ ਚੁੱਕੇ ਹਨ। ਉਨ੍ਹਾਂ ਕਿਹਾ ਕਿ ਫਿਰੋਜ਼ਪੁਰ ਵਿੱਚ ਸੜਕਾਂ, ਪਾਰਕਾਂ, ਗਲੀਆਂ, ਖੇਡ ਬੁਨਿਆਦੀ ਢਾਂਚੇ ਤੋਂ ਇਲਾਵਾ ਇਤਿਹਾਸਕ ਗੇਟਾਂ ਦੇ ਨਿਰਮਾਣ ਆਦਿ ਵਰਗੇ ਕਾਰਜਾਂ ਨੂੰ ਵੀ ਤੇਜ਼ੀ ਨਾਲ ਨੇਪਰੇ ਚਾੜ੍ਹਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਹ ਪੈਸਾ ਫਿਰੋਜ਼ਪੁਰ ਸਹਿਰੀ ਹਲਕੇ ਦੇ ਪਿੰਡਾਂ ਦੀਆਂ ਸੜਕਾਂ ਦੀ ਮੁਰੰਮਤ, ਪਾਰਕਾਂ ਦਾ ਨਿਰਮਾਣ, ਓਪਨ ਜਿੰਮ ਲਗਾਉਣ ਅਤੇ ਗਲੀਆਂ ਤੇ ਨਾਲੀਆਂ ਦੀ ਮੁਰੰਮਤ ਅਤੇ ਸੁੰਦਰੀਕਰਨ ਲਈ ਵਰਤਿਆ ਜਾਵੇਗਾ।
ਉਨ੍ਹਾਂ ਕਿਹਾ ਕਿ ਹਲਕੇ ਦੇ ਸੁੰਦਰੀਕਰਨ ਦੇ ਲਈ ਉਚੇਚੇ ਤੌਰ ਤੇ ਖਾਕਾ ਤਿਆਰ ਕੀਤਾ ਗਿਆ ਹੈ। ਹਲਕਾ ਨਿਵਾਸੀਆਂ ਦੀਆਂ ਸਮੱਸਿਆ ਅਤੇ ਮੰਗਾਂ ਅਨੁਸਾਰ ਹੀ ਸਾਰੇ ਵਿਕਾਸ ਪ੍ਰਾਜੈਕਟ ਤਿਆਰ ਕੀਤੇ ਜਾਂਦੇ ਹਨ, ਹਲਕੇ ਵਿਚ ਬਹੁਤ ਸਾਰੇ ਵਿਕਾਸ ਕਾਰਜ ਜਿੱਥੇ ਮੁਕੰਮਲ ਹੋ ਚੁੱਕੇ ਹਨ ਉਥੇ ਕਈ ਵੱਡੇ ਪ੍ਰਾਜੈਕਟਾਂ ਦਾ ਕੰਮ ਵੀ ਚੱਲ ਰਿਹਾ ਹੈ। ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਸ਼ਹਿਰ ਦੇ ਨਾਲ-ਨਾਲ ਪਿੰਡਾਂ ਦੇ ਵਿਕਾਸ ਲਈ ਨਿਰੰਤਰ ਯਤਨ ਕਰ ਰਹੀ ਹੈ। ਮੇਰੀ ਵੀ ਇਹ ਦਿਲੀ ਇੱਛਾ ਹੈ ਕਿ ਮੇਰਾ ਸ਼ਹਿਰ ਤੇ ਮੇਰੇ ਹਲਕੇ ਦਾ ਕੋਈ ਵੀ ਪਿੰਡ ਵਿਕਾਸ ਪੱਖੋਂ ਵਾਂਝਾ ਨਾ ਰਹੇ ਜਿਸ ਤਹਿਤ ਪਿੰਡਾਂ ਨੂੰ ਸ਼ਹਿਰਾਂ ਵਰਗੀ ਦਿੱਖ ਪ੍ਰਦਾਨ ਕਰਨ ਲਈ ਪਿੰਡਾਂ ਦੀਆਂ ਗਲੀਆਂ ਵਿੱਚ ਇੰਟਰਲਾਕਿੰਗ ਟਾਈਲਾਂ ਲਗਵਾਈਆਂ ਜਾ ਰਹੀਆਂ ਹਨ ਅਤੇ ਸੀਵਰੇਜ ਸਿਸਟਮ ਵੀ ਲਗਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਉਹ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਆਪਣੇ ਹਲਕੇ ਦੇ ਵਿਕਾਸ ਲਈ ਯਤਨ ਕਰ ਰਹੇ ਹਨ ਜੇਕਰ ਉਨ੍ਹਾਂ ਦੇ ਹਲਕੇ ਦਾ ਕੋਈ ਵੀ ਪਿੰਡ ਵਿਕਾਸ ਪੱਖੋਂ ਵਾਂਝਾ ਹੈ ਤਾਂ ਉਨ੍ਹਾਂ ਦੇ ਧਿਆਨ ਵਿੱਚ ਲਿਆਉਣ ਤਾਂ ਜੋ ਉਸ ਪਿੰਡ ਦਾ ਵਿਕਾਸ ਕੀਤਾ ਜਾ ਸਕੇ।

Spread the love