ਸਿੱਖਿਆ ਅਧਿਕਾਰੀਆਂ ਤੋਂ ਲੈ ਕੇ ਬੱਚਿਆਂ ਦੇ ਮਾਪਿਆਂ ਤੱਕ ਨੇ ਵੇਖਿਆ ਵਿਸ਼ੇਸ ਪ੍ਰਸਾਰਣ
ਜ਼ਿਲ੍ਹਾ ਗੁਰਦਾਸਪੁਰ ਦੇ ਵਸਨੀਕਾਂ ਨੂੰ ਸਰਕਾਰੀ ਸਕੂਲਾਂ ਨਾਲ ਜੋੜਨ ਲਈ ਹੋਵੇਗਾ ਮਦਦਗਾਰ
ਗੁਰਦਾਸਪੁਰ, 17 ਅਗਸਤ 2021 ਸਕੂਲ ਸਿੱਖਿਆ ਵਿਭਾਗ ਵੱਲੋਂ ਸਿੱਖਿਆ ਮੰਤਰੀ ਸ੍ਰੀ ਵਿਜੇ ਇੰਦਰ ਸਿੰਗਲਾ ਦੀ ਰਹਿਨੁਮਾਈ ਅਤੇ ਸਿੱਖਿਆ ਸਕੱਤਰ ਸ੍ਰੀ ਕ੍ਰਿਸ਼ਨ ਕੁਮਾਰ ਦੀ ਅਗਵਾਈ ਹੇਠ ਸਰਕਾਰੀ ਸਕੂਲਾਂ ਦੀ ਨੁਹਾਰ ਤਬਦੀਲੀ ਦੀਆਂ ਕੋਸ਼ਿਸ਼ਾਂ ਦੇ ਨਾਲ ਨਾਲ ਇਹਨਾਂ ਤਬਦੀਲੀਆਂ ਦਾ ਸੁਨੇਹਾ ਸਮਾਜ ਤੱਕ ਪਹੁੰਚਾਉਣ ਲਈ ਲਗਾਤਾਰ ਤਰ੍ਹਾਂ ਤਰ੍ਹਾਂ ਦੇ ਉਪਰਾਲੇ ਕੀਤੇ ਜਾ ਰਹੇ ਹਨ। ਇਹਨਾਂ ਉਪਰਾਲਿਆਂ ਨੂੰ ਨਵੀਆਂ ਉਚਾਈਆਂ ਤੇ ਲਿਜਾਣ ਲਈ ਸਿੱਖਿਆ ਵਿਭਾਗ ਪੰਜਾਬ ਵੱਲੋਂ ਹਰ ਸ਼ਨੀਵਾਰ ਸਰਕਾਰੀ ਸਕੂਲਾਂ ਵਿੱਚ ਪਿਛਲੇ ਕੁਝ ਸਮੇਂ ਵਿੱਚ ਆਏ ਕ੍ਰਾਂਤੀਕਾਰੀ ਬਦਲਾਅ ਨੂੰ ਦਰਸਾਉਂਦਾ ਪ੍ਰੋਗਰਾਮ “ਨਵੀਆਂ ਪੈੜਾਂ” ਦੂਰਦਰਸ਼ਨ ਦੇ ਖੇਤਰੀ ਚੈਨਲ ਡੀਡੀ ਪੰਜਾਬੀ ਤੇ ਪ੍ਰਸਾਰਿਤ ਕੀਤਾ ਜਾ ਰਿਹਾ ਹੈ।
ਜ਼ਿਲ੍ਹਾ ਸਿੱਖਿਆ ਅਫ਼ਸਰ (ਸ) ਹਰਪਾਲ ਸਿੰਘ ਸੰਧਾਵਾਲੀਆ ਅਤੇ ਜਿਲ੍ਹਾ ਸਿੱਖਿਆ ਅਫ਼ਸਰ (ਅ) ਗੁਰਦਾਸਪੁਰ ਮਦਨ ਲਾਲ ਸ਼ਰਮਾ ਨੇ ਦੱਸਿਆ ਕਿ ਵਿਭਾਗ ਵੱਲੋਂ ਕੀਤੇ ਬਿਹਤਰੀਨ ਉਪਰਾਲੇ ਤਹਿਤ ਇਸ ਵਾਰ ਜ਼ਿਲ੍ਹਾ ਗੁਰਦਾਸਪੁਰ ਦੇ ਸਰਕਾਰੀ ਸਕੂਲਾਂ ਵਿੱਚ ਹੋਏ ਕ੍ਰਾਂਤੀਕਾਰੀ ਪਰਿਵਰਤਨ, ਪ੍ਰਾਪਤੀਆਂ ਅਤੇ ਢਾਂਚੇ ਦੀ ਤਬਦੀਲੀ ਦਾ ਸੁਨੇਹਾ ਦਿੰਦਾ ਪ੍ਰੋਗਰਾਮ 14 ਅਗਸਤ ਦਿਨ ਸ਼ਨੀਵਾਰ ਬਾਅਦ ਦੁਪਹਿਰ 3.30 ਤੋਂ 4 ਵਜੇ ਤੱਕ ਦੂਰਦਰਸ਼ਨ ਦੇ ਖੇਤਰੀ ਚੈਨਲ ਡੀਡੀ ਪੰਜਾਬੀ ਤੇ ਪ੍ਰਸਾਰਿਤ ਕੀਤਾ ਗਿਆ। ਜਿਸ ਤਹਿਤ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਸ਼ੇਖਪੁਰ, ਸਰਕਾਰੀ ਕੰਨਿਆਂ ਸੀਨੀਅਰ ਸੈਕੰਡਰੀ ਸਕੂਲ ਡੇਰਾ ਬਾਬਾ ਨਾਨਕ, ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਨੜ੍ਹਾਂਵਾਲੀ , ਸਰਕਾਰੀ ਕੰਨਿਆਂ ਸੀਨੀਅਰ ਸੈਕੰਡਰੀ ਸਕੂਲ ਦੀਨਾਨਗਰ ਦੇ ਸੋਹਣੇ ਸਕੂਲ ਗੇਟ,ਸ਼ਾਨਦਾਰ ਬਿਲਡਿੰਗ, ਸਮਾਰਟ ਕਲਾਸਰੂਮ, ਸੋਹਣੇ ਪਲੇਅ ਗਰਾਊਂਡ, ਪਾਰਕਾਂ, ਛੋਟੇ ਬੱਚਿਆਂ ਲਈ ਸ਼ਿੰਗਾਰੇ ਪ੍ਰੀ ਪ੍ਰਾਇਮਰੀ ਰੂਮ, ਸੁੰਦਰ ਰੰਗਦਾਰ ਫਰਨੀਚਰ, ਪਰੋਜੈਕਟਰ ਰੂਮਜ਼, ਕਿਚਨ ਸੈ਼ੱਡ ਅਤੇ ਬੱਚਿਆਂ ਦਾ ਸੱਭਿਆਚਾਰਿਕ ਪ੍ਰੋਗਰਾਮ ਨੂੰ ਲੋਕਾਂ ਦੇ ਰੂਬਰੂ ਕੀਤਾ ਗਿਆ।
ਇਸ ਪ੍ਰੋਗਰਾਮ `ਨਵੀਆਂ ਪੈੜਾਂ` ਰਾਹੀਂ ਜਿਲ੍ਹਾ ਗੁਰਦਾਸਪੁਰ ਦੇ ਸਰਕਾਰੀ ਸਕੂਲਾਂ ਦੀਆਂ ਆਕਰਸ਼ਿਕ ਇਮਾਰਤਾਂ, ਉਪਲਬਧ ਪੜ੍ਹਾਉਣ ਦੀਆਂ ਆਧੁਨਿਕ ਤਕਨੀਕਾਂ ਦੇ ਨਾਲ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਦੀਆਂ ਸ਼ਾਨਦਾਰ ਪੇਸ਼ਕਾਰੀਆਂ ਪ੍ਰੋਗਰਾਮ ਦੀ ਖਿੱਚ ਦਾ ਕੇਂਦਰ ਬਣੀਆਂ ਰਹੀਆਂ, ਜਿਸ ਵਿੱਚ ਵਿਭਾਗ ਵੱਲੋਂ ਪਿਛਲੇ ਵਰ੍ਹੇ ਤੋਂ ਹਰ ਸਕੂਲ ਵਿੱਚ ਸ਼ੁਰੂ ਕੀਤੇ ਗਏ ਇੰਗਲਿਸ਼ ਬੂਸਟਰ ਕਲੱਬ ਨਾਲ ਸਬੰਧਤ ਪੇਸ਼ਕਾਰੀਆਂ ਵੀ ਵਿਖਾਈਆਂ ਗਈਆਂ।
ਉਪ ਜਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਲਖਵਿੰਦਰ ਸਿੰਘ ਅਤੇ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਬਲਬੀਰ ਸਿੰਘ ਨੇ ਦੱਸਿਆ ਕਿ ਸਮਾਰਟ ਸਕੂਲ ਮੁਹਿੰਮ ਅਧੀਨ ਜਿਲ੍ਹੇ ਦੇ ਸਮੂਹ ਪ੍ਰਾਇਮਰੀ, ਮਿਡਲ,ਹਾਈ ਅਤੇ ਸੀਨੀਅਰ ਸੈਕੰਡਰੀ ਸਕੂਲਾਂ ਦੀ ਆਕਰਸ਼ਕ ਗੇਟਾਂ ਅਤੇ ਚਾਰਦੀਵਾਰੀਆਂ ਨਾਲ ਦਿੱਖ ਸੰਵਾਰਨ ਦੇ ਨਾਲ ਨਾਲ ਸਕੂਲਾਂ ਦੀਆਂ ਇਮਾਰਤਾਂ ਅਤੇ ਜਮਾਤ ਕਮਰਿਆਂ ਨੂੰ ਸਿੱਖਣ ਸਮੱਗਰੀ ਭਰਪੂਰ ਪੇਟਿੰਗਾਂ ਨਾਲ ਸ਼ਿੰਗਾਰਿਆ ਜਾ ਰਿਹਾ ਹੈ। ਸਮਾਰਟ ਕਲਾਸਰੂਮ ਬਣਾਉਣ ਦੇ ਨਾਲ ਨਾਲ ਪੜ੍ਹਾਉਣ ਦੇ ਆਧੁਨਿਕ ਸਾਧਨ ਪ੍ਰਾਜੈਕਟਰ,ਐਲਸੀਡੀ ਅਤੇ ਐਜੂਸੈਟ ਮੁਹੱਈਆ ਕਰਵਾਏ ਗਏ ਹਨ ਅਤੇ ਜਿਲ੍ਹਾ ਗੁਰਦਾਸਪੁਰ ਦੇ ਅਧਿਆਪਕ ਇਸ ਕੋਰੋਨਾ ਕਾਲ ਦੌਰਾਨ ਵੀ ਆਨਲਾਈਨ ਜਮਾਤਾਂ ਰਾਹੀਂ ਹਰ ਵਿਦਿਆਰਥੀ ਨਾਲ ਰੋਜ਼ਾਨਾ ਤੌਰ ਤੇ ਜੁੜੇ ਰਹੇ ਹਨ।
ਪ੍ਰਿੰਸੀਪਲ ਮਨਜੀਤ ਸਿੰਘ ਸੰਧੂ, ਜ਼ਿਲ੍ਹਾ ਸਮਾਰਟ ਸਕੂਲ ਮੈਂਟਰ ਨੇ ਦੱਸਿਆ ਕਿ ਸਕੂਲ ਮੁਖੀ ਸਾਹਿਬਾਨ ਅਤੇ ਅਧਿਆਪਕਾਂ ਦੀ ਮਿਹਨਤ ਸਦਕਾ ਜ਼ਿਲ੍ਹਾ ਗੁਰਦਾਸਪੁਰ ਦੇ ਸਾਰੇ ਸਰਕਾਰੀ ਸਕੂਲ, ਵਿਭਾਗ ਵੱਲੋਂ ਜਾਰੀ ਕੀਤੇ ਸਮਾਰਟ ਸਕੂਲ ਸਬੰਧੀ ਫੇਜ਼ 1 ਦੇ ਪੈਰਾਮੀਟਰ ਪੂਰੇ ਕਰ ਚੁੱਕੇ ਹਨ ਅਤੇ ਹੁਣ ਫੇਜ਼ 2 ਅਧੀਨ ਵੀ ਬਹੁਤ ਜਲਦ ਜ਼ਿਲ੍ਹਾ ਆਪਣੇ ਸਮਾਰਟ ਸਕੂਲਾਂ ਲਈ ਦਿੱਤੇ ਪੈਰਾਮੀਟਰ ਪੂਰੇ ਕਰ ਲਵੇਗਾ।
ਇਸ ਮੌਕੇ ਗਗਨਦੀਪ ਸਿੰਘ ਜਿਲ੍ਹਾ ਕੋਆਰਡੀਨੇਟਰ ਮੀਡੀਆ ਸੈਲ ਨੇ ਦੱਸਿਆ ਕਿ ਸ਼ਨੀਵਾਰ 14 ਅਗਸਤ ਨੂੰ ਪ੍ਰਸਾਰਿਤ ਹੋਏ ਪ੍ਰੋਗਰਾਮ ਦੀ ਪੇਸ਼ਕਾਰੀ ਏ ਐਸ ਪੀ ਡੀ ਸਮਾਰਟ ਸਕੂਲ ਸੁਲੇਖਾ ਠਾਕੁਰ ਅਤੇ ਮੀਡੀਆ ਟੀਮ ਮੈਂਬਰ ਅਮਰਦੀਪ ਬਾਠ ਵੱਲੋਂ ਕੀਤੀ ਗਈ। ਨਵੀਆਂ ਪੈੜਾਂ ਪ੍ਰੋਗਰਾਮ ਵੇਖਣ ਲਈ ਜਿੱਥੇ ਜ਼ਿਲ੍ਹਾ, ਬਲਾਕ ਅਧਿਕਾਰੀਆਂ ਨੇ ਉਤਸ਼ਾਹ ਵਿਖਾਇਆ ਉੱਥੇ ਅਧਿਆਪਕਾਂ, ਵਿਦਿਆਰਥੀਆਂ ਅਤੇ ਵਿਦਿਆਰਥੀਆਂ ਦੇ ਮਾਪੇ ਸਾਹਿਬਾਨ, ਸਕੂਲ ਮੈਨੇਜਮੈਂਟ ਕਮੇਟੀਆਂ ਦੇ ਨੁਮਾਇੰਦਿਆਂ ਨੇ ਵੀ ਇਸ ਪ੍ਰੋਗਰਾਮ ਨੂੰ ਬੜੇ ਚਾਅ ਨਾਲ ਵੇਖਿਆ ਅਤੇ ਸੋਸ਼ਲ ਮੀਡੀਆ ਰਾਹੀਂ ਪ੍ਰੋਗਰਾਮ ਵੇਖਦਿਆਂ ਹੋਇਆਂ ਫੋਟੋਆਂ ਵੀ ਬਹੁਤ ਵੱਡੀ ਗਿਣਤੀ ਵਿਚ ਸ਼ੇਅਰ ਕੀਤੀਆਂ।