ਲੁਧਿਆਣਾ ‘ਚ ਕਾਂਗਰਸ ਨੂੰ ਇੱਕ ਹੋਰ ਝਟਕਾ, ਸੈਂਕੜੇ ਸਾਥੀਆਂ ਨਾ ‘ਆਪ’ ਦੇ ਹੋਏ ਸਾਬਕਾ ਸੂਬਾ ਸਕੱਤਰ ਕੁਲਵੰਤ ਸਿੰਘ ਸਿੱਧੂ

ਜਰਨੈਲ ਸਿੰਘ ਅਤੇ ਸਰਬਜੀਤ ਕੌਰ ਮਾਣੂੰਕੇ ਨੇ ਕੀਤਾ ਸਵਾਗਤ
ਅਕਾਲੀ ਦਲ ਨੂੰ ਕੀਤੇ ਕੁਕਰਮਾਂ ਦਾ ਫ਼ਲ ਤਾਂ ਭੁਗਤਣਾ ਹੀ ਪੈਣਾ: ਜਰਨੈਲ ਸਿੰਘ
ਲੁਧਿਆਣਾ, 18 ਅਗਸਤ 2021
ਉਦਯੋਗਿਕ ਸ਼ਹਿਰ ਲੁਧਿਆਣਾ ਵਿੱਚ ਕਾਂਗਰਸ ਪਾਰਟੀ ਨੂੰ ਕਰਾਰਾ ਝਟਕਾ ਦਿੰਦੇ ਹੋਏ ਸੀਨੀਅਰ ਆਗੂ ਅਤੇ ਸਾਬਕਾ ਸੂਬਾ ਸਕੱਤਰ ਕੁਲਵੰਤ ਸਿੰਘ ਸਿੱਧੂ ਆਪਣੇ ਸੈਂਕੜੇ ਸਾਥੀਆਂ ਨਾਲ ਆਮ ਆਦਮੀ ਪਾਰਟੀ (ਆਪ) ਵਿੱਚ ਸ਼ਾਮਲ ਹੋ ਗਏ। ਇਨ੍ਹਾਂ ਆਗੂਆਂ ਦਾ ਇੱਥੇ ‘ਆਪ’ ਪੰਜਾਬ ਮਾਮਲਿਆਂ ਦੇ ਪ੍ਰਭਾਰੀ ਅਤੇ ਦਿੱਲੀ ਤੋਂ ਵਿਧਾਇਕ ਜਰਨੈਲ ਸਿੰਘ ਅਤੇ ਵਿਰੋਧੀ ਧਿਰ ਦੀ ਉਪ ਆਗੂ ਸਰਬਜੀਤ ਕੌਰ ਮਾਣੂੰਕੇ ਨੇ ਰਸਮੀ ਤੌਰ ‘ਤੇ ਸਵਾਗਤ ਕੀਤਾ।
ਸ਼ਹਿਰ ਦੇ ਸੀਨੀਅਰ ਕਾਂਗਰਸੀ ਆਗੂ ਕੁਲਵੰਤ ਸਿੰਘ ਸਿੱਧੂ ਦਾ ਸਵਾਗਤ ਕਰਦਿਆਂ ਜਰਨੈਲ ਸਿੰਘ ਨੇ ਕਿਹਾ, ‘ਰਿਵਾਇਤੀ ਪਾਰਟੀਆਂ ਵਿੱਚ ਭ੍ਰਿਸ਼ਟਾਚਾਰ ਅਤੇ ਪਰਿਵਾਰਵਾਦ ਕਾਰਨ ਘੁੱਟਣ ਮਹਿਸੂਸ ਕਰ ਰਹੇ ਪੰਜਾਬ ਹਿਤੈਸ਼ੀ ਆਗੂਆਂ ਅਤੇ ਵਰਕਰਾਂ ਦਾ ਆਮ ਆਦਮੀ ਪਾਰਟੀ ਵਿੱਚ ਸਵਾਗਤ ਹੈ।’ ਉਨ੍ਹਾਂ ਕਿਹਾ ਕਿ ਕੁਲਵੰਤ ਸਿੰਘ ਸਿੱਧੂ ਨੇ ਕਾਂਗਰਸ ‘ਚ ਆਪਣਾ ਰਾਜਨੀਤਿਕ ਸਫ਼ਰ ਯੂਥ ਆਗੂ ਵਜੋਂ ਸ਼ੁਰੂ ਕੀਤਾ ਅਤੇ ਉਹ ਵੱਖ- ਵੱਖ ਅਹੁਦਿਆਂ ਸਮੇਤ ਕਾਂਗਰਸ ਦੇ ਸੂਬਾ ਸਕੱਤਰ ਵੀ ਰਹੇ ਹਨ। ਕੁਲਵੰਤ ਸਿੱਧੂ ਦੇ ਜੁੜਨ ਨਾਲ ਆਮ ਆਦਮੀ ਪਾਰਟੀ ਵਰਕਰਾਂ ਦੇ ਜੋਸ਼ ‘ਚ ਹੋਰ ਵਾਧਾ ਹੋਇਆ ਹੈ।
ਇਸ ਮੌਕੇ ਪੱਤਰਕਾਰਾਂ ਦੇ ਸਵਾਲਾਂ ਦਾ ਜਵਾਬ ਦਿੰਦਿਆਂ ਜਰਨੈਲ ਸਿੰਘ ਨੇ ਕਿਹਾ, ‘ਅਕਾਲੀਆਂ ਨੂੰ ਕਾਲੇ ਝੰਡੇ ਦਿਖਾਉਣ ਦੀ ਕਾਰਵਾਈ ‘ਆਪ’ ਵਰਕਰਾਂ ਦੀ ਨਹੀਂ, ਸਗੋਂ ਪੰਜਾਬ ਦੇ ਆਮ ਲੋਕਾਂ ਦੇ ਗ਼ੁੱਸੇ ਦਾ ਪ੍ਰਗਟਾਵਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕ ਭੁੱਲੇ ਨਹੀਂ ਕਿ ਕਿਸਾਨੀ ਵਿਰੋਧੀ ਕਾਨੂੰਨ ਬੀਬੀ ਹਰਸਿਮਰਤ ਕੌਰ ਬਾਦਲ ਦੀ ਅਗਵਾਈ ‘ਚ ਪਾਸ ਹੋਏ ਸਨ ਅਤੇ ਬਾਦਲਾਂ ਦੀ ਸਰਕਾਰ ਵੇਲੇ ਹੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਹੋਈ ਤੇ ਇਨਸਾਫ਼ ਮੰਗ ਰਹੇ ਸਿੱਖਾਂ ‘ਤੇ ਗੋਲੀਆਂ ਚਲੀਆਂ। ਉਨ੍ਹਾਂ ਕਿਹਾ ਕਿ ਅਕਾਲੀ ਦਲ ਨੂੰ ਕੀਤੇ ਕੁਕਰਮਾਂ ਦਾ ਫ਼ਲ ਤਾਂ ਭੁਗਤਣਾ ਹੀ ਪੈਣਾ।’
‘ਆਪ’ ਦੇ ਮੁੱਖ ਮੰਤਰੀ ਦੇ ਚਿਹਰੇ ਬਾਰੇ ਪੁੱਛਣ ‘ਤੇ ਜਰਨੈਲ ਸਿੰਘ ਨੇ ਕਿਹਾ ਕਿ 2022 ਦੀਆਂ ਚੋਣਾ ਨੇੜੇ ਮੁੱਖ ਮੰਤਰੀ ਦਾ ਚਿਹਰਾ ਪੰਜਾਬ ਦੇ ਲੋਕਾਂ ਨੂੰ ਜ਼ਰੂਰ ਦਿੱਤਾ ਜਾਵੇਗਾ ਅਤੇ ਮੁੱਖ ਮੰਤਰੀ ਦੇ ਚਿਹਰੇ ਨਾਲ ਹੀ ਪਾਰਟੀ ਸੂਬੇ ‘ਚ ਚੋਣਾ ਲੜੇਗੀ।
ਇਸ ਮੌਕੇ ‘ਆਪ’ ਦੀ ਸੀਨੀਅਰ ਆਗੂ ਅਤੇ ਵਿਰੋਧੀ ਧਿਰ ਦੀ ਉਪ ਨੇਤਾ ਸਰਬਜੀਤ ਕੌਰ ਮਾਣੂੰਕੇ ਨੇ ਕੁਲਵੰਤ ਸਿੰਘ ਸਿੱਧੂ ਅਤੇ ਸਾਕੀਆਂ ਦੀ ਆਮਦ ਨਾਲ ਪਾਰਟੀ ਲੁਧਿਆਣਾ ‘ਚ ਹੋਰ ਮਜ਼ਬੂਤੀ ਮਿਲੀ ਹੈ। ਉਨ੍ਹਾਂ ਕਿ ਆਮ ਆਦਮੀ ਪਾਰਟੀ ਪੰਜਾਬ ਦੀ ਖ਼ੁਸ਼ਹਾਲੀ ਲਈ ਜੀਅ-ਜਾਨ ਲਾ ਦੇਵੇਗੀ।
‘ਆਪ’ ਵਿੱਚ ਸ਼ਾਮਲ ਹੋਏ ਕੁਲਵੰਤ ਸਿੰਘ ਸਿੱਧੂ ਨੇ ਕਿਹਾ, ‘ਪੰਜਾਬ ਦਾ ਹਰ ਬੰਦਾ ਆਮ ਆਦਮੀ ਪਾਰਟੀ ਦੀ ਗੱਲ ਕਰਦਾ ਹੈ। ਉਹ ਚਾਹੁੰਦੇ ਹਨ ਕਿ ਪੰਜਾਬ ਦੇ ਨਵੇਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਾਂਗ ਨਹੀਂ, ਸਗੋਂ ਅਰਵਿੰਦ ਕੇਜਰੀਵਾਲ ਵਾਂਗ ਕੰਮ ਕਰਨ। ਉਨ੍ਹਾਂ ਕਿਹਾ ਪੰਜਾਬ ਦੇ ਲੋਕਾਂ ਨੂੰ ‘ਆਪ’ ਤੋਂ ਲੋਕ ਭਲਾਈ ਕੰਮਾਂ ਦੀਆਂ ਬਹੁਤ ਜ਼ਿਆਦਾ ਆਸਾਂ ਹਨ ਅਤੇ ਪਾਰਟੀ ਹੱਕ- ਸੱਚ ਦੀ ਲੜਾਈ ਲੜ ਰਹੀ ਹੈ, ਜਿਸ ‘ਚ ਉਹ (ਸਿੱਧੂ) ਆਪਣਾ ਯੋਗਦਾਨ ਪਾਉਣਗੇ।
ਇਸ ਮੌਕੇ ਪਾਰਟੀ ਦੇ ਸੰਯੁਕਤ ਸਕੱਤਰ ਅਮਨਦੀਪ ਸਿੰਘ ਮੋਹੀ, ਜ਼ਿਲ੍ਹਾ ਪ੍ਰਧਾਨ ਸੁਰੇਸ਼ ਗੋਇਲ, ਹਲਕਾ ਇੰਚਾਰਜ ਨਾਰਥ ਮਦਨ ਲਾਲ ਬੱਗਾ, ਹਲਕਾ ਇੰਚਾਰਜ ਈਸਟ ਦਲਜੀਤ ਸਿੰਘ ਭੋਲਾ, ਜ਼ਿਲ੍ਹਾ ਸਕੱਤਰ ਸ਼ਰਨਪਾਲ ਸਿੰਘ ਮੱਕੜ, ਖ਼ਜ਼ਾਨਚੀ ਸੁਰਿੰਦਰ ਸੈਣੀ, ਸੀਨੀਅਰ ਆਗੂ ਤਰਸੇਮ ਸਿੰਘ ਭਿੰਡਰ, ਭੁਪਿੰਦਰ ਸਿੰਘ ਸੰਧੂ, ਮੀਡੀਆ ਇੰਚਾਰਜ ਦੁਪਿੰਦਰ ਸਿੰਘ, ਸੋਸ਼ਲ ਮੀਡੀਆ ਇੰਚਾਰਜ ਗੋਬਿੰਦ ਕੁਮਾਰ ਅਤੇ ਦਫ਼ਤਰ ਇੰਚਾਰਜ ਹਰੀ ਸਿੰਘ ਵੀ ਹਾਜ਼ਰ ਸਨ।

Spread the love