ਅੱਜ ਸਪੋਰਟ ਸਟੇਡੀਅਮ ਲਮੀਣੀ ਪਠਾਨਕੋਟ ਵਿਖੇ ਜਿਲ੍ਹਾ ਪੱਧਰੀ 75ਵਾਂ ਅਜਾਦੀ ਦਿਵਸ ਮਨਾਇਆ ਗਿਆ।

ਸ੍ਰੀਮਤੀ ਅਰੁਣਾ ਚੋਧਰੀ ਸਮਾਜਿੱਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਮੰਤਰੀ ਪੰਜਾਬ ਨੇ ਤਿਰੰਗਾ ਲਹਿਰਾ ਕੇ ਤਿਰੰਗੇ ਨੂੰ ਦਿੱਤੀ ਸਲਾਮੀ
ਪਠਾਨਕੋਟ 15 ਅਗਸਤ 2021 ਅੱਜ ਸਪੋਰਟ ਸਟੇਡੀਅਮ ਲਮੀਣੀ ਪਠਾਨਕੋਟ ਵਿਖੇ ਜਿਲ੍ਹਾ ਪੱਧਰੀ 75ਵਾਂ ਅਜਾਦੀ ਦਿਵਸ ਮਨਾਇਆ ਗਿਆ। ਸਮਾਰੋਹ ਵਿੱਚ ਸ੍ਰੀਮਤੀ ਅਰੁਣਾ ਚੋਧਰੀ ਸਮਾਜਿੱਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਮੰਤਰੀ ਪੰਜਾਬ ਮੁੱਖ ਮਹਿਮਾਨ ਵਜੋਂ ਹਾਜ਼ਰ ਹੋਏ ਅਤੇ ਤਿਰੰਗਾ ਲਹਿਰਾ ਕੇ ਤਿਰੰਗੇ ਨੂੰ ਸਲਾਮੀ ਦਿੱਤੀ। ਇਸ ਮੋਕੇ ਤੇ ਹੋਰਨਾਂ ਤੋਂ ਇਲਾਵਾ ਸਰਵਸ੍ਰੀ ਸੰਯਮ ਅਗਰਵਾਲ ਡਿਪਟੀ ਕਮਿਸ਼ਨਰ ਪਠਾਨਕੋਟ, ਸੁਰਿੰਦਰਾ ਲਾਂਬਾ ਐਸ.ਐਸ.ਪੀ. ਪਠਾਨਕੋਟ, ਮੁਹੰਮਦ ਗੁਲਜਾਰ ਜਿਲ੍ਹਾ ਤੇ ਸੈਸਨ ਜੱਜ ਪਠਾਨਕੋਟ, ਅਵਤਾਰ ਸਿੰਘ ਆਡੀਸਨਲ ਜਿਲ੍ਹਾ ਤੇ ਸੈਸਨ ਜੱਜ, ਪ੍ਰਿਤਪਾਲ ਸਿੰਘ ਜੱਜ ਸਾਹਿਬ ਫੇਮਲੀ ਕੋਰਟ, ਰਾਜੀਵਪਾਲ ਸਿੰਘ ਚੀਮਾ ਡੀ.ਐਲ.ਐਸ.ਏ., ਪਰਿੰਦਰ ਸਿੰਘ ਸਿਵਲ ਜੱਜ ਸੀਨੀਅਰ ਡਿਵੀਜਨ, ਅਮਿਤ ਵਿੱਜ ਵਿਧਾਇਕ ਹਲਕਾ ਪਠਾਨਕੋਟ, ਵਿਧਾਇਕ ਹਲਕਾ ਭੋਆ ਜੋਗਿੰਦਰ ਪਾਲ, ਪੰਨਾ ਲਾਲ ਭਾਟੀਆ ਮੇਅਰ ਨਗਰ ਨਿਗਮ ਪਠਾਨਕੋਟ, ਵਿਨੇ ਮਹਾਜਨ, ਆਸੀਸ ਵਿੱਜ, ਸੰਜੀਵ ਬੈਂਸ ਜਿਲ੍ਹਾ ਪ੍ਰਧਾਨ ਕਾਂਗਰਸ ਕਮੇਟੀ, ਅਨਿਲ ਦਾਰਾ ਚੈਅਰਮੈਨ ਜਿਲ੍ਹਾ ਪਲਾਨਿੰਗ ਬੋਰਡ ਪਠਾਨਕੋਟ, ਸੰਦੀਪ ਸਿੰਘ ਵਧੀਕ ਡਿਪਟੀ ਕਮਿਸ਼ਨਰ (ਜ), ਗੁਲਨੁਰ ਸਿੰਘ ਗਰੇਵਾਲ ਸਹਾਇਕ ਕਮਿਸ਼ਨਰ ਸਿਕਾਇਤਾਂ, ਗੁਰਸਿਮਰਨ ਸਿੰਘ ਢਿਲੋਂ ਐਸ.ਡੀ.ਐਮ. ਪਠਾਨਕੋਟ, ਰਾਮ ਲੁਭਾਇਆ ਜਿਲ੍ਹਾ ਲੋਕ ਸੰਪਰਕ ਅਫਸ਼ਰ ਪਠਾਨਕੋਟ ਅਤੇ ਹੋਰ ਵੱਖ ਵੱਖ ਵਿਭਾਗਾਂ ਦੇ ਜਿਲ੍ਹਾ ਅਧਿਕਾਰੀ ਹਾਜ਼ਰ ਸਨ।
ਸਭ ਤੋਂ ਪਹਿਲਾ ਮੁੱਖ ਮਹਿਮਾਣ ਵੱਲੋਂ ਤਿਰੰਗਾ ਲਹਿਰਾਉਂਣ ਦੀ ਰਸਮ ਅਦਾ ਕੀਤੀ ਅਤੇ ਸਮਾਰੋਹ ਦੋਰਾਨ ਪ੍ਰੇਡ ਦਾ ਨਿਰੀਖਣ ਕੀਤਾ ਇਸ ਤੋਂ ਬਾਅਦ ਹਵਾਂ ਵਿੱਚ ਗੁਬਬਾਰੇ ਛੱਡ ਕੇ ਅਮਨ ਤੇ ਸਾਂਤੀ ਦਾ ਸੰਦੇਸ ਦਿੱਤਾ। ਮਾਰਚ ਪਾਸਟ ਦੋਰਾਨ ਪੰਜਾਬ ਪੁਲਿਸ ਦੀ ਪਹਿਲੀ ਟੁਕੜੀ ਵੱਲੋਂ ਐਸ.ਆਈ. ਵਿਜੇ ਕੁਮਾਰ,ਪੰਜਾਬ ਪੁਲਿਸ ਦੀ ਦੂਸਰੀ ਟੁਕੜੀ ਵੱਲੋਂ ਏ.ਐਸ.ਆਈ. ਅਮਰੀਕ ਸਿੰਘ,ਪੰਜਾਬ ਮਹਿਲਾ ਪੁਲਿਸ ਵੱਲੋਂ ਐਸ.ਆਈ ਦੀਪਿਕਾ, ਪੰਜਾਬ ਹੋਮ ਗਾਰਡ ਵੱਲੋਂ ਐਸ.ਆਈ. ਫਿਰੋਜ ਖਾਨ, ਐਸ.ਡੀ. ਕਾਲਜ ਦੇ ਐਨ.ਸੀ.ਸੀ. ਕੈਡਿਟਾਂ ਵੱਲੋਂ ਪਾਰਥ ਕੁਮਾਰ, ਆਈ.ਟੀ.ਆਈ. ਲੜਕੇ ਪਠਾਨਕੋਟ ਵੱਲੋਂ ਨਿਖਿਲ,ਏ.ਬੀ. ਕਾਲਜ ਪਠਾਨਕੋਟ ਵੱਲੋਂ ਐਨ.ਸੀ.ਸੀ. ਕੈਡਿਟਾਂ ਵੱਲੋਂ ਅੰਜਲੀ , ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲਮੀਣੀ ਵੱਲੋਂ ਸੁਖਵਿੰਦਰ ਕੁਮਾਰ ਅਧੀਨ ਮਾਰਚ ਪਾਸਟ ਕੀਤਾ ਗਿਆ। ਮਾਰਚ ਪਾਸਟ ਦੋਰਾਨ ਰਾਜਪੁਤਾਨਾ ਰਾਈਫਲ ਦੇ ਬੈਂਡ ਵੱਲੋਂ ਵਧੀਆ ਪ੍ਰਦਰਸ਼ਨ ਕੀਤਾ ਗਿਆ। ਓਵਰ ਆਲ ਪ੍ਰੇਡ ਕਮਾਂਡਰ ਡੀ.ਐਸ.ਪੀ.ਡੀ. ਮਨਿੰਦਰ ਸਿੰਘ ਵੱਲੋਂ ਕੀਤਾ ਗਿਆ।
ਇਸ ਮੋਕੇ ਤੇ ਸੰਬੋਧਤ ਕਰਦਿਆ ਸ੍ਰੀਮਤੀ ਅਰੂਣਾ ਚੋਧਰੀ ਸਮਾਜਿੱਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਮੰਤਰੀ ਪੰਜਾਬ ਨੇ ਸਭ ਤੋਂ ਪਹਿਲਾ ਦੇਸ ਨੂੰ ਆਜਾਦ ਕਰਵਾਉਂਣ ਲਈ ਜਿਨ੍ਹਾਂ ਅਮਰ ਸਹੀਦਾਂ ਕੁਰਬਾਨੀਆਂ ਦਿੱਤੀਆਂ ਨੂੰ ਯਾਦ ਕੀਤਾ ਅਤੇ ਨਮਨ ਕੀਤਾ। ਇਸ ਮੋਕੇ ਤੇ ਉਨ੍ਹਾਂ ਕਿਹਾ ਕਿ ਅੱਜ 75ਵੇਂ ਸੁਤੰਤਰਤਾ ਦਿਵਸ ਮੌਕੇ ਪਠਾਨਕੋਟ ਦੀ ਇਸ ਮਹਾਨ ਧਰਤੀ ’ਤੇ ਰਾਸ਼ਟਰੀ ਝੰਡਾ ਲਹਿਰਾਅ ਕੇ ਮਾਣ ਮਹਿਸੂਸ ਕਰ ਰਹੀ ਹਾਂ।ਉਨ੍ਹਾਂ ਕਿਹਾ ਕਿ ਸ਼ਹੀਦਾਂ, ਆਜ਼ਾਦੀ ਘੁਲਾਟੀਆਂ ਦੀਆਂ ਕੁਰਬਾਨੀਆਂ ਸਦਕਾ ਹੀ ਅੱਜ ਅਸੀਂ ਆਜ਼ਾਦ ਫ਼ਿਜ਼ਾ ਵਿੱਚ ਸਾਹ ਲੈ ਰਹੇ ਹਾਂ। ਉਨ੍ਹਾਂ ਕਿਹਾ ਕਿ ਪੰਜਾਬ ਦਾ ਖੇਤਰਫਲ ਭਾਰਤ ਦੇ ਕੁੱਲ ਖੇਤਰ ਦਾ ਸਿਰਫ 1.6 ਫੀਸਦੀ ਬਣਦਾ ਹੈ ਪਰ ਪੰਜਾਬੀਆਂ ਨੇ ਹਰ ਖੇਤਰ ਵਿਚ ਮੋਹਰੀ ਰਹਿ ਕੇ ਬਹੁਤ ਸਾਰੀਆਂ ਮੱਲਾਂ ਮਾਰੀਆਂ ਹਨ। ਸਾਨੂੰ ਮਾਣ ਹੈ ਕਿ ਦੇਸ਼ ਦੇ ਆਜ਼ਾਦੀ ਸੰਘਰਸ਼ ਦੌਰਾਨ 80 ਫੀਸਦੀ ਯੋਗਦਾਨ ਪੰਜਾਬੀਆਂ ਦਾ ਰਿਹਾ। ਕਾਲੇ ਪਾਣੀ ਵਰਗੀਆਂ ਸਖ਼ਤ ਸਜ਼ਾਵਾਂ ਵੀ ਪੰਜਾਬੀਆਂ ਨੇ ਹੱਸ-ਹੱਸ ਕੇ ਕੱਟੀਆਂ। ਉਨ੍ਹਾਂ ਕਿਹਾ ਕਿ ਪੰਜਾਬੀਆਂ ਦੀਆਂ ਕੁਰਬਾਨੀਆਂ ਅਤੇ ਸਾਡੇ ਮਹਾਨ ਸ਼ਹੀਦਾਂ ਸਦਕਾ ਹੀ ਅੱਜ ਅਸੀਂ ਆਜ਼ਾਦ ਫਿਜ਼ਾ ਵਿੱਚ ਜ਼ਿੰਦਗੀ ਬਿਤਾ ਰਹੇ ਹਾਂ। ਜੇ ਆਜ਼ਾਦੀ ਘੁਲਾਟੀਆਂ ਨੇ ਆਪਣਾ ਖ਼ੂਨ ਨਾ ਡੋਲਿ੍ਹਆ ਹੁੰਦਾ ਅਤੇ ਆਪਣੇ ਪਰਿਵਾਰ ਨਿਛਾਵਰ ਨਾ ਕੀਤੇ ਹੁੰਦੇ ਤਾਂ ਅੱਜ ਅਸੀਂ ਇਸ ਮੁਕਾਮ ’ਤੇ ਸ਼ਾਇਦ ਨਾ ਹੁੰਦੇ।
ਉਨ੍ਹਾਂ ਕਿਹਾ ਕਿ ਸਰਕਾਰ ਆਜ਼ਾਦੀ ਘੁਲਾਟੀਆਂ ਦੇ ਪਰਿਵਾਰਾਂ ਨੂੰ ਪੂਰਾ ਮਾਣ-ਸਨਮਾਨ ਦਿੰਦੀ ਆ ਰਹੀ ਹੈ। ਆਜ਼ਾਦੀ ਘੁਲਾਟੀਆਂ ਨੂੰ ਘਰ ਮੁਹੱਈਆ ਕਰਵਾਉਣ ਲਈ ਪੁੱਡਾ, ਗਮਾਡਾ ਵਿੱਚ ਰਾਖਵਾਂਕਰਨ 2 ਫੀਸਦੀ ਤੋਂ ਵਧਾ ਕੇ 3 ਫ਼ੀਸਦੀ ਕੀਤਾ ਗਿਆ ਹੈ, ਉਨ੍ਹਾਂ ਨੂੰ 9400 ਰੁਪਏ ਪੈਨਸ਼ਨ ਦਿੱਤੀ ਜਾਂਦੀ ਹੈ। ਇਸ ਦੇ ਨਾਲ ਹੀ ਆਜ਼ਾਦੀ ਘੁਲਾਟੀਆਂ ਨੂੰ ਰਾਜਮਾਰਗਾਂ ’ਤੇ ਟੌਲ ਟੈਕਸ ਤੋਂ ਛੋਟ ਦੇਣ ਤੋਂ ਇਲਾਵਾ ਹੋਰ ਕਈ ਸਹੂਲਤਾਂ ਦਿੱਤੀਆਂ ਜਾ ਰਹੀਆਂ ਹਨ। ਸ਼ਹੀਦ ਹੋਏ ਜਵਾਨਾਂ ਦੇ ਪਰਿਵਾਰਕ ਮੈਂਬਰਾਂ ਨੂੰ 50 ਤੋਂ ਜ਼ਿਆਦਾ ਸਰਕਾਰੀ ਨੌਕਰੀਆਂ ਦਿੱਤੀਆਂ ਗਈਆਂ ਹਨ ਅਤੇ ਵਿੱਤੀ ਮਦਦ ਵੀ ਦਿੱਤੀ ਗਈ। 1962, 1965 ਅਤੇ 1971 ਦੀਆਂ ਜੰਗਾਂ ਦੇ ਸ਼ਹੀਦਾਂ ਦੀਆਂ ਵਿਧਵਾਵਾਂ ਲਈ ਵਿੱਤੀ ਇਮਦਾਦ ਜਾਰੀ ਕੀਤੀ ਗਈ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਸਾਬਕਾ ਫ਼ੌਜੀਆਂ ਨੂੰ ‘ਖ਼ੁਸ਼ਹਾਲੀ ਦੇ ਰਾਖੇ’ ਦਾ ਦਰਜਾ ਦੇ ਕੇ ਆਪਣੀ ਸਰਕਾਰ ਦਾ ਅਹਿਮ ਹਿੱਸਾ ਬਣਾਇਆ ਗਿਆ ਹੈ। ਗੁਰਦਾਸਪੁਰ ਅਤੇ ਮਾਨਸਾ ਵਿਖੇ ਦੋ ਨਵੇਂ ਸੈਨਿਕ ਸਕੂਲ ਖੋਲ੍ਹਣ ਦਾ ਫ਼ੈਸਲਾ ਕੀਤਾ ਗਿਆ ਹੈ। ਸਾਬਕਾ ਫ਼ੌਜੀਆਂ ਲਈ ਮੁੱਖ ਮੰਤਰੀ ਦਫ਼ਤਰ ਵਿੱਚ ਵਿਸ਼ੇਸ਼ ਸੈੱਲ ਕਾਇਮ ਕੀਤਾ ਗਿਆ ਹੈ। ਲੋਕਾਂ ਨੂੰ ਫ਼ੌਜ ਦੇ ਸ਼ਾਨਾਮੱਤੇ ਇਤਿਹਾਸ ਤੋਂ ਜਾਣੂ ਕਰਵਾਉਣ ਲਈ ਸਾਡੀ ਸਰਕਾਰ ਵੱਲੋਂ ਚੰਡੀਗੜ੍ਹ ਵਿਖੇ ਮਿਲਟਰੀ ਲਿਟਰੇਚਰ ਫ਼ੈਸਟੀਵਲ ਕਰਵਾਏ ਗਏ ਹਨ।
ਉਨ੍ਹਾਂ ਕਿਹਾ ਕਿ ਦੇਸ਼ ਦੇ ਅੰਨ ਭੰਡਾਰ ਨੂੰ ਭਰਨ ਵਿਚ ਪੰਜਾਬੀ ਕਿਸਾਨਾਂ ਦਾ ਵਿਸ਼ੇਸ਼ ਯੋਗਦਾਨ ਹੈ। ਕਾਲੇ ਖੇਤੀ ਕਾਨੂੰਨਾਂ ਖਿਲਾਫ ਪੰਜਾਬ ਦੇ ਕਿਸਾਨਾਂ ਵੱਲੋਂ ਸ਼ੁਰੂ ਕੀਤੇ ਅੰਦੋਲਨ ਵਿੱਚ ਅੱਜ ਸਾਰਾ ਭਾਰਤ ਉਨ੍ਹਾਂ ਦਾ ਸਾਥ ਦੇ ਰਿਹਾ ਹੈ । ਸਭ ਤੋਂ ਦੁੱਖ ਦੀ ਗੱਲ ਹੈ ਕਿ ਇਸ ਸੰਘਰਸ਼ ਵਿਚ ਸੈਂਕੜੇ ਕਿਸਾਨ ਆਪਣੀ ਜਾਨ ਗੁਆ ਚੁੱਕੇ ਹਨ। ਸਰਕਾਰ ਵੱਲੋਂ ਕਿਸਾਨੀ ਅੰਦੋਲਨ ਵਿੱਚ ਜਾਨਾਂ ਗੁਆਉਣ ਵਾਲੇ ਕਿਸਾਨਾਂ ਦੇ ਪਰਿਵਾਰਾਂ ਨੂੰ ਜਿੱਥੇ ਵਿੱਤੀ ਸਹਾਇਤਾ ਦੇਣ ਦਾ ਐਲਾਨ ਕੀਤਾ ਹੋਇਆ ਹੈ, ਉੱਥੇ ਹੀ ਇਕ ਜੀਅ ਨੂੰ ਸਰਕਾਰੀ ਨੌਕਰੀ ਦੇਣ ਦਾ ਫੈਸਲਾ ਕੀਤਾ ਗਿਆ ਹੈ। ਵੱਖ-ਵੱਖ ਸਹਿਕਾਰੀ ਅਤੇ ਵਪਾਰਕ ਬੈਂਕਾਂ ਦੇ ਕਰਜ਼ਾ ਪ੍ਰਾਪਤ ਛੋਟੇ ਅਤੇ ਦਰਮਿਆਨੇ ਕਰੀਬ ਛੇ ਲੱਖ ਕਿਸਾਨਾਂ ਦਾ 4600 ਕਰੋੜ ਰੁਪਏ ਤੋਂ ਵੱਧ ਦਾ ਕਰਜ਼ਾ ਮੁਆਫ਼ ਕੀਤਾ ਗਿਆ ਹੈ। ਸਾਡੀ ਸਰਕਾਰ ਨੇ ਆਪਣੇ ਹੁਣ ਤੱਕ ਦੇ ਕਾਰਜਕਾਲ ਦੌਰਾਨ 9 ਫਸਲਾਂ ਦੀ ਖਰੀਦ 48 ਘੰਟਿਆਂ ਅੰਦਰ ਕਰਕੇ ਕਿਸਾਨਾਂ ਨੂੰ ਬਣਦੀ ਰਕਮ ਸਮੇਂ ਸਿਰ ਅਦਾ ਕੀਤੀ ਹੈ।
ਉਨ੍ਹਾਂ ਕਿਹਾ ਕਿ ਸ਼ਾਹਪੁਰ ਕੰਢੀ ਡੈਮ ਦੇ ਪ੍ਰਾਜੈਕਟ ਰਾਹੀਂ 2024 ਤੋਂ ਸਾਨੂੰ ਸਭ ਨੂੰ ਬਿਜਲੀ ਮਿਲਣੀ ਸ਼ੁਰੂ ਹੋ ਜਾਵੇਗੀ। ਇਸ ਪ੍ਰੋਜੈਕਟ ਰਾਹੀਂ 206 ਮੈਗਾਵਾਟ ਬਿਜਲੀ ਦਾ ਉਦਪਾਦਨ ਹੋਵੇਗਾ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਨਵੀਂ ਨੀਤੀ ਤਹਿਤ ਉਲੰਪਿਕ ਖੇਡਾਂ ਵਿੱਚ ਸੋਨੇ, ਚਾਂਦੀ ਤੇ ਕਾਂਸੀ ਦਾ ਤਮਗ਼ਾ ਜੇਤੂ ਨੂੰ ਕ੍ਰਮਵਾਰ 2.25 ਕਰੋੜ, 1.5 ਕਰੋੜ ਅਤੇ 1 ਕਰੋੜ ਰੁਪਏ ਅਤੇ ਵਧੀਆ ਨੌਕਰੀ ਦੇਣ ਦਾ ਪ੍ਰਬੰਧ ਕੀਤਾ ਗਿਆ ਹੈ।
ਟੋਕੀਉ ਉਲੰਪਿਕਸ-2020 ਵਿੱਚ ਸ਼ਾਨਦਾਰ ਪ੍ਰਦਰਸ਼ਨ ਲਈ ਅਸੀਂ ਆਪਣੇ ਖਿਡਾਰੀਆਂ ਨੂੰ ਖੇਡ ਨੀਤੀ ਤੋਂ ਅਗਾਂਹ ਵਧ ਕੇ ਸੋਨ ਤਮਗ਼ਾ ਜਿੱਤਣ ਬਦਲੇ ਮਿਲਣ ਵਾਲੀ ਰਕਮ ਤੋਂ ਕਿਤੇ ਵੱਧ ਕੇ 2.51 ਕਰੋੜ ਰੁਪਏ ਦੀ ਰਾਸ਼ੀ ਕਾਂਸੀ ਦੇ ਤਮਗ਼ੇ ਲਈ ਹੀ ਦੇ ਦਿੱਤੀ ਅਤੇ ਪੁਜ਼ੀਸ਼ਨਾਂ ਲੈਣ ਵਾਲੇ ਖਿਡਾਰੀਆਂ ਨੂੰ 50-50 ਅਤੇ ਹਿੱਸਾ ਲੈਣ ਵਾਲੇ ਖਿਡਾਰੀਆਂ ਨੂੰ 21-21 ਲੱਖ ਰੁਪਏ ਦੀ ਰਾਸ਼ੀ ਤਕਸੀਮ ਕੀਤੀ ਗਈ ਹੈ। ਮੁੱਖ ਮੰਤਰੀ ਨੇ ਖਿਡਾਰੀਆਂ ਨੂੰ ਉਨ੍ਹਾਂ ਦੀ ਯੋਗਤਾ ਅਨੁਸਾਰ ਨੌਕਰੀਆਂ ਦੇਣ ਦਾ ਵਾਅਦਾ ਕੀਤਾ ਹੈ। ਸਰਕਾਰ ਨੇ ਉਲੰਪਿਕ ਵਿਚ ਹਿੱਸਾ ਲੈਣ ਵਾਲੇ ਪੰਜਾਬ ਦੇ ਖਿਡਾਰੀਆਂ ਨੂੰ 28.36 ਕਰੋੜ ਰੁਪਏ ਦੀ ਨਗਦ ਰਾਸ਼ੀ ਨਾਲ ਸਨਮਾਨਤ ਕਰਕੇ ਨੌਜਵਾਨਾਂ ਨੂੰ ਖੇਡਾਂ ਵਿੱਚ ਹਿੱਸਾ ਲੈਣ ਲਈ ਪ੍ਰੇਰਿਤ ਕੀਤਾ ਹੈ।
ਉਨ੍ਹਾਂ ਕਿਹਾ ਕਿ ਸਭ ਤੋਂ ਵੱਡੀ ਪਹਿਲਕਦਮੀ ਪੰਜਾਬ ਦੀਆਂ ਸਾਰੀਆਂ ਔਰਤਾਂ ਲਈ ਸਰਕਾਰੀ ਬੱਸਾਂ ਵਿੱਚ ਸਫ਼ਰ ਦੀ ਸਹੂਲਤ ਮੁਫ਼ਤ ਕਰਨਾ ਹੈ, ਜੋ ਇਸ ਗੱਲ ਦਾ ਪ੍ਰਤੱਖ-ਪ੍ਰਮਾਣ ਹੈ ਕਿ ਸਰਕਾਰ ਹਰੇਕ ਵਰਗ ਦੀ ਤਰੱਕੀ ਲਈ ਯਤਨਸ਼ੀਲ ਹੈ। ਸਰਕਾਰ ਨੇ ਔਰਤਾਂ ਨੂੰ ਸਰਕਾਰੀ ਨੌਕਰੀਆਂ ਵਿੱਚ 33 ਫੀਸਦੀ ਰਾਖਵਾਂਕਰਨ ਦੇਣ ਤੋਂ ਇਲਾਵਾ ਪੰਚਾਇਤੀ ਤੇ ਲੋਕਲ ਬਾਡੀਜ਼ ਚੋਣਾਂ ਵਿੱਚ ਔਰਤਾਂ ਨੂੰ 50 ਫੀਸਦੀ ਰਾਖਵਾਂਕਰਨ ਦਿੱਤਾ ਹੈ, ਸਮਾਜਿਕ ਸੁਰੱਖਿਆ ਪੈਨਸ਼ਨ ਦੁੱਗਣੀ ਵਧਾ ਕੇ 750 ਰੁਪਏ ਤੋਂ 1500 ਰੁਪਏ ਪ੍ਰਤੀ ਮਹੀਨਾ ਕਰ ਦਿੱਤੀ ਹੈ। ਇਸ ਨਾਲ ਸੂਬੇ ਦੇ ਸਾਰੇ ਜ਼ਿਲਿਆਂ ਦੇ 17,64,909 ਬਜ਼ੁਰਗਾਂ, 4,90,539 ਵਿਧਵਾਵਾਂ ਅਤੇ ਬੇਸਹਾਰਾ ਔਰਤਾਂ, 2,09,110 ਦਿਵਿਆਂਗ ਵਿਅਕਤੀਆਂ ਅਤੇ 1,56,643 ਆਸ਼ਰਿਤ ਬੱਚਿਆਂ ਨੂੰ ਦੁੱਗਣੀ ਪੈਨਸ਼ਨ ਦਾ ਲਾਭ ਮਿਲੇਗਾ।
ਉਨ੍ਹਾਂ ਜ਼ਿਲ੍ਹਾ ਪਠਾਨਕੋਟ ਵਿੱਚ ਪੰਜਾਬ ਸਰਕਾਰ ਵੱਲੋਂ ਚਲਾਏ ਜਾ ਰਹੇ ਵਿਕਾਸ ਪ੍ਰਾਜੈਕਟਾਂ ਤੇ ਰੋਸ਼ਨੀ ਪਾਉਂਦਿਆਂ ਦੱਸਿਆ ਕਿ 2.20 ਕਰੋੜ ਰੁਪਏ ਦੀ ਲਾਗਤ ਨਾਲ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਈਵੀਐਮ ਅਤੇ ਵੀਵੀਪੈਟ ਸਟੋਰ ਦੀ ਉਸਾਰੀ ਕਰਵਾਈ ਜਾ ਰਹੀ ਹੈ, 8.43 ਕਰੋੜ ਰੁਪਏ ਦੀ ਲਾਗਤ ਨਾਲ ਸਰਕਾਰੀ ਆਈ.ਟੀ.ਆਈ ਨਿਆੜੀ ਧਾਰਕਲਾਂ ਵਿਖੇ ਉਸਾਰੀ ਦੇ ਕੰਮ ਕਰਵਾਏ ਜਾ ਰਹੇ ਹਨ। ਇਸ ਤੋਂ ਇਲਾਵਾ ਮਲਟੀਪਰਪਸ ਸਪੋਰਟਸ ਸਟੇਡੀਅਮ ਪਠਾਨਕੋਟ ਵਿਖੇ ਰਹਿੰਦੇ ਕੰਮ ਉਤੇ 96.08 ਲੱਖ ਰੁਪਏ ਖਰਚ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਸੁਜਾਨਪੁਰ ਵਿਖੇ 13 ਕਰੋੜ 37 ਲੱਖ ਰੁਪਏ ਨਾਲ ਸਰਕਾਰੀ ਕਾਲਜ ਦੀ ਇਮਾਰਤ ਦੀ ਉਸਾਰੀ ਕਰਵਾਈ ਜਾ ਰਹੀ ਹੈ। ਇਸ ਤੋਂ ਇਲਾਵਾ ਵੈਟਨਰੀ ਪੋਲੀਕਲੀਨਿਕ ਪਠਾਨਕੋਟ ਦੀ ਇਮਾਰਤ ਦੀ ਉਸਾਰੀ ਉਤੇ 264.08 ਲੱਖ ਰੁਪਏ ਖਰਚ ਕੀਤੇ ਜਾ ਰਹੇ ਹਨ। ਜੂਡੀਸ਼ੀਅਲ ਕੋਰਟ ਕੰਪਲੈਕਸ ਪਠਾਨਕੋਟ ਵਿਖੇ ਚੌਥੀ ਅਤੇ ਪੰਜਵੀਂ ਮੰਜ਼ਿਲ ਦੀ ਉਸਾਰੀ ਉਤੇ 4 ਕਰੋੜ 93 ਲੱਖ ਰੁਪਏ ਖਰਚ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ429 ਲੱਖ ਰੁਪਏ ਨਾਲ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲਮੀਣੀ ਪਠਾਨਕੋਟ ਵਿਖੇ ਇੰਸਟੀਚਿਊਟ ਦੀ ਇਮਾਰਤ ਦੀ ਉਸਾਰੀ ਕਰਵਾਈ ਜਾ ਰਹੀ ਹੈ। ਭੋਆ ਅੰਦਰ ਹੈਲਥ ਅਤੇ ਵੈਲਨੈਸ ਸੈਂਟਰ ਉਤੇ 129.50 ਲੱਖ ਰੁਪਏ ਖਰਚ ਕੀਤੇ ਜਾ ਰਹੇ ਹਨ, 133 ਕਰੋੜ 55 ਲੱਖ ਰੁਪਏ ਦੀ ਲਾਗਤ ਨਾਲ ਬਿ੍ਰਜ ਐਟ ਤਲਵਾੜਾ ਜੱਟਾਂ, ਮਸਤਪੁਰ ਜਨੀਆ, ਆਰ.ਓ.ਬੀ ਐਸ-148, ਧੀਰਾ ਘਰੋਟਾ, ਮਕੀਮਪੁਰ ਮਿਰਜਾਪੁਰ, ਫਰੀਦਾ ਨਗਰ, ਤਾਰਾਗੜ੍ਹ, ਮੀਰਥਲ ਆਦਿ ਦੇ ਨਿਰਮਾਣ ਕਰਵਾਏ ਜਾ ਰਹੇ ਹਨ, ਜੋ 54 ਪ੍ਰਤੀਸ਼ਤ ਮੁਕੰਮਲ ਹੋ ਗਏ ਹਨ,34 ਕਰੋੜ 10 ਲੱਖ ਰੁਪਏ ਖਰਚ ਕਰਕੇ ਜ਼ਿਲ੍ਹਾ ਪਠਾਨਕੋਟ ਦੀ ਲਿੰਕ ਸੜਕਾਂ ਦੀ ਸਪੈਸ਼ਲ ਰਿਪੇਅਰ ਦੇ ਕੰਮ ਕੀਤੇ ਜਾ ਰਹੇ ਹਨ।
ਉਨ੍ਹਾਂ ਕਿਹਾ ਕਿ ਪਠਾਨਕੋਟ ਸ਼ਹਿਰ ਅੰਦਰ 65 ਕਰੋੜ ਰੁਪਏ ਦੀ ਰਾਸ਼ੀ ਖਰਚ ਕਰਕੇ ਨਵੇਂ ਟਿਊਬਵੈੱਲਾਂ, 90 ਕਿਲੋਮੀਟਰ ਪਾਣੀ ਦੀ ਲਾਈਨ, 120 ਕਿਲੋਮੀਟਰ ਸੀਵਰੇਜ ਦੀ ਲਾਈਨ, ਵਾਟਰ ਟੈਂਕੀਆਂ ਦੀ ਉਸਾਰੀ ਆਦਿ ਦੇ ਕੰਮ ਪ੍ਰਗਤੀ ਅਧੀਨ ਹਨ। ਪਠਾਨਕੋਟ ਅੰਦਰ 18 ਹਜ਼ਾਰ ਪਰਿਵਾਰਾਂ ਨੂੰ ਸੀਵਰੇਜ ਦੇ ਕੁਨੈਕਸ਼ਨ ਅਤੇ 10 ਹਜ਼ਾਰ ਪਰਿਵਾਰਾਂ ਨੂੰ ਪਾਣੀ ਦੇ ਕੁਨੈਕਸ਼ਨ ਮੁਹੱਈਆ ਕਰਵਾਏ ਗਏ ਹਨ।ਉਨ੍ਹਾਂ ਕਿਹਾ ਕਿ 841 ਲੱਖ ਰੁਪਏ ਦੀ ਲਾਗਤ ਨਾਲ ਹਾਈ ਲੈਵਲ ਬਿ੍ਰਜ ਐਟ ਬਾਰਠ ਸਾਹਿਬ ਦੇ ਨਿਰਮਾਣ ਕਾਰਜ ਕਰਵਾਏ ਜਾ ਰਹੇ ਹਨ, ਜਿਲ੍ਹੇ ਵਿੱਚ 535 ਸਰਕਾਰੀ ਸਕੂਲਾਂ ਦੀ ਨੁਹਾਰ ਬਦਲਣ ਲਈ 47 ਕਰੋੜ 67 ਲੱਖ ਰੁਪਏ ਖਰਚ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਆਉ ਇਸ ਮਹਾਨ ਦਿਹਾੜੇ ’ਤੇ ਆਪਸੀ ਭਾਈਚਾਰਾ, ਫਿਰਕੂ ਸਦਭਾਵਨਾ ਅਤੇੇ ਅਮਨ ਤੇ ਸ਼ਾਂਤੀ ਬਣਾਈ ਰੱਖੀਏ ਅਤੇ ਦੇਸ਼ ਦੀ ਖੁਸ਼ਹਾਲੀ ਵਿੱਚ ਵੱਧ ਚੜ੍ਹ ਕੇ ਯੋਗਦਾਨ ਪਾਈਏ।
ਸਮਾਰੋਹ ਦੈ ਅੰਤ ਵਿੱਚ ਡੀ.ਐੋਸ.ਪੀ.ਡੀ. ਮਨਿੰਦਰ ਪਾਲ ਸਿੰਘ , ਰਾਜਪੁਤਾਨਾ ਰਾਈਫਲ ਦੇ ਬੈਂਡ ਇੰਚਾਰਜ ਆਦਿ ਨੂੰ ਸਨਮਾਨਤ ਕੀਤਾ ਗਿਆ। ਇਸ ਮੋਕੇ ਤੇ ਸਰਕਾਰ ਵੱਲੋਂ ਜੋ ਪ੍ਰਾਈਵੇਟ ਹਸਪਤਾਲਾਂ ਵਿੱਚ ਮੋਕੇ ਤੇ ਹੀ ਬੱਚੇ ਦਾ ਜਨਮ ਸਰਟੀਫਿਕੇਟ ਪ੍ਰਾਪਤ ਕਰਨ ਦੀ ਸੁਵਿਧਾ ਦੀ ਜੋ ਸੁਰੂਆਤ ਕੀਤੀ ਗਈ ਹੈ ਉਸ ਅਧੀਨ ਤਿੰਨ ਬੱਚਿਆਂ ਦੇ ਮਾਪਿਆਂ ਨੂੰ ਬੱਚੇ ਦਾ ਜਨਮ ਸਰਟੀਫਿਕੇਟ ਦੇ ਕੇ ਸਨਮਾਨਤ ਕੀਤਾ ਗਿਆ। ਇਸ ਤੋਂ ਇਲਾਵਾ ਜਿਲ੍ਹਾ ਪ੍ਰਸਾਸਨ ਵੱਲੋਂ ਇੱਕ ਯਾਦਗਾਰ ਚਿੰਨ੍ਹ ਭੇਂਟ ਕਰਕੇ ਸਨਮਾਨਤ ਕੀਤਾ ਗਿਆ।

Spread the love