ਪੱਖੋਵਾਲ ਰੋਡ ‘ਤੇ ਆਰ.ਓ.ਬੀ.-ਆਰ.ਯੂ.ਬੀ. ਦਾ ਕੰਮ ਚੱਲ ਰਿਹਾ ਜੰਗੀ ਪੱਧਰ ‘ਤੇ
ਸਾਈਟ ਦਾ ਕੀਤਾ ਦੌਰਾ, ਅਧਿਕਾਰੀਆਂ ਨੂੰ ਜਾਰੀ ਕੀਤੇ ਜ਼ਰੂਰੀ ਦਿਸ਼ਾ ਨਿਰਦੇਸ਼
ਕਿਹਾ! ਗਿੱਲ ਰੋਡ ‘ਤੇ ਦਾਣਾ ਮੰਡੀ ਨੇੜੇ ਆਰ.ਓ.ਬੀ. ਦੇ ਨਿਰਮਾਣ ਲਈ ਪ੍ਰਸਤਾਵ ਵੀ ਰੇਲਵੇ ਨੂੰ ਜਮ੍ਹਾਂ ਕਰਵਾਏ ਜਾਣਗੇ
ਲੁਧਿਆਣਾ, 19 ਅਗਸਤ 2021 ਪੰਜਾਬ ਦੇ ਖੁਰਾਕ, ਸਿਵਲ ਸਪਲਾਈ ਤੇ ਖਪਤਕਾਰ ਮਾਮਲੇ ਮੰਤਰੀ ਸ੍ਰੀ ਭਾਰਤ ਭੂਸ਼ਣ ਆਸ਼ੂ ਨੇ ਅੱਜ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੱਖੋਵਾਲ ਰੋਡ ਰੇਲ ਅੰਡਰ ਬ੍ਰਿਜ (ਆਰ.ਯੂ.ਬੀ.) -2 ਰੇਲਵੇ ਦਾ ਹਿੱਸਾ 31 ਅਗਸਤ, 2021 ਤੱਕ ਮੁਕੰਮਲ ਹੋ ਜਾਵੇਗਾ, ਜਦੋਂ ਕਿ ਇਸ ਪ੍ਰੋਜੈਕਟ ਦੀ ਪਹੁੰਚ ਸੜਕ ਦਾ ਨਿਰਮਾਣ ਇਸ ਹਫ਼ਤੇ ਦੇ ਅੰਦਰ ਸ਼ੁਰੂ ਹੋ ਜਾਵੇਗਾ। ਪੱਖੋਵਾਲ ਰੋਡ ਆਰ.ਯੂ.ਬੀ-2 ਦੀ ਵਰਤੋਂ ਸਿੱਧਵਾਂ ਨਹਿਰ ਦੇ ਨਾਲ ਆਉਣ ਵਾਲੇ ਅਤੇ ਸਰਾਭਾ ਨਗਰ (ਸਕੇਟਿੰਗ ਰਿੰਕ ਦੇ ਨੇੜੇ) ਵੱਲ ਜਾਣ ਵਾਲੇ ਵਾਹਨਾਂ ਦੀ ਆਵਾਜਾਈ ਲਈ ਕੀਤੀ ਜਾਵੇਗੀ।
ਮੇਅਰ ਸ੍ਰੀ ਬਲਕਾਰ ਸਿੰਘ ਸੰਧੂ, ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਸ੍ਰੀ ਰਮਨ ਬਾਲਾਸੁਬਰਾਮਣੀਅਮ, ਨਿਗਮ ਕੌਂਸਲਰ ਸ੍ਰੀਮਤੀ ਮਮਤਾ ਆਸ਼ੂ, ਨਿਗਮ ਕਮਿਸ਼ਨਰ ਸ੍ਰੀ ਪ੍ਰਦੀਪ ਕੁਮਾਰ ਸੱਭਰਵਾਲ, ਵਿਲੀਅਮਜੀਤ ਸਿੰਘ, ਉੱਤਰੀ ਰੇਲਵੇ ਦੇ ਉਪ ਮੁੱਖ ਇੰਜੀਨੀਅਰ (ਨਿਰਮਾਣ ਵਿਭਾਗ) ਅਤੇ ਸੀਨੀਅਰ ਐਮ.ਸੀ. ਅਧਿਕਾਰੀਆਂ ਦੇ ਨਾਲ ਸ੍ਰੀ ਭਾਰਤ ਭੂਸ਼ਣ ਆਸ਼ੂ ਨੇ ਅੱਜ ਨਿਰਮਾਣ ਸਥਾਨ ਦਾ ਦੌਰਾ ਕੀਤਾ ਅਤੇ ਅਧਿਕਾਰੀਆਂ ਨੂੰ ਲੋੜੀਂਦੇ ਨਿਰਦੇਸ਼ ਜਾਰੀ ਕੀਤੇ।
ਉਨ੍ਹਾਂ ਕਿਹਾ ਕਿ ਰੇਲਵੇ ਵਿਭਾਗ ਦੇ ਸੀਨੀਅਰ ਅਧਿਕਾਰੀਆਂ ਨੇ ਭਰੋਸਾ ਦਿੱਤਾ ਹੈ ਕਿ ਉਹ ਪੱਖੋਵਾਲ ਰੋਡ ਆਰ.ਯੂ.ਬੀ-2 ਦਾ ਆਪਣਾ ਹਿੱਸਾ 31 ਅਗਸਤ, 2021 ਤੱਕ ਪੂਰਾ ਕਰ ਲੈਣਗੇ। ਉੱਤਰੀ ਰੇਲਵੇ ਦੇ ਉਪ ਮੁੱਖ ਇੰਜੀਨੀਅਰ (ਨਿਰਮਾਣ ਵਿਭਾਗ) ਸ. ਵਿਲੀਅਮਜੀਤ ਸਿੰਘ ਨੇ ਕਿਹਾ ਕਿ ਕੋਵਿਡ ਮਹਾਂਮਾਰੀ ਦੀ ਦੂਜੀ ਲਹਿਰ ਕਰਕੇ ਨਿਰਮਾਣ ਕਾਰਜ ਵਿੱਚ ਦੇਰੀ ਹੋਈ ਕਿਉਂਕਿ ਸਟੀਲ ਨੂੰ ਕੱਟਣ ਲਈ ਲੋੜੀਂਦੇ ਆਕਸੀਜਨ ਸਿਲੰਡਰਾਂ ਦੀ ਸਪਲਾਈ ਨਹੀਂ ਸੀ। ਹਾਲਾਂਕਿ ਉਨ੍ਹਾਂ ਭਰੋਸਾ ਦਿੱਤਾ ਹੈ ਕਿ ਆਰ.ਯੂ.ਬੀ-2 ਤੇ ਰੇਲਵੇ ਦਾ ਹਿੱਸਾ ਹੁਣ 31 ਅਗਸਤ, 2021 ਤੱਕ ਪੂਰਾ ਹੋ ਜਾਵੇਗਾ।
ਸ੍ਰੀ ਭਾਰਤ ਭੂਸ਼ਣ ਆਸ਼ੂ ਨੇ ਦੱਸਿਆ ਕਿ ਪੱਖੋਵਾਲ ਰੋਡ ਆਰ.ਓ.ਬੀ. ਅਤੇ ਆਰ.ਯੂ.ਬੀ-1 ਦੀ ਉਸਾਰੀ ਦਾ ਕੰਮ ਵੀ ਤੇਜ਼ੀ ਨਾਲ ਚੱਲ ਰਿਹਾ ਹੈ।
ਜ਼ਿਕਰਯੋਗ ਹੈ ਕਿ ਸ਼ਹਿਰ ਵਿੱਚ ਇੱਕ ਰੇਲ ਓਵਰ ਬ੍ਰਿਜ (ਆਰ.ਓ.ਬੀ.) ਅਤੇ ਦੋ ਰੇਲ ਅੰਡਰ ਬ੍ਰਿਜ (ਆਰ.ਯ.{ਬੀ) ਦਾ ਨਿਰਮਾਣ ਕਾਰਜ ਪੂਰੇ ਜੋਸ਼ ਨਾਲ ਚੱਲ ਰਿਹਾ ਹੈ। ਪੱਖੋਵਾਲ ਰੋਡ ‘ਤੇ ਇੱਕ ਰੇਲ ਓਵਰ ਬ੍ਰਿਜ (ਆਰ.ਓ.ਬੀ.) ਅਤੇ ਦੋ ਰੇਲ ਅੰਡਰ ਬ੍ਰਿਜ (ਆਰ.ਯੂ.ਬੀ.) ਦਾ ਨਿਰਮਾਣ ਸ਼ਹਿਰ ਵਾਸੀਆਂ ਦੀ ਚਿਰੋਕਣੀ ਮੰਗ ਹੈ। ਇਹ ਸਾਂਝਾ ਪ੍ਰੋਜੈਕਟ ਲਗਭਗ 120 ਕਰੋੜ ਰੁਪਏ ਦੀ ਲਾਗਤ ਵਾਲਾ ਹੈ ਅਤੇ ਇਸ ਨਾਲ ਸ਼ਹਿਰ ਵਾਸੀਆਂ ਨੂੰ ਆਵਾਜਾਈ ਦੀ ਭੀੜ ਤੋਂ ਰਾਹਤ ਮਿਲੇਗੀ।
ਉਨ੍ਹਾਂ ਕਿਹਾ ਕਿ ਇਸ ਸਾਲ ਅਪ੍ਰੈਲ ਵਿੱਚ ਕੇਂਦਰੀ ਰੇਲ ਮੰਤਰੀ ਨਾਲ ਮੁਲਾਕਾਤ ਦੌਰਾਨ, ਉਨ੍ਹਾਂ ਭਰੋਸਾ ਦਿੱਤਾ ਸੀ ਕਿ ਇਹ ਪ੍ਰੋਜੈਕਟ ਜਲਦ ਤੋਂ ਜਲਦ ਪੂਰਾ ਕੀਤਾ ਜਾਵੇਗਾ ਅਤੇ ਰੇਲਵੇ ਸਟਾਫ ਨੂੰ ਇੱਕ ਸਮਾਂ-ਸਾਰਣੀ ਤਿਆਰ ਕਰਨ ਅਤੇ ਬਾਅਦ ਵਿੱਚ ਹਰ ਚਾਰ ਹਫਤਿਆਂ ਵਿੱਚ ਤਸਵੀਰਾਂ ਸਮੇਤ ਪ੍ਰਗਤੀ ਰਿਪੋਰਟ ਪੇਸ਼ ਕਰਨ ਦੇ ਨਿਰਦੇਸ਼ ਦਿੱਤੇ ਸਨ।
ਉਨ੍ਹਾਂ ਵਸਨੀਕਾਂ ਨੂੰ ਭਰੋਸਾ ਦਿਵਾਇਆ ਕਿ ਇਹ ਪ੍ਰੋਜੈਕਟ ਉਨ੍ਹਾਂ ਦੇ ਦਿਲ ਦੇ ਨੇੜੇ ਹੈ ਅਤੇ ਨਿਰਧਾਰਤ ਸਮਾਂ ਸੀਮਾ ਦੇ ਅੰਦਰ ਮੁਕੰਮਲ ਹੋ ਜਾਵੇਗਾ ਕਿਉਂਕਿ ਉਹ ਰੋਜ਼ਾਨਾ ਨਿੱਜੀ ਤੌਰ ‘ਤੇ ਇਸ ਦੀ ਨਿਗਰਾਨੀ ਕਰ ਰਹੇ ਹਨ। ਉਨ੍ਹਾਂ ਦੱਸਿਆ ਕਿ ਆਰ.ਓ.ਬੀ. ਦੀ ਲੰਬਾਈ 839.83 ਮੀਟਰ ਹੋਵੇਗੀ ਅਤੇ ਇਹ ਸਿੱਧਵਾਂ ਨਹਿਰ ਤੋਂ ਹੀਰੋ ਬੇਕਰੀ ਵਾਲੇ ਪਾਸੇ ਵੱਲ, ਪੱਖੋਵਾਲ ਰੋਡ ਦੇ ਨਾਲ ਮੌਜੂਦਾ ਰੇਲਵੇ ਟਰੈਕ ਦੇ ਨਾਲ ਬਣਾਇਆ ਜਾਵੇਗਾ, ਆਰ.ਯੂ.ਬੀ-1 ਦੀ ਲੰਬਾਈ 458.20 ਮੀਟਰ ਹੋਵੇਗੀ (ਹੀਰੋ ਬੇਕਰੀ ਵਾਲੇ ਪਾਸੇ ਤੋਂ ਸਿੱਧਵਾਂ ਨਹਿਰ ਵਾਲੇ ਪਾਸ, ਮੌਜੂਦਾ ਰੇਲਵੇ ਟਰੈਕ ਦੇ ਅਧੀਨ ਪੱਖੋਵਾਲ ਰੋਡ ਦੇ ਨਾਲ), ਜਦੋਂ ਕਿ ਆਰ.ਯੂ.ਬੀ-2 ਦੀ ਲੰਬਾਈ 1018.46 ਮੀਟਰ ਹੋਵੇਗੀ।
ਸ੍ਰੀ ਆਸ਼ੂ ਨੇ ਕਿਹਾ ਕਿ ਇਹ ਪ੍ਰੋਜੈਕਟ ਉਨ੍ਹਾਂ ਇਲਾਕਾ ਨਿਵਾਸੀਆਂ ਲਈ ਲਾਭਦਾਇਕ ਸਿੱਧ ਹੋਵੇਗਾ ਜੋ ਇਸ ਵੇਲੇ ਪੱਖੋਵਾਲ ਰੋਡ ‘ਤੇ ਟ੍ਰੈਫਿਕ ਦੀ ਸਮੱਸਿਆ ਕਾਰਨ ਪ੍ਰੇਸ਼ਾਨ ਹਨ। ਉਨ੍ਹਾਂ ਕਿਹਾ ਕਿ ਇਹ ਪ੍ਰੋਜੈਕਟ ਉਨ੍ਹਾਂ ਮੁੱਖ ਵਾਅਦਿਆਂ ਵਿੱਚੋਂ ਇੱਕ ਹੈ ਜੋ ਉਨ੍ਹਾਂ ਨੇ ਲੁਧਿਆਣਾ (ਪੱਛਮੀ) ਹਲਕੇ ਦੇ ਵਸਨੀਕਾਂ ਨਾਲ ਕੀਤੇ ਹਨ ਅਤੇ ਉਹ ਖੁਦ ਇਸ ਦੀ ਨਿਗਰਾਨੀ ਕਰਨਗੇ।