ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੇ.ਪੀ. ਵੱਲੋਂ ਲੋਕਤੰਤਰ ਨੂੰ ਹੋਰ ਮਜ਼ਬੂਤ ਬਣਾਉਣ ਦਾ ਸੱਦਾ*

ਸਪੀਕਰ ਨੇ 75ਵੇਂ ਆਜ਼ਾਦੀ ਦਿਹਾੜੇ ਮੌਕੇ ਨਹਿਰੂ ਸਟੇਡੀਅਮ ਰੂਪਨਗਰ ਵਿਖੇ ਲਹਿਰਾਇਆ ਕੌਮੀ ਝੰਡਾ
ਰਾਣਾ ਕੇ.ਪੀ ਵਲੋਂ ਕੇਂਦਰ ਸਰਕਾਰ ਨੂੰ ਤਿੰਨੋ ਕਾਲੇ ਖੇਤੀ ਕਾਨੂੰਨ ਤੁਰੰਤ ਰੱਦ ਕਰਨ ਦੀ ਅਪੀਲ
ਕੋਰੋਨਾ ਦੇ ਬਾਵਜੂਦ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਸਰਕਾਰ ਨੇ ਵਿਕਾਸ ਦੀ ਰਫਤਾਰ ਘੱਟ ਨਹੀਂ ਹੋਣ ਦਿੱਤੀ: ਰਾਣਾ ਕੇ.ਪੀ ਸਿੰਘ
ਰੂਪਨਗਰ, 15 ਅਗਸਤ 2021 ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੇ.ਪੀ. ਸਿੰਘ ਨੇ ਅੱਜ ਇੱਥੇ ਨਹਿਰੂ ਸਟੇਡੀਅਮ ਵਿਖੇ ਹੋਏ ਜ਼ਿਲ੍ਹਾ ਪੱਧਰੀ ਸਮਾਗਮ ਵਿੱਚ 75ਵੇਂ ਆਜ਼ਾਦੀ ਦਿਵਸ ਮੌਕੇ ਕੌਮੀ ਝੰਡਾ ਲਹਿਰਾਇਆ। ਇਸ ਮੌਕੇ ਬੋਲਦਿਆਂ ਮੁੱਖ ਮਹਿਮਾਨ ਰਾਣਾ ਕੇ.ਪੀ ਨੇ ਕਿਹਾ ਕਿ ਭਾਰਤ ਦੀ ਸੁੰਦਰਤਾ ਇਸ ਦਾ ਲੋਕਤੰਤਰ ਹੈ, ਜਿਸ ਨੂੰ ਹੋਰ ਮਜ਼ਬੂਤ ਕਰਨ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਸਾਡੇ ਗੁਆਂਢੀ ਦੇਸ਼ਾਂ ਵੱਲ ਦੇਖੋ ਜਿੱਥੇ ਲੋਕਤੰਤਰ ਨੂੰ ਹਰ ਰੋਜ਼ ਫਾਹੇ ਲਾਇਆ ਜਾ ਰਿਹਾ ਹੈ ਅਤੇ ਅੰਦਰੂਨੀ ਅਤੇ ਬਾਹਰੀ ਗੜਬੜੀਆਂ ਕਾਰਨ ਹਜ਼ਾਰਾਂ ਲੋਕ ਮਾਰੇ ਜਾ ਰਹੇ ਹਨ। ਪਰ ਦੂਜੇ ਪਾਸੇ ਸਾਡਾ ਦੇਸ਼ ਜਿੱਥੇ ਵੱਖ ਵੱਖ ਧਰਮਾਂ, ਫਿਰਕਿਆਂ ਅਤੇ ਜਾਤਾਂ ਦੇ ਬਾਵਜੂਦ ਅਸੀਂ ਆਪਣੇ ਲੋਕਤੰਤਰੀ ਢਾਂਚੇ ਕਰਕੇ ਇੱਕਜੁਟ ਅਤੇ ਸੁਰੱਖਿਅਤ ਹਾਂ।
ਰਾਣਾ ਕੇ.ਪੀ ਨੇ ਕਿਹਾ ਕਿ ਸਾਡੇ ਨੇਤਾ ਮਹਾਤਮਾ ਗਾਂਧੀ, ਬਾਬਾ ਸਾਹਿਬ ਭੀਮ ਰਾਓ ਅੰਬੇਡਕਰ, ਸਾਬਕਾ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ, ਸਰਦਾਰ ਵੱਲਭ ਭਾਈ ਪਟੇਲ, ਮਾਸਟਰ ਤਾਰਾ ਸਿੰਘ ਵਰਗੇ ਮਹਾਨ ਆਗੂਆਂ ਦਾ ਜਿਕਰ ਕਰਦਿਆਂ ਕਿਹਾ ਕਿ ਇੰਨਾਂ ਆਗੂਆਂ ਨੇ ਵਧੀਆ ਲੋਕਤੰਤਰ ਦੀ ਨੀਂਹ ਰੱਖੀ ਜਿਸ ਨੂੰ ਹਰਕ੍ਰਿਸ਼ਨ ਸੁਰਜੀਤ, ਪ੍ਰਤਾਪ ਸਿੰਘ ਕੈਰੋਂ, ਗੁਰਚਰਨ ਸਿੰਘ ਟੌਹੜਾ ਅਤੇ ਕਈ ਅਜਿਹੇ ਹੋਰ ਆਗੂਆਂ ਨੇ ਅੱਗੇ ਵਧਾਇਆ।ਉਨ੍ਹਾਂ ਕਿਹਾ ਕਿ ਦੇਸ਼ ਦੀ ਭਲਾਈ ਅਤੇ ਤਰੱਕੀ ਲਈ ਲੋਕਤੰਤਰ ਦੀ ਇਸ ਅਮੀਰ ਵਿਰਾਸਤ ਨੂੰ ਹੋਰ ਮਜ਼ਬੂਤ ਕਰਨਾ ਚਾਹੀਦਾ ਹੈ।
ਸਪੀਕਰ ਨੇ ਅੱਗੇ ਕਿਹਾ ਕਿ ਅੰਦਰੂਨੀ ਅਤੇ ਬਾਹਰੀ ਖਤਰਿਆਂ ਦੇ ਬਾਵਜੂਦ ਅਸੀਂ ਸਾਡੀ ਮਜ਼ਬੂਤ ਲੋਕਤੰਤਰੀ ਪ੍ਰਣਾਲੀ ਕਾਰਨ ਹੀ ਦੇਸ਼ ਵਿਰੋਧੀ ਤਾਕਤਾਂ ਨੂੰ ਢੁਕਵਾਂ ਜਵਾਬ ਦੇ ਰਹੇ ਹਾਂ। ਉਨ੍ਹਾਂ ਨੇ ਅੰਦਰੂਨੀ ਅਤੇ ਬਾਹਰੀ ਖਤਰਿਆਂ ਵਿਰੁੱਧ ਹੋਰ ਇਕਜੁੱਟ ਹੋ ਕੇ ਲੜਨ ਦੀ ਲੋੜ `ਤੇ ਵੀ ਜ਼ੋਰ ਦਿੱਤਾ।
ਸਪੀਕਰ ਸ੍ਰੀ ਰਾਣਾ ਕੇ.ਪੀ ਨੇ ਕੇਂਦਰ ਸਰਕਾਰ ਵਲੋਂ ਜਬਰੀ ਲਾਗੂ ਕੀਤੇ ਗਏ ਤਿੰਨ ਕਾਲੇ ਖੇਤੀ ਕਾਨੂੰਨਾ ਦਾ ਵੀ ਵਿਸੇਸ਼ ਜਿਕਰ ਕੀਤਾ ਅਤੇ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਤਿੰਨੋ ਕਾਲੇ ਕਾਨੂੰਨ ਰੱਦ ਕੀਤੇ ਜਾਣ। ਜਦਕਿ ਪੰਜਾਬ ਸਰਕਾਰ ਪਹਿਲਾਂ ਹੀ ਇੰਨਾਂ ਨੂੰ ਪੰਜਾਬ ਵਿਧਾਨ ਸਭਾ ਦਾ ਵਿਸੇਸ਼ ਇਜਲਾਸ ਬੁਲਾ ਕੇ ਰੱਦ ਕਰ ਚੁੱਕੀ ਹੈ।ਉਨ੍ਹਾਂ ਕਿਹਾ ਕਿ ਸਾਡੇ ਕਿਸਾਨ ਪਿਛਲੇ ਇਕ ਸਾਲ ਤੋਂ ਦਿੱਲੀ ਦੀਆਂ ਬਰੂਹਾਂ ‘ਤੇ ਖੱਜਲ ਖੁਆਰ ਹੋ ਰਹੇ ਹਨ, ਜਿਸ ਲਈ ਕੇਂਦਰ ਸਰਕਾਰ ਪੂਰੀ ਤਰਾਂ ਜਿੰਮੇਵਾਰ ਹੈ।ਇਸ ਲਈ ਹੁਣ ਵੀ ਚਾਹੀਦਾ ਹੈ ਕੇਂਦਰ ਸਰਕਾਰ ਆਪਣੀ ਹਊਮੇ ਤਿਆਗ ਕੇ ਬਿਨਾ ਕਿਸੇ ਦੇਰੀ ਦੇ ਕਾਲੇ ਕਾਨੂੰਨ ਰੱਦ ਕਰੇ।
ਪੰਜਾਬ ਸਰਕਾਰ ਦਾ ਜਿਕਰ ਕਰਦਿਆਂ ਰਾਣਾ ਕੇ.ਪੀ. ਸਿੰਘ ਨੇ ਕਿਹਾ ਕਿ ਪਿਛਲੇ ਦੋ ਸਾਲਾਂ ਤੋਂ ਕੋਰੋਨਾ ਮਹਾਂਮਾਰੀ ਦੇ ਬਾਵਜੂਦ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਸੂਬਾ ਸਰਕਾਰ ਨੇ ਨਾ ਸਿਰਫ ਸਾਡੇ ਲੋਕਾਂ ਦੀਆਂ ਕੀਮਤੀ ਜਾਨਾਂ ਬਚਾਈਆਂ, ਬਲਕਿ ਵਿਕਾਸ ਕਾਰਜਾਂ ਦੀ ਗਤੀ ਨੂੰ ਵੀ ਕਾਇਮ ਰੱਖਿਆ।ਉਨ੍ਹਾਂ ਨੇ ਸਾਡੇ ਫਰੰਟਲਾਈਨ ਵਰਕਰਾਂ ਦੇ ਯਤਨਾਂ ਦੀ ਵੀ ਸ਼ਲਾਘਾ ਕੀਤੀ ਜਿਨ੍ਹਾਂ ਨੇ ਕੋਵਿਡ-19 ਦੌਰਾਨ ਅਣਥੱਕ ਮਿਹਨਤ ਕਰਕੇ ਲੋਕਾਂ ਦੀਆਂ ਜਾਨਾਂ ਬਚਾਇਆਂ ਅਤੇ ਰੋਜ਼ੀ ਰੋਟੀ ਦਾ ਪ੍ਰਬੰਧ ਵੀ ਲੋੜਵੰਦਾ ਲਈ ਕੀਤਾ।
ਜ਼ਿਲ੍ਹਾ ਰੂਪਨਗਰ ਦੇ ਵਿਕਾਸ ਕਾਰਜਾਂ ਦਾ ਜਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਲਗਭਗ ਸਾਰੇ ਚੋਣ ਵਾਅਦੇ ਪੂਰੇ ਕਰ ਦਿੱਤੇ ਗਏ ਹਨ ਅਤੇ ਪਿਛਲੇ ਕੁਝ ਦਿਨਾਂ ਦੌਰਾਨ ਲਗਭਗ 80 ਕਰੋੜ ਰੁਪਏ ਦੇ ਪ੍ਰਾਜੈਕਟਾਂ ਦਾ ਉਦਘਾਟਨ ਅਤੇ ਨੀਂਹ ਪੱਥਰ ਜ਼ਿਲ੍ਹੇ ਵਿਚ ਰੱਖੇ ਗਏ ਹਨ।
ਕੋਵਿਡ-19 ਦੀ ਤੀਜੀ ਲਹਿਰ ਦੇ ਖਤਰੇ ਬਾਰੇ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਪੰਜਾਬ ਕਿਸੇ ਵੀ ਸਥਿਤੀ ਨਾਲ ਨਜਿੱਠਣ ਲਈ ਪੂਰੀ ਤਰ੍ਹਾਂ ਤਿਆਰ ਹੈ। ਜ਼ਿਲ੍ਹਾ ਰੂਪਨਗਰ ਵਿੱਚ ਕੋਵਿਡ -19 ਦੀ ਤੀਜੀ ਲਹਿਰ ਸਬੰਧੀ ਕੀਤੀਆਂ ਗਈਆਂ ਤਿਆਰੀਆਂ ਬਾਰੇ ਉਨ੍ਹਾਂ ਕਿਹਾ ਕਿ ਕੱਲ੍ਹ ਸ੍ਰੀ ਅਨੰਦਪੁਰ ਸਾਹਿਬ ਵਿਖੇ ਦੋ ਆਕਸੀਜਨ ਪਲਾਂਟਾਂ ਦਾ ਉਦਘਾਟਨ ਕੀਤਾ ਗਿਆ ਸੀ।
ਇਸ ਤੋਂ ਪਹਿਲਾਂ ਮੁੱਖ ਮਹਿਮਾਨ ਰਾਣਾ ਕੇ.ਪੀ. ਨੇ ਪਰੇਡ ਤੋਂ ਸਲਾਮੀ ਲਈ ਜਿਸ ਵਿੱਚ ਪੰਜਾਬ ਪੁਲਿਸ ਦੇ ਜਵਾਨ, ਮਹਿਲਾ ਪੁਲਿਸ ਕਰਮਚਾਰੀ ਅਤੇ ਹੋਮ ਗਾਰਡਜ਼ ਦੀਆਂ ਪਲਟੂਨਾਂ ਸ਼ਾਮਲ ਸਨ, ਜਿੰਨਾਂ ਦੀ ਅਗਵਾਈ ਡੀ.ਐਸ.ਪੀ ਰਵਿੰਦਰਪਾਲ ਸਿੰਘ ਨੇ ਕੀਤੀ। ਉਨ੍ਹਾਂ ਇਸ ਮੌਕੇ ਸ਼ਹੀਦ ਹੋਏ ਜਵਾਨਾਂ ਦੇ ਪਰਿਵਾਰਾਂ ਦਾ ਸਨਮਾਨ ਕੀਤਾ, ਜਿੰਨਾਂ ਵਿਚ ਰੂਪਨਗਰ ਜ਼ਿਲ੍ਹੇ ਦੇ ਪਿੰਡ ਬੁਰਜ਼ਵਾਲਾ ਦੇ ਜਗਤਾਰ ਸਿੰਘ ਜੋ ਜੰਮੂ ਕਸ਼ਮੀਰ ਵਿਚ 25 ਜੂਨ 2016 ਨੂੰ ਓਪਰੇਸ਼ਨ ਰਖਸ਼ਕ ਦੌਰਾਨ ਅੱਤਵਾਦੀ ਹਮਲੇ ਦੌਰਾਨ ਸ਼ਹੀਦ ਹੋ ਗਏ ਸਨ ਦੀ ਧਰਮ ਪਤਨੀ ਸ੍ਰੀਮਤੀ ਹਰਨੀਪ ਕੌਰ ਅਤੇ ਪਿੰਡ ਗਨਾਉਰਾ ਦੇ ਗੁਰਿੰਦਰ ਸਿੰਘ ਦਿਬੰਗ ਵੈਲੀ ਵਿਚ ਓਪਰੇਸ਼ਨ ਰਹਿਨੋ ਦੌਰਾਨ 12 ਜੂਨ 2021 ਨੂੰ ਸ਼ਹੀਦ ਹੋ ਗਏ ਸਨ ਉਨਾਂ ਦੇ ਪਿਤਾ ਸ੍ਰੀ ਹਰਬੰਸ਼ ਸਿੰਘ ਨੂੰ ਵਿਸੇਸ਼ ਤੌਰ ‘ਤੇ ਸਨਮਾਨਿਤ ਕੀਤਾ।ਇਸ ਮੌਕੇ ਰੈਡ ਕਰਾਸ ਵਲੋਂ ਲੋੜਵੰਦਾਂ ਨੂੰ ਸਿਲਾਈ ਮਸ਼ੀਨਾਂ ਅਤੇ ਟ੍ਰਾਈ ਸਾਈਕਲ ਵੀ ਵੰਡੇ ਗਏ।
ਇਸ ਮੌਕੇ ਡਿਪਟੀ ਕਮਿਸ਼ਨਰ ਰੂਪਨਗਰ ਸੋਨਾਲੀ ਗਿਰੀ, ਡੀ.ਆਈ.ਜੀ ਗੁਰਪ੍ਰੀਤ ਸਿੰਘ ਤੂਰ, ਐਸ.ਐਸ.ਪੀ ਡਾ. ਅਖਿਲ ਚੌਧਰੀ, ਏ.ਡੀ.ਸੀ ਜਨਰਲ ਦੀਪਸ਼ਿਖਾ ਸ਼ਰਮਾ, ਏ.ਡੀ.ਸੀ ਵਿਕਾਸ ਦਿਨੇਸ਼ ਵਸਿਸ਼ਟ, ਏ.ਡੀ.ਸੀ ਸੰਜੀਵ ਸ਼ਰਮਾ, ਜਿਲ੍ਹਾ ਪ੍ਰੀਸ਼ਦ ਦੀ ਚੇਅਰਮੈਨ ਕ੍ਰਿ਼ਸ਼ਨਾ ਦੇਵੀ ਬੈਂਸ, ਸੁਖਵਿੰਦਰ ਸਿੰਘ ਵਿਸਕੀ ਚੇਅਰਮੈਨ ਇੰਪਰੂਵਮੈਂਟ ਟਰੱਸਟ ਰੂਪਨਗਰ, ਕਮਲ ਦੇਵ ਜੋਸ਼ੀ ਡਾਇਰੈਕਟਰ ਪੀ.ਆਰ.ਟੀ.ਸੀ, ਡਾ. ਗੁਰਿੰਦਰਪਾਲ ਸਿੰਘ ਬਿੱਲਾ ਵਾਈਸ ਚੇਅਰਪਰਸਨ ਓ.ਬੀ.ਸੀ ਕਮਿਸ਼ਨ ਪੰਜਾਬ, ਐਡਵੋਕੇਟ ਸ਼ੇਖਰ ਸ਼ੁਕਲਾ ਚੇਅਰਮੈਨ ਬ੍ਰਹਾਮਨ ਭਲਾਈ ਬੋਰਡ, ਪੰਜਾਬ, ਹਰਬੰਸ ਲਾਲ ਮੈਹੰਦਲੀ ਚੇਅਰਮੈਨ ਮਾਰਕਿਟ ਕਮੇਟੀ ਸ੍ਰੀ ਅਨੰਦਪੁਰ ਸਾਹਿਬ, ਸੁਰਿੰਦਰਪਾਲ ਕੌੜਾ ਪ੍ਰਧਾਨ ਨਗਰ ਪੰਚਾਇਤ ਕੀਰਤਪੁਰ ਸਾਹਿਬ, ਰਮੇਸ਼ ਗੋਇਲ, ਬਲਵੀਰ ਬੀਰੀ, ਅੰਮ੍ਰਿਤਪਾਲ ਧਿਮਾਨ, ਨਾਜ਼ਰ ਸਿੰਘ, ਪ੍ਰੇਮ ਸਿੰਘ ਬਾਂਸਲ ਅਤੇ ਸੁਰਿੰਦਰ ਸਿੰਘ ਨੰਗਲ ਵੀ ਸ਼ਾਮਿਲ ਸਨ।
Spread the love