ਮੁੱਖ ਮੰਤਰੀ ਵੱਲੋਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਸੰਤ ਪ੍ਰੇਮ ਸਿੰਘ ਮੁਰਾਲੇ ਵਾਲੇ ਦੀ ਯਾਦ ਵਿੱਚ ਚੇਅਰ ਅਤੇ ਹੋਰ ਪ੍ਰਾਜੈਕਟਾਂ ਦਾ ਉਦਘਾਟਨ

ਨਵੇਂ ਬਲਾਕ ਸਥਾਪਤ ਕਰਨ ਦਾ ਨੀਂਹ ਪੱਥਰ ਵੀ ਰੱਖਿਆ, ਸਰਕਾਰੀ ਮੈਡੀਕਲ ਕਾਲਜ ਤੇ ਹਸਪਤਾਲ ਵਿਖੇ ਕਰੋਨਾ ਯੋਧਿਆਂ ਨਾਲ ਕੀਤੀ ਗੱਲਬਾਤ
ਅੰਮ੍ਰਿਤਸਰ, 14 ਅਗਸਤ 2021
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਅੰਮ੍ਰਿਤਸਰ ਦਾ ਦੋ ਰੋਜ਼ਾ ਦੌਰਾ ਸ਼ੁਰੂ ਕੀਤਾ ਜਿੱਥੇ ਉਨ੍ਹਾਂ ਨੇ ਅੱਜ ਪਹਿਲੇ ਦਿਨ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਮਹਾਨ ਧਾਰਮਿਕ ਸ਼ਖਸੀਅਤ ਸੰਤ ਪ੍ਰੇਮ ਸਿੰਘ ਮੁਰਾਲੇ ਵਾਲੇ ਜੀ ਦੀ ਯਾਦ ਵਿਚ ਸਥਾਪਤ ਕੀਤੀ ਚੇਅਰ ਸਮੇਤ ਕਈ ਪ੍ਰਾਜੈਕਟ ਲੋਕਾਂ ਨੂੰ ਸਮਰਪਿਤ ਕੀਤੇ। ਮੁੱਖ ਮੰਤਰੀ ਭਲਕੇ ਆਜ਼ਾਦੀ ਦਿਹਾੜੇ ਮੌਕੇ ਇੱਥੇ ਹੋਣ ਵਾਲੇ ਰਾਜ ਪੱਧਰੀ ਸਮਾਗਮਾਂ ਦੀ ਅਗਵਾਈ ਕਰਨਗੇ।
ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਕੈਂਪਸ ਵਿਚ ਪਹੁੰਚਣ ਮੌਕੇ ਮੁੱਖ ਮੰਤਰੀ ਨੇ ਸੰਤ ਪ੍ਰੇਮ ਸਿੰਘ ਮੁਰਾਲੇ ਵਾਲੇ ਜੀ ਨੂੰ ਸਮਰਪਿਤ ਚੇਅਰ ਦਾ ਉਦਘਾਟਨ ਕੀਤਾ। ਇਹ ਚੇਅਰ ਮਹਾਨ ਧਾਰਮਿਕ ਸ਼ਖਸੀਅਤ ਅਤੇ ਉੱਘੇ ਸਿੱਖਿਆ ਸ਼ਾਸਤਰੀ ਦੀ ਯਾਦ ਵਿਚ ਸਥਾਪਤ ਕੀਤੀ ਗਈ ਹੈ ਅਤੇ ਮੌਜੂਦਾ ਵਿੱਤੀ ਸਾਲ ਵਿਚ ਸੂਬਾ ਸਰਕਾਰ ਨੇ ਇਕ ਕਰੋੜ ਰੁਪਏ ਦਾ ਯੋਗਦਾਨ ਪਾਇਆ ਗਿਆ ਹੈ। ਇਸ ਚੇਅਰ ਦੀ ਮੁਖੀ ਇਕ ਪ੍ਰੋਫੈਸਰ ਅਤੇ ਉਨ੍ਹਾਂ ਨਾਲ ਤਿੰਨ ਖੋਜ ਸਹਾਇਕ ਵੀ ਹੋਣਗੇ।
ਕੈਪਟਨ ਅਮਰਿੰਦਰ ਸਿੰਘ ਨੇ 6.10 ਕਰੋੜ ਰੁਪਏ ਦੀ ਲਾਗਤ ਵਾਲੇ ਸਕੂਲ ਆਫ਼ ਐਜੂਕੇਸ਼ਨ, 2.45 ਕਰੋੜ ਰੁਪਏ ਦੀ ਲਾਗਤ ਵਾਲੇ ਜਨ ਸੰਚਾਰ ਵਿਭਾਗ, 3.30 ਕਰੋੜ ਰੁਪਏ ਦੀ ਲਾਗਤ ਨਾਲ ਬਣੇ ਹੋਟਲ ਮੈਨੇਜਮੈਂਟ ਅਤੇ ਸੈਰ ਸਪਾਟਾ ਦਾ ਉਦਘਾਟਨ ਕੀਤਾ। ਇਸੇ ਤਰ੍ਹਾਂ 3.50 ਕਰੋੜ ਰੁਪਏ ਦੀ ਲਾਗਤ ਨਾਲ ਬਣਨ ਵਾਲੇ ਗੋਲਡਨ ਜੁਬਲੀ ਸੈਂਟਰ ਫਾਰ ਇੰਟਰਪ੍ਰੀਨਿਊਰਸ਼ਿਪ ਐਂਡ ਇਨੋਵੇਸ਼ਨ ਅਤੇ 1.60 ਕਰੋੜ ਰੁਪਏ ਦੀ ਲਾਗਤ ਨਾਲ ਬਣਨ ਵਾਲੀ ਸ਼ੂਟਿੰਗ ਰੇਂਜ ਦਾ ਨੀਂਹ ਪੱਥਰ ਵੀ ਰੱਖਿਆ।
ਮੁੱਖ ਮੰਤਰੀ ਨੇ ਉਮੀਦ ਜ਼ਾਹਰ ਕੀਤੀ ਇਹ ਪ੍ਰਾਜੈਕਟ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੂੰ ਮੁਲਕ ਦੀਆਂ ਉਚ ਦਰਜੇ ਦੀਆਂ ਯੂਨੀਵਰਸਿਟੀਆਂ ਵਿਚ ਆਪਣਾ ਸਥਾਨ ਹੋਰ ਮਜ਼ਬੂਤ ਕਰਨ ਵਿਚ ਸਹਾਈ ਸਿੱਧ ਹੋਣਗੇ। ਉਨ੍ਹਾਂ ਕਿਹਾ ਕਿ ਸੰਤ ਪ੍ਰੇਮ ਸਿੰਘ ਮੁਰਾਲੇ ਵਾਲੇ ਨੂੰ ਸਮਰਪਿਤ ਚੇਅਰ ਮਹਾਨ ਸੰਤ ਸਖਸ਼ੀਅਤ ਦੇ ਜੀਵਨ ਅਤੇ ਫਿਲਾਸਫੀ ਉਤੇ ਡੂੰਘੀ ਖੋਜ ਕਰਨ ਲਈ ਵਿਦਵਾਨਾਂ ਅਤੇ ਖੋਜਾਰਥੀਆਂ ਦੀ ਮਦਦ ਕਰੇਗੀ। ਸੰਤ ਜੀ ਨੇ ਰਸਮੀ ਤੌਰ ਉਤੇ ਸਿੱਖਿਆ ਦੇ ਪਾਸਾਰ ਨੂੰ ਅਮਲ ਵਿਚ ਲਿਆਉਣ ਦੀ ਅਗਵਾਈ ਉਸ ਸਮੇਂ ਕੀਤੀ, ਜਿਸ ਵੇਲੇ ਸਿੱਖਿਆ ਨੂੰ ਮਹੱਤਵਪੂਰਨ ਨਹੀਂ ਸੀ ਮੰਨਿਆ ਜਾਂਦਾ। ਉਨ੍ਹਾਂ ਨੇ ਭਰੋਸਾ ਜ਼ਾਹਰ ਕੀਤਾ ਕਿ ਇਸ ਚੇਅਰ ਵੱਲੋਂ ਕੀਤੀ ਖੋਜ ਯੂਨੀਵਰਸਿਟੀ ਦੀ ਲਾਇਬ੍ਰੇਰੀ ਤੱਕ ਹੀ ਮਹਿਦੂਦ ਨਹੀਂ ਰਹੇਗੀ ਸਗੋਂ ਇਨ੍ਹਾਂ ਨੂੰ ਕਿਤਾਬਾਂ ਵਜੋਂ ਪ੍ਰਕਾਸ਼ਿਤ ਕੀਤਾ ਜਾਵੇਗਾ ਤਾਂ ਕਿ ਦੁਨੀਆਂ ਨੂੰ ਸੰਤ ਜੀ ਦੇ ਯੋਗਦਾਨ ਅਤੇ ਕੁਰਬਾਨੀਆਂ ਬਾਰੇ ਜਾਣੂੰ ਕਰਵਾਇਆ ਜਾ ਸਕੇ।
ਕੈਬਨਿਟ ਮੰਤਰੀ ਤ੍ਰਿਪਤ ਬਾਜਵਾ ਵੱਲੋਂ ਫੰਡਾਂ ਦੀ ਘਾਟ ਸਬੰਧੀ ਜ਼ਾਹਰ ਕੀਤੀ ਗਈ ਚਿੰਤਾ ਦੇ ਜਵਾਬ ਵਿੱਚ ਉਨ੍ਹਾਂ ਕਿਹਾ ਕਿ ਅਜਿਹੀ ਖੋਜ ਲਈ ਗ੍ਰਾਂਟਾਂ ਵਿੱਚ ਵਾਧਾ ਕੀਤਾ ਜਾਵੇਗਾ। ਬਾਜਵਾ ਨੇ ਆਪਣੀ ਸ਼ੁਰੂਆਤੀ ਟਿੱਪਣੀ ਵਿੱਚ ਅਫਸੋਸ ਜਤਾਇਆ ਕਿ ਯੂਨੀਵਰਸਿਟੀਆਂ ਵਿੱਚ ਸਥਾਪਤ ਕੀਤੀਆਂ ਜਾਂਦੀਆਂ ਚੇਅਰਜ਼ ਫੰਡਾਂ ਦੀ ਘਾਟ ਕਰਨ ਖੁਦ-ਬ-ਖੁਦ ਖ਼ਤਮ ਹੋ ਜਾਂਦੀਆਂ ਹਨ।
ਸਿੱਖ ਧਰਮ ਦੇ ਪ੍ਰਸਾਰ ਲਈ ਲੁਬਾਣਾ ਭਾਈਚਾਰੇ ਦੇ ਵੱਡਮੁੱਲੇ ਯੋਗਦਾਨ ਦੀ ਸ਼ਲਾਘਾ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਨੌਵੇਂ ਸਿੱਖ ਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ ਜੀਵਨ ਕਾਲ ਦੌਰਾਨ ਮਹਾਨ ਸ਼ਰਧਾਲੂਆਂ ਮੱਖਣ ਸ਼ਾਹ ਲੁਬਾਣਾ ਅਤੇ ਲੱਖੀ ਸ਼ਾਹ ਵਣਜਾਰਾ ਦੁਆਰਾ ਨਿਭਾਈ ਗਈ ਅਹਿਮ ਭੂਮਿਕਾ ਪੰਜਾਬੀਆਂ ਨੂੰ ਹਮੇਸ਼ਾ ਪ੍ਰੇਰਿਤ ਕਰਦੀ ਰਹੇਗੀ।
ਜ਼ਿਕਰਯੋਗ ਹੈ ਕਿ ਸੰਤ ਪ੍ਰੇਮ ਜੀ ਨੇ 1921 ਵਿੱਚ ਗੁਰੂ ਗੋਬਿੰਦ ਸਿੰਘ ਖਾਲਸਾ, ਲੁਬਾਣਾ ਸਕੂਲ ਦੀ ਸਥਾਪਨਾ ਕੀਤੀ ਅਤੇ ਬਾਅਦ ਵਿੱਚ ਉਨ੍ਹਾਂ ਦੀ ਯਾਦ `ਚ ਇੱਕ ਹੋਰ ਸਕੂਲ ਸਥਾਪਤ ਕੀਤਾ ਗਿਆ। ਅੱਜ ਵੀ ਕਪੂਰਥਲਾ ਜ਼ਿਲ੍ਹੇ ਦੇ ਨਡਾਲਾ ਅਤੇ ਬੇਗੋਵਾਲ ਕਸਬਿਆਂ ਵਿੱਚ ਇਸ ਧਾਰਮਿਕ ਸਮੂਹ ਦੁਆਰਾ ਕਾਲਜ ਚਲਾਏ ਜਾ ਰਹੇ ਹਨ। ਸੰਤ ਪ੍ਰੇਮ ਜੀ 1937 ਅਤੇ 1945 ਵਿੱਚ ਪੰਜਾਬ ਵਿਧਾਨ ਸਭਾ ਲਈ ਚੁਣੇ ਗਏ ਅਤੇ ਗੁਰਦੁਆਰਾ ਸੁਧਾਰ ਲਹਿਰ ਵਿੱਚ ਸਰਗਰਮ ਭੂਮਿਕਾ ਨਿਭਾਉਂਦੇ ਹੋਏ 1926 ਤੋਂ 1950 ਤੱਕ ਸ਼੍ਰੋਮਣੀ ਕਮੇਟੀ ਦੇ ਮੈਂਬਰ ਰਹੇ। ਭਾਰਤ ਦੀ ਵੰਡ ਤੋਂ ਬਾਅਦ, ਸੰਤ ਜੀ ਬੇਗੋਵਾਲ ਆ ਗਏ ਅਤੇ ਸੰਤ ਬਿਸ਼ਨ ਸਿੰਘ ਦੇ ਨਾਂ ਹੇਠ ਇੱਕ ਧਾਰਮਿਕ ਸਮੂਹ ਦੀ ਸਥਾਪਨਾ ਕੀਤੀ। ਉਹ 2 ਜੂਨ, 1950 ਨੂੰ ਅਕਾਲ ਚਲਾਣਾ ਕਰ ਗਏ।
ਇਸ ਮੌਕੇ ਵਿਧਾਇਕ ਅੰਮ੍ਰਿਤਸਰ (ਪੱਛਮੀ) ਡਾ. ਰਾਜ ਕੁਮਾਰ ਵੇਰਕਾ ਨੇ ਧੰਨਵਾਦ ਦਾ ਮਤਾ ਪੇਸ਼ ਕੀਤਾ। ਇਸ ਮੌਕੇ ਉਚੇਰੀ ਸਿੱਖਿਆ ਅਤੇ ਭਾਸ਼ਾਵਾਂ ਬਾਰੇ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ, ਟਾਂਡਾ ਤੋਂ ਵਿਧਾਇਕ ਅਤੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਕਾਰਜਕਾਰੀ ਪ੍ਰਧਾਨ ਸੰਗਤ ਸਿੰਘ ਗਿਲਜੀਆਂ, ਅੰਮ੍ਰਿਤਸਰ ਤੋਂ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ, ਯੂਨੀਵਰਸਿਟੀ ਦੇ ਉਪ ਕੁਲਪਤੀ ਡਾ. ਜਸਪਾਲ ਸਿੰਘ ਸੰਧੂ ਅਤੇ ਸੰਤ ਪ੍ਰੇਮ ਸਿੰਘ ਮੁਰਾਲੇ ਵਾਲੇ ਚੇਅਰ ਦੇ ਪ੍ਰੋ. ਸਰਬਜਿੰਦਰ ਸਿਘ ਮੌਜੂਦ ਸਨ।
ਮੁੱਖ ਮੰਤਰੀ ਨੇ ਬਾਅਦ ਵਿੱਚ ਸਰਕਾਰੀ ਮੈਡੀਕਲ ਕਾਲਜ ਅਤੇ ਹਸਪਤਾਲ, ਅੰਮ੍ਰਿਤਸਰ ਦਾ ਦੌਰਾ ਕੀਤਾ ਜਿੱਥੇ ਉਨ੍ਹਾਂ ਨੇ ਬੇਸਿਕ ਸਾਇੰਸ ਬਲਾਕ ਅਤੇ ਲੜਕਿਆਂ ਦੇ ਨਵੇਂ ਹੋਸਟਲ ਦਾ ਨੀਂਹ ਪੱਥਰ ਰੱਖਿਆ।ਇਸ ਤੋਂ ਬਾਅਦ ਉਨ੍ਹਾਂ ਨੇ ਚਾਹ ਪੀਣ ਮੌਕੇ ਕੋਰੋਨਾ ਯੋਧਿਆਂ ਨਾਲ ਗੈਰ-ਰਸਮੀ ਗੱਲਬਾਤ ਕੀਤੀ।

 

Spread the love