ਨੈਸ਼ਨਲ ਅਚੀਵਮੈਂਟ ਸਰਵੇ ਸੰਬੰਧੀ ਪੜ੍ਹਨ ਸਮੱਗਰੀ ਐਜੂਕੇਅਰ ਐਪ ‘ਤੇ ਵੀ ਉਪਲਬਧ-ਸਿੱਖਿਆ ਅਧਿਕਾਰੀ

ਗੁਰਦਾਸਪੁਰ 17 ਅਗਸਤ 2021 ਸਕੂਲ ਸਿੱਖਿਆ ਵਿਭਾਗ ਵੱਲੋਂ ਵਿਦਿਆਰਥੀਆਂ ਲਈ “ਐਜੂਕੇਅਰ ਐਪ” ਦੇ ਰੂਪ ‘ਚ ਤਿਆਰ ਕੀਤਾ ਆਨਲਾਈਨ ਬਸਤਾ ਜਿੱਥੇ ਵਿਦਿਆਰਥੀਆਂ ਲਈ ਵਿਸ਼ਿਆਂ ਦੀ ਪੜ੍ਹਾਈ ਅਤੇ ਹੋਰ ਗਤੀਵਿਧੀਆਂ ਦੀ ਤਿਆਰੀ ‘ਚ ਮੱਦਦਗਾਰ ਸਿੱਧ ਹੋ ਰਿਹਾ ਹੈ ਉੱਥੇ ਹੀ ਇਸ ਵਰ੍ਹੇ ਹੋਣ ਵਾਲੇ ਨੈਸ਼ਨਲ ਅਚੀਵਮੈਂਟ ਸਰਵੇ ਦੀ ਤਿਆਰੀ ਲਈ ਵੀ ਵਿਦਿਆਰਥੀਆਂ ਅਤੇ ਅਧਿਆਪਕਾਂ ਲਈ ਵਰਦਾਨ ਸਿੱਧ ਹੋ ਰਿਹਾ ਹੈ।
ਇਸ ਬਾਰੇ ਜਾਣਕਾਰੀ ਦਿੰਦਿਆਂ ਹਰਪਾਲ ਸਿੰਘ ਸੰਧਾਵਾਲੀਆ ਜਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਅਤੇ ਮਦਨ ਲਾਲ ਸ਼ਰਮਾ ਜਿਲ੍ਹਾ ਸਿੱਖਿਆ ਅਫਸਰ ਐਲੀਮੈਂਟਰੀ ਨੇ ਦੱਸਿਆ ਕਿ ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸਾਂ ਦੀ ਸਕੂਲ ਸਥਿਤੀ ਦੇ ਜਾਇਜ਼ੇ ਲਈ ਕੇਂਦਰ ਸਰਕਾਰ ਵੱਲੋਂ ਕਰਵਾਇਆ ਜਾਣ ਵਾਲਾ ਨੈਸ਼ਨਲ ਅਚੀਵਮੈਂਟ ਸਰਵੇ ਟੈਸਟ ਇਸ ਵਾਰ ਨਵੰਬਰ ਮਹੀਨੇ ਕਰਵਾਇਆ ਜਾ ਰਿਹਾ ਹੈ।ਇਸ ਸਰਵੇ ਦੌਰਾਨ ਪੰਜਾਬ ਦੀਆਂ ਪ੍ਰਾਪਤੀਆਂ ਨੂੰ ਦੇਸ਼ ਭਰ ਵਿੱਚੋ ਪਹਿਲੇ ਨੰਬਰ ‘ਤੇ ਲਿਜਾਣ ਲਈ ਸਿੱਖਿਆ ਵਿਭਾਗ ਵੱਲੋਂ ਸਿੱਖਿਆ ਮੰਤਰੀ ਵਿਜੇ ਇੰਦਰ ਸਿੰਗਲਾ ਦੀ ਰਹਿਨੁਮਾਈ ਅਤੇ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਦੀ ਅਗਵਾਈ ਹੇਠ ਅਧਿਕਾਰੀਆਂ ਅਤੇ ਅਧਿਆਪਕਾਂ ਦੀਆਂ ਟਰੇਨਿੰਗਾਂ ਕਰਵਾ ਕੇ ਵਿਦਿਆਰਥੀਆਂ ਨੂੰ ਇਸ ਸਰਵੇ ਲਈ ਤਿਆਰ ਕਰਨ ਦੀ ਵਿਸ਼ੇਸ਼ ਮੁਹਿੰਮ ਚਲਾਈ ਜਾ ਰਹੀ ਹੈ।ਵਿਦਿਆਰਥੀਆਂ ਨੂੰ ਸਰਵੇ ਟੈਸਟ ਦੌਰਾਨ ਪੁੱਛੇ ਜਾਣ ਵਾਲੇ ਪ੍ਰਸ਼ਨਾਂ ਦੇ ਉੱਤਰ ਦੇਣ ਦੀ ਤਕਨੀਕ ਤੋਂ ਜਾਣੂ ਕਰਵਾਇਆ ਜਾ ਰਿਹਾ ਹੈ।ਵਿਦਿਆਰਥੀਆਂ ਅਤੇ ਇੱਥੋਂ ਤੱਕ ਕਿ ਅਧਿਆਪਕਾਂ ਅਤੇ ਅਧਿਕਾਰੀਆਂ ਲਈ ਵੀ ਗੂਗਲ ਟੈਸਟ ਤਿਆਰ ਕੀਤੇ ਜਾ ਰਹੇ ਹਨ।ਸਿੱਖਿਆ ਅਧਿਕਾਰੀਆਂ ਨੇ ਦੱਸਿਆ ਕਿ ਸਰਵੇ ਟੈਸਟ ਨਾਲ ਸੰਬੰਧਿਤ ਹਰ ਤਰ੍ਹਾਂ ਦੀ ਪੜ੍ਹਨ ਸਮੱਗਰੀ ” ਐਜੂਕੇਅਰ ਐਪ” ‘ਤੇ ਉਪਲਬਧ ਹੈ।ਐਪ ‘ਤੇ ਪਿਛਲੇ ਸਰਵੇ ਟੈਸਟ ਦੇ ਪ੍ਰਸ਼ਨ ਪੱਤਰਾਂ ਸਮੇਤ ਸਾਰੇ ਵਿਸ਼ਿਆਂ ਨਾਲ ਸੰਬੰਧਿਤ ਪੜ੍ਹਨ ਸਮੱਗਰੀ ਮੁਹੱਈਆ ਕਰਵਾਈ ਗਈ ਹੈ।
ਲਖਵਿੰਦਰ ਸਿੰਘ ਉਪ ਜਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਅਤੇ ਬਲਬੀਰ ਸਿੰਘ ਉਪ ਜਿਲ੍ਹਾ ਸਿੱਖਿਆ ਅਫਸਰ ਐਲੀਮੈਂਟਰੀ ਨੇ ਕਿਹਾ ਕਿ ਵਿਭਾਗ ਵੱਲੋਂ ਨੈਸ਼ਨਲ ਅਚੀਵਮੈਂਟ ਸਰਵੇ ਟੈਸਟ ਸੰਬੰਧੀ “ਐਜੂਕੇਅਰ ਐਪ” ‘ਤੇ ਉਪਲਬਧ ਜਾਣਕਾਰੀ ਨੂੰ ਵਿਦਿਆਰਥੀ ਆਪਣੀ ਜਰੂਰਤ ਅਨੁਸਾਰ ਜਦੋਂ ਮਰਜੀ ਪੜ੍ਹ ਅਤੇ ਡਾਊਨਲੋਡ ਕਰ ਸਕਦੇ ਹਨ।ਸਿੱਖਿਆ ਅਧਿਕਾਰੀਆਂ ਨੇ ਅਧਿਆਪਕਾਂ ਨੂੰ ਖੁਦ ਇਸ ਐਪ ਦਾ ਵੱਧ ਤੋਂ ਵੱਧ ਇਸਤੇਮਾਲ ਕਰਨ ਦੇ ਨਾਲ ਨਾਲ ਵਿਦਿਆਰਥੀਆਂ ਨੂੰ ਵੀ ਇਸ ਦੇ ਇਸਤੇਮਾਲ ਲਈ ਪ੍ਰੇਰਿਤ ਕਰਨ ਲਈ ਕਿਹਾ।
ਗੁਰਵਿੰਦਰ ਸਿੰਘ ਜਿਲ੍ਹਾ ਮੈਂਟਰ ਵਿਗਿਆਨ, ਨਰਿੰਦਰ ਸਿੰਘ ਜਿਲ੍ਹਾ ਮੈਂਟਰ ਅੰਗਰੇਜ਼ੀ ਅਤੇ ਸਮਾਜਿਕ ਸਿੱਖਿਆ, ਗੁਰਨਾਮ ਸਿੰਘ ਜਿਲ੍ਹਾ ਮੈਂਟਰ ਗਣਿਤ ਨੇ ਕਿਹਾ ਕਿ ਨੈਸ਼ਨਲ ਅਚੀਵਮੈਂਟ ਸਰਵੇ ਸੰਬੰਧੀ “ਐਜੂਕੇਅਰ ਐਪ” ‘ਤੇ ਉਪਲਬਧ ਵਿਸਥਾਰਤ ਜਾਜਾਣਕਾਰੀ ਦੀ ਸਰਵੇ ਦੌਰਾਨ ਵਿਦਿਆਰਥੀਆਂ ਦੀਆਂ ਪ੍ਰਾਪਤੀਆਂ ਬਿਹਤਰੀਨ ਬਣਾਉਣ ਵਿੱਚ ਮੁੱਖ ਭੂਮਿਕਾ ਰਹੇਗੀ।ਅਧਿਆਪਕਾਂ ਵੱਲੋਂ ਕਰਵਾਈ ਜਾ ਰਹੀ ਤਿਆਰੀ ਦੇ ਨਾਲ ਨਾਲ ਵਿਦਿਆਰਥੀ ਇਸ ਐਪ ਜਰੀਏ ਖੁਦ ਵੀ ਤਿਆਰੀ ਕਰ ਸਕਦੇ ਹਨ।

Spread the love