ਲੁਧਿਆਣਾ ਦੇ 50 ਏਕੜ ਤੋਂ ਵੱਧ ਖੇਤਰ ‘ਚ ਕਈ ਗ੍ਰੀਨ ਬੈਲਟਾਂ ਤੇ ਲਈਅਰ ਵੈਲੀਆਂ ਸਥਾਪਤ – ਭਾਰਤ ਭੂਸ਼ਣ ਆਸ਼ੂ

ਅਧਿਕਾਰੀਆਂ ਨੂੰ ਦਿੱਤੇ ਨਿਰਦੇਸ਼, ਗੁਣਵੱਤਾ ਦੇ ਮਿਆਰ ‘ਚ ਸਮਝੌਤਾ ਨਾ ਕਰਦਿਆਂ ਸਾਰੇ ਪ੍ਰੋਜੈਕਟ ਤੈਅ ਸਮੇਂ ‘ਚ ਕੀਤੇ ਜਾਣ ਮੁਕੰਮਲ
ਨਿਗਮ ਦੇ ਜੋਨ-ਡੀ ਦਫ਼ਤਰ ਵਿਖੇ ਵੱਖ-ਵੱਖ ਵਿਕਾਸ ਪ੍ਰੋਜੈਕਟਾਂ ਦੀ ਕੀਤੀ ਸਮੀਖਿਆ ਮੀਟਿੰਗ
ਲੁਧਿਆਣਾ, 19 ਅਗਸਤ 2021 ਪੰਜਾਬ ਦੇ ਖੁਰਾਕ, ਸਿਵਲ ਸਪਲਾਈ ਤੇ ਖਪਤਕਾਰ ਮਾਮਲੇ ਮੰਤਰੀ ਸ੍ਰੀ ਭਾਰਤ ਭੂਸ਼ਣ ਆਸ਼ੂ ਨੇ ਅੱਜ ਕਿਹਾ ਕਿ ਹਰੇ ਵਾਤਾਵਰਣ ਨੂੰ ਵਧਾਉਣ ਅਤੇ ਸਾਡੇ ਵਾਤਾਵਰਣ ਨੂੰ ਬਚਾਉਣ ਵਿੱਚ ਯੋਗਦਾਨ ਪਾਉਣ ਲਈ, ਇਕੱਲੇ ਲੁਧਿਆਣਾ ਸ਼ਹਿਰ ਵਿੱਚ 50 ਏਕੜ ਤੋਂ ਵੱਧ ਖੇਤਰ ਵਿੱਚ ਕਈ ਨਵੀਆਂ ਗ੍ਰੀਨ ਬੈਲਟਾਂ ਅਤੇ ਲਈਅਰ ਵੈਲੀਆਂ ਵਿਕਸਤ ਕੀਤੀਆਂ ਜਾ ਚੁੱਕੀਆਂ ਹਨ, ਜਦੋਂ ਕਿ ਹੋਰ ਬਹੁਤ ਸਾਰੇ ਨਿਰਮਾਣ ਅਧੀਨ ਹਨ ਜਾਂ ਪਾਈਪਲਾਈਨ ਵਿੱਚ ਹਨ।
ਸਮਾਰਟ ਸਿਟੀ, ਨੈਸ਼ਨਲ ਕਲੀਨ ਏਅਰ ਪ੍ਰੋਗਰਾਮ ਨਗਰ ਸੁਧਾਰ ਟਰੱਸਟ ਲੁਧਿਆਣਾ ਅਧੀਨ ਲੁਧਿਆਣਾ ਦੇ ਵੱਖ -ਵੱਖ ਵਿਕਾਸ ਪ੍ਰੋਜੈਕਟਾਂ ਦੀ ਪ੍ਰਗਤੀ ਦੀ ਸਮੀਖਿਆ ਕਰਦੇ ਹੋਏ, ਕੈਬਨਿਟ ਮੰਤਰੀ ਨੇ ਅਧਿਕਾਰੀਆਂ ਨੂੰ ਸਾਰੇ ਚੱਲ ਰਹੇ ਪ੍ਰੋਜੈਕਟਾਂ ਨੂੰ ਸਮੇਂ ਸਿਰ ਪੂਰਾ ਕਰਨ ਨੂੰ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ ਅਤੇ ਦੁਹਰਾਇਆ ਕਿ ਜਦੋਂ ਗੁਣਵੱਤਾ ਦੇ ਮਿਆਰ ਦੀ ਗੱਲ ਆਉਂਦੀ ਹੈ ਤਾਂ ਕੋਈ ਸਮਝੌਤਾ ਨਹੀਂ ਹੋਣਾ ਚਾਹੀਦਾ।
ਸਮੀਖਿਆ ਮੀਟਿੰਗ ਅੱਜ ਸਥਾਨਕ ਨਗਰ ਨਿਗਮ ਜ਼ੋਨ-ਡੀ ਦਫਤਰ ਵਿਖੇ ਹੋਈ ਅਤੇ ਇਸ ਵਿੱਚ ਮੇਅਰ ਸ੍ਰੀ ਬਲਕਾਰ ਸਿੰਘ ਸੰਧੂ, ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਸ੍ਰੀ ਰਮਨ ਬਾਲਾਸੁਬਰਾਮਣੀਅਮ, ਨਿਗਮ ਕੌਂਸਲਰ ਸ੍ਰੀਮਤੀ ਮਮਤਾ ਆਸ਼ੂ, ਨਿਗਮ ਕਮਿਸ਼ਨਰ ਸ੍ਰੀ ਪ੍ਰਦੀਪ ਕੁਮਾਰ ਸੱਭਰਵਾਲ ਤੋਂ ਇਲਾਵਾ ਕਈ ਅਧਿਕਾਰੀ ਸ਼ਾਮਲ ਹੋਏ।
ਮੀਟਿੰਗ ਦੌਰਾਨ ਕੈਬਨਿਟ ਮੰਤਰੀ ਨੇ ਕਿਹਾ ਕਿ ਸ਼ਹਿਰ ਵਿੱਚ ਹਰਿਆਲੀ ਵਧਾਉਣ ਲਈ ਸਮਰਪਿਤ ਯਤਨ ਕੀਤੇ ਜਾ ਰਹੇ ਹਨ। ਉਨ੍ਹਾਂ ਨਗਰ ਨਿਗਮ ਅਧਿਕਾਰੀਆਂ ਨੂੰ ਇਹ ਵੀ ਨਿਰਦੇਸ਼ ਦਿੱਤੇ ਕਿ ਲੁਧਿਆਣਾ ਨੂੰ ਹਰਿਆ -ਭਰਿਆ ਬਣਾਉਣ ਲਈ ਸ਼ਹਿਰ ਵਿੱਚ ਖਾਲੀ ਪਈਆਂ ਜ਼ਮੀਨਾਂ ‘ਤੇ ਵੱਡੇ ਪੱਧਰੋ ਤੇ ਬੂਟੇ ਲਗਾਉਣ ਦੀ ਮੁਹਿੰਮ ਚਲਾਈ ਜਾਵੇ।
ਉਨ੍ਹਾਂ ਕਿਹਾ ਕਿ ਸਿੱਧਵਾਂ ਕਨਾਲ ਵਾਟਰਫਰੰਟ ਪ੍ਰੋਜੈਕਟ ਵਿੱਚ ਇੱਕ ਗ੍ਰੀਨ ਬੈਲਟ ਵਿਕਸਤ ਕੀਤੀ ਗਈ ਹੈ, ਭਾਈ ਰਣਧੀਰ ਸਿੰਘ ਨਗਰ ਵਿੱਚ ਡੀ.ਏ.ਵੀ. ਪਬਲਿਕ ਸਕੂਲ ਦੇ ਸਾਹਮਣੇ ਇੱਕ ਲਈਅਰ ਵੈਲੀ ਵਿਕਸਤ ਕੀਤੀ ਗਈ ਹੈ ਅਤੇ ਇਸ ਖੇਤਰ ਵਿੱਚ ਕਈ ਹੋਰ ਗ੍ਰੀਨ ਬੈਲਟਾਂ ਅਤੇ ਪਾਰਕ ਵੀ ਵਿਕਸਤ ਕੀਤੇ ਹਨ, 6 ਏਕੜ ਜ਼ਮੀਨ ਤੇ ਇੱਕ ਲਈਅਰ ਵੈਲੀ ਹੈਬੋਵਾਲ, ਲੁਧਿਆਣਾ (ਪੂਰਬੀ) ਵਿੱਚ ਨਿਰਮਾਣ ਅਧੀਨ ਹੈ, ਪੁਰਾਣੇ ਜੀ.ਟੀ. ਰੋਡ ਦੇ ਦੋਵੇਂ ਪਾਸੇ ਗ੍ਰੀਨ ਬੈਲਟਾਂ ਵਿਕਸਤ ਕੀਤੀਆਂ ਜਾ ਰਹੀਆਂ ਹਨ ਜੋ ਕਿ ਸ਼ੇਰਪੁਰ ਚੌਕ ਤੋਂ ਜਲੰਧਰ ਬਾਈਪਾਸ ਚੌਕ ਤੱਕ ਹੈ।
ਸ੍ਰੀ ਭਾਰਤ ਭੂਸ਼ਣ ਆਸ਼ੂ ਨੇ ਅਧਿਕਾਰੀਆਂ ਨੂੰ ਸਾਰੇ ਚੱਲ ਰਹੇ ਵਿਕਾਸ ਪ੍ਰੋਜੈਕਟਾਂ ਦੀ ਪ੍ਰਗਤੀ ਦੀ ਨਿਜੀ ਨਿਗਰਾਨੀ ਕਰਨ ਦੇ ਨਿਰਦੇਸ਼ ਦਿੱਤੇ। ਉਨ੍ਹਾਂ ਇਹ ਵੀ ਹਦਾਇਤ ਕੀਤੀ ਕਿ ਮੌਜੂਦਾ ਸੀਵਰ ਲਾਈਨਾਂ ਦੀ ਸਹੀ ਮੈਪਿੰਗ ਕੀਤੀ ਜਾਣੀ ਚਾਹੀਦੀ ਹੈ ਤਾਂ ਜੋ ਇਹ ਉਨ੍ਹਾਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਕਾਇਮ ਰੱਖਿਆ ਜਾ ਸਕੇ। ਉਨ੍ਹਾਂ ਇਹ ਵੀ ਨਿਰਦੇਸ਼ ਦਿੱਤੇ ਕਿ ਸਰਬੋਤਮ ਉਪਯੋਗਤਾ ਲਈ, ਸਾਰੇ ਨਿਗਮ ਵਾਹਨਾਂ ‘ਤੇ ਜੀ.ਪੀ.ਐਸ. ਉਪਕਰਣ ਫਿੱਟ ਕੀਤੇ ਜਾਣੇ ਚਾਹੀਦੇ ਹਨ।
ਉਨ੍ਹਾਂ ਅਧਿਕਾਰੀਆਂ ਨੂੰ ਇਹ ਵੀ ਨਿਰਦੇਸ਼ ਦਿੱਤੇ ਕਿ ਉਹ ਗੁਰੂ ਨਾਨਕ ਸਟੇਡੀਅਮ ਵਿੱਚ ਨਵੇਂ ਅਥਲੈਟਿਕਸ ਟ੍ਰੈਕ, ਸਾਰੇ ਮੌਜੂਦਾ ਖੇਡ ਸੁਵਿਧਾਵਾਂ ਸਮੇਤ ਵਿਕਾਸ ਪ੍ਰੋਜੈਕਟਾਂ ਦੇ ਕਾਰਜਾਂ ਵਿੱਚ ਤੇਜ਼ੀ ਲਿਆਉਣ।
ਸ੍ਰੀ ਭਾਰਤ ਭੂਸ਼ਣ ਆਸ਼ੂ ਨੇ ਕਿਹਾ ਕਿ ਉਹ ਲੁਧਿਆਣਾ ਦੇ ਸਾਰੇ ਪ੍ਰੋਜੈਕਟਾਂ ਦੀ ਪ੍ਰਗਤੀ ਦੀ ਨਿੱਜੀ ਤੌਰ ‘ਤੇ ਹਫਤਾਵਾਰੀ ਨਿਗਰਾਨੀ ਕਰ ਰਹੇ ਹਨ ਅਤੇ ਚੇਤਾਵਨੀ ਦਿੱਤੀ ਹੈ ਕਿ ਜੇਕਰ ਅਧਿਕਾਰੀਆਂ ਵੱਲੋਂ ਕੋਈ ਕੁਤਾਹੀ ਹੋਈ ਤਾਂ ਉਨ੍ਹਾਂ ਵਿਰੁੱਧ ਸਖਤ ਕਾਰਵਾਈ ਕੀਤੀ ਜਾਵੇਗੀ।
ਉਨ੍ਹਾਂ ਅੱਗੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਦੂਰਅੰਦੇਸ਼ੀ ਅਤੇ ਗਤੀਸ਼ੀਲ ਅਗਵਾਈ ਹੇਠ ਸੂਬਾ ਸਰਕਾਰ ਵੱਖ-ਵੱਖ ਸਕੀਮਾਂ ਅਤੇ ਸਮਾਰਟ ਸਿਟੀ ਪ੍ਰੋਗਰਾਮ ਦੇ ਤਹਿਤ ਪ੍ਰੋਜੈਕਟਾਂ ਨੂੰ ਅਮਲੀ ਰੂਪ ਦੇਣ ਲਈ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਪ੍ਰਾਜੈਕਟਾਂ ‘ਤੇ ਕੰਮ ਜਲਦ ਹੀ ਮੁਕੰਮਲ ਕਰ ਲਿਆ ਜਾਵੇਗਾ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਸ਼ਹਿਰ ਵਾਸੀ ਇਸ ਤੋਂ ਲਾਭ ਪ੍ਰਾਪਤ ਕਰ ਸਕਣ। ਉਨ੍ਹਾਂ ਆਸ ਪ੍ਰਗਟ ਕੀਤੀ ਕਿ ਲੁਧਿਆਣਾ ਵਿੱਚ ਵਿਕਾਸ ਕਾਰਜਾਂ ਦੇ ਨਾਲ ਬੇਮਿਸਾਲ ਵਿਕਾਸ ਅਤੇ ਖੁਸ਼ਹਾਲੀ ਦੇ ਯੁੱਗ ਦੇ ਸ਼ੁਰੂਆਤ ਹੋਵੇਗੀ।

Spread the love