ਅੰਮ੍ਰਿਤਸਰ ਏਅਰਪੋਰਟ ਤੋਂ ਲੰਡਨ ਤੱਕ ਦੀ ਫਲਾਇਟ ਮੁੜ ਸ਼ੁਰੂ – ਔਜਲਾ

ਅਡਵਾਇਜਰੀ ਕਮੇਟੀ ਦੀ ਹੋਈ ਮੀਟਿੰਗ
ਅੰਮ੍ਰਿਤਸਰ 16 ਅਗਸਤ 2021
ਸ੍ਰੀ ਗੁਰੂ ਰਾਮ ਦਾਸ ਏਅਰਪੋਰਟ ਅੰਮ੍ਰਿਤਸਰ ਤੋਂ ਅੱਜ ਲੰਡਨ ਦੇ ਹੀਥਰੋ ਏਅਰਪੋਰਟ ਤੱਕ ਦੀ ਫਲਾਇਟ ਮੁੜ ਸ਼ੁਰੂ ਹੋ ਗਈ ਹੈ। ਜਿਸ ਨਾਲ ਪੰਜਾਬ ਵਾਸੀਆਂ ਨੂੰ ਕਾਫ਼ੀ ਫਾਇਦਾ ਮਿਲੇਗਾ। ਇਨਾਂ ਸ਼ਬਦਾਂ ਦਾ ਪ੍ਰਗਟਾਵਾ ਅਡਵਾਇਜਰੀ ਕਮੇਟੀ ਦੇ ਚੇਅਰਮੈਨ ਸ: ਗੁਰਜੀਤ ਸਿੰਘ ਔਜਲਾ ਮੈਂਬਰ ਪਾਰਲੀਮੈਂਟ ਨੇ ਏਅਰਪੋਰਟ ਵਿਖੇ ਅਡਵਾਇਜਰੀ ਕਮੇਟੀ ਦੀ ਮੀਟਿੰਗ ਕਰਨ ਤੋਂ ਬਾਅਦ ਕੀਤਾ।
ਸ: ਔਜਲਾ ਨੇ ਦੱਸਿਆ ਕਿ ਕੋਰੋਨਾ ਮਹਾਂਮਾਰੀ ਦੌਰਾਨ ਇਹ ਫਲਾਇਟ ਬੰਦ ਹੋ ਗਈ ਸੀ, ਪਰ ਉਨਾਂ ਵਲੋਂ ਲਗਾਤਾਰ ਸ: ਹਰਦੀਪ ਸਿੰਘ ਪੂਰੀ ਕੇਂਦਰੀ ਮੰਤਰੀ ਨਾਲ ਰਾਬਤਾ ਕਾਇਮ ਕਰਕੇ ਇਸ ਫਲਾਇਟ ਨੂੰ ਮੁੜ ਸ਼ੁਰੂ ਕਰਵਾਇਆ ਹੈ। ਜਿਨਾਂ ਦਾ ਉਹ ਤਹਿ ਦਿਲੋ ਧੰਨਵਾਦ ਕਰਦੇ ਹਨ। ਉਨਾਂ ਨੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਇਸ ਫਲਾਇਟ ਦੇ ਚਾਲੂ ਹੋਣ ਨਾਲ ਅਮਰੀਕਾ, ਕਨੇਡਾ ਅਤੇ ਯੂਰੋਪ ਜਾਣ ਵਾਲੇ ਯਾਤਰੂਆਂ ਨੂੰ ਵੀ ਕਾਫ਼ੀ ਫਾਇਦਾ ਮਿਲੇਗਾ। ਉਨਾਂ ਦੱਸਿਆ ਕਿ ਇਸ ਫਲਾਇਟ ਦੇ ਸ਼ੁਰੂ ਹੋਣ ਨਾਲ ਏਅਰਪੋਰਟ ਦੇ ਨਾਲ ਜੁੜੇ ਛੋਟੇ ਕਾਰੋਬਾਰੀਆਂ ਨੂੰ ਵੀ ਕਾਫ਼ੀ ਰਾਹਤ ਮਿਲੇਗੀ।
ਸ: ਔਜਲਾ ਨੇ ਅਡਵਾਇਜਰੀ ਕਮੇਟੀ ਦੀ ਮੀਟਿੰਗ ਕਰਦਿਆਂ ਦੱਸਿਆ ਕਿ ਏਅਰਪੋਰਟ ਵਿਖੇ ਯਾਤਰੂਆਂ ਦਰਪੇਸ਼ ਸਮੱਸਿਆਵਾਂ ਦਾ ਜਲਦ ਹੀ ਨਿਵਾਰਨ ਕੀਤਾ ਜਾਵੇਗਾ। ਉਨਾਂ ਦੱਸਿਆ ਕਿ ਅੱਜ ਦੀ ਮੀਟਿੰਗ ਵਿੱਚ ਏਅਰਪੋਰਟ ਵਿਖੇ ਪਾਰਕਿੰਗ, ਉਡਾਣਾ, ਸੁਰੱਖਿਆ ਅਤੇ ਹੋਰ ਮਸਲੇ ਵੀ ਵਿਚਾਰੇ ਗਏ। ਉਨਾਂ ਭਰੋਸਾ ਦਵਾਇਆ ਕਿ ਏਅਰਪੋਰਟ ਵਿਖੇ ਜੋ ਵੀ ਔਂਕੜਾਂ ਆ ਰਹੀਆਂ ਹਨ, ਉਨਾਂ ਨੂੰ ਜਲਦ ਹੀ ਦੂਰ ਕੀਤਾ ਜਾਵੇਗਾ। ਸ: ਔਜਲਾ ਨੇ ਕਿਹਾ ਕਿ ਕੁਝ ਪ੍ਰੋਟੋਕਾਲ ਤਹਿਤ ਕੁਝ ਉਡਾਣਾ ਅਜੇ ਬੰਦ ਹਨ, ਜਿਓਂ ਹੀ ਕੋਰੋਨਾ ਮਹਾਂਮਾਰੀ ਤੋਂ ਕੁਝ ਰਾਹਤ ਹੋਰ ਵਧੇਗੀ ਤਾਂ ਜਲਦ ਹੀ ਬਾਕੀ ਫਲਾਇਟਾਂ ਵੀ ਸ਼ੁਰੂ ਹੋ ਜਾਣਗੀਆਂ।
ਇਸ ਮੌਕੇ ਸ੍ਰੀ ਗੁਰੂ ਰਾਮਦਾਸ ਏਅਰਪੋਰਟ ਦੇ ਡਾਇਰੈਕਟਰ ਸ੍ਰੀ ਵੀ.ਕੇ. ਸੇਠ, ਡੀ.ਸੀ.ਪੀ. ਪੀ.ਐਸ. ਭੰਡਾਲ, ਏ.ਡੀ.ਸੀ.ਪੀ. ਸ੍ਰੀ ਸੰਦੀਪ ਮਲਿਕ, ਐਸ.ਡੀ.ਐਮ. ਅਜਨਾਲਾ ਸ੍ਰੀ ਦੀਪਕ ਭਾਟੀਆ, ਅਡਵਾਇਜਰੀ ਕਮੇਟੀ ਦੇ ਮੈਂਬਰ ਸ੍ਰੀ ਰਾਕੇਸ਼ ਨਇਅਰ, ਅਰੂਸੀ ਵਰਮਾ, ਸ੍ਰੀ ਪ੍ਰਤੀਕ ਅਰੋੜਾ, ਸ੍ਰੀ ਰਾਜੀਵ ਬਾਵਾ, ਸ੍ਰੀ ਯੋਗੇਸ਼ ਕਾਮਰਾ ਵੀ ਹਾਜ਼ਰ ਸਨ।
ਕੈਪਸ਼ਨ : ਏਅਰਪੋਰਟ ਵਿਖੇ ਅਡਵਾਇਜਰੀ ਕਮੇਟੀ ਨਾਲ ਮੀਟਿੰਗ ਕਰਦੇ ਹੋਏ ਮੈਂਬਰ ਪਾਰਟੀਮੈਂਟ ਸ: ਗੁਰਜੀਤ ਸਿੰਘ ਔਜਲਾ

Spread the love