ਫਾਜ਼ਿਲਕਾ 25 ਅਗਸਤ 2021
ਸਿਹਤ ਵਿਭਾਗ ਦੀ ਤਰਫੋਂ, ਕਾਰਜਕਾਰੀ ਸਿਵਲ ਸਰਜਨ ਡਾ: ਕਵਿਤਾ ਸਿੰਘ ਨੇ ਅੱਜ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੀਆਂ) ਫਾਜ਼ਿਲਕਾ ਵਿੱਚ ਬੱਚਿਆਂ ਨੂੰ ਐਲਬੈਂਡਾਜ਼ੋਲ ਦੀਆਂ ਗੋਲੀਆਂ ਖੁਆ ਕੇ ਸ਼ੁਰੂਆਤ ਕੀਤੀ। ਇਸ ਮੌਕੇ ਉਨ੍ਹਾਂ ਕਿਹਾ ਕਿ ਪੇਟ ਦੇ ਕੀੜਿਆਂ ਦੇ ਮਾੜੇ ਪ੍ਰਭਾਵਾਂ ਕਾਰਨ ਬੱਚਿਆਂ ਵਿੱਚ ਖੂਨ ਦੀ ਕਮੀ, ਸਰੀਰਕ ਕਮਜ਼ੋਰੀ ਅਤੇ ਮਾਨਸਿਕ ਕਮਜ਼ੋਰੀ ਹੋਣਾ ਆਮ ਗੱਲ ਹੈ। ਬੱਚਿਆਂ ਵਿੱਚ ਪੇਟ ਦਰਦ ਵਰਗੀਆਂ ਸ਼ਿਕਾਇਤਾ ਆਮ ਹਨ ਅਤੇ ਇਸ ਕਾਰਨ ਉਨ੍ਹਾਂ ਦੀ ਪੜ੍ਹਾਈ ਦੇ ਨਾਲ-ਨਾਲ ਖੇਡਾਂ ਅਤੇ ਘਰੇਲੂ ਕੰਮ ਵੀ ਪ੍ਰਭਾਵਿਤ ਹੁੰਦੇ ਹਨ। ਇਸਦੇ ਲਈ ਇਹ ਜਰੂਰੀ ਹੈ ਕਿ ਉਹਨਾਂ ਨੂੰ ਕੀੜੇ ਰਹਿਤ ਬਣਾਉਣ ਲਈ ਅਲਬੈਂਡਾਜ਼ੋਲ ਦੀ ਗੋਲੀ ਦਿੱਤੀ ਜਾਵ। ਇਹ ਗੋਲੀ ਸਿਹਤ ਵਿਭਾਗ ਵੱਲੋਂ ਸਾਲ ਵਿੱਚ ਦੋ ਵਾਰ ਮੁਫਤ ਦਿੱਤੀ ਜਾਂਦੀ ਹੈ।
ਸ਼੍ਰੀ ਸੰਦੀਪ ਧੂਰੀਆ ਪ੍ਰਿੰਸੀਪਲ ਗਰਲਜ਼ ਸਕੂਲ ਨੇ ਕਿਹਾ ਕਿ ਸਿਹਤ ਵਿਭਾਗ ਬੱਚਿਆਂ ਦੀ ਸਿਹਤ ਨਾਲ ਸਬੰਧਤ ਦੇਖਭਾਲ ਅਤੇ ਜਾਗਰੂਕਤਾ ਵਿੱਚ ਪੂਰਾ ਸਹਿਯੋਗ ਦਿੰਦਾ ਹੈ। ਅੱਜ ਜੋ ਗੋਲੀ ਦਿੱਤੀ ਗਈ ਹੈ ਉਹ ਬੱਚਿਆਂ ਦੇ ਸਰੀਰਕ ਅਤੇ ਮਾਨਸਿਕ ਵਿਕਾਸ ਵਿੱਚ ਸਹਾਇਤਾ ਕਰੇਗੀ।
ਜ਼ਿਲ੍ਹਾ ਮਾਸ ਮੀਡੀਆ ਅਫ਼ਸਰ ਅਨਿਲ ਧਾਮੂ ਨੇ ਦੱਸਿਆ ਕਿ ਜ਼ਿਲੇ੍ਹ ਵਿੱਚ ਕਰੀਬ 3 ਲੱਖ 55 ਹਜ਼ਾਰ ਬੱਚਿਆਂ ਨੂੰ ਐਲਬੈਂਡਾਜ਼ੋਲ ਦੀਆਂ ਗੋਲੀਆਂ ਦਿੱਤੀਆਂ ਜਾਣਗੀਆਂ। ਜਿਹੜੇ ਬੱਚੇ ਅੱਜ ਕਿਸੇ ਕਾਰਨ ਕਰਕੇ ਇਹ ਦਵਾਈ ਨਹੀਂ ਲੈ ਸਕੇ, ਉਨ੍ਹਾਂ ਨੂੰ 1 ਸਤੰਬਰ ਨੂੰ ਮੋਪ ਅਪ ਰਾਉਂਡ ਵਿੱਚ ਖੁਆਇਆ ਜਾਵੇਗਾ।ਜ਼ਿਲ੍ਹੇ ਦੇ ਸਾਰੇ ਸਕੂਲਾਂ, ਕਾਲਜਾਂ, ਕੋਚਿੰਗ ਸੈਂਟਰਾਂ ਅਤੇ ਹੋਰ ਵਿਦਿਅਕ ਸੰਸਥਾਵਾਂ ਅਤੇ ਆਂਗਣਵਾੜੀ ਕੇਂਦਰਾਂ ਵਿੱਚ ਦਵਾਈਆਂ ਖੁਆਉਣ ਦੇ ਵਿਆਪਕ ਪ੍ਰਬੰਧ ਕੀਤੇ ਗਏ ਹਨ। ਆਸ਼ਾ ਅਤੇ ਆਂਗਣਵਾੜੀ ਵਰਕਰ ਘਰ-ਘਰ ਜਾ ਕੇ ਛੋਟੇ ਬੱਚਿਆਂ (2 ਸਾਲ ਤੱਕ ਦੀ ਉਮਰ) ਨੂੰ ਦਵਾਈਆਂ ਦੇਣਗੀਆਂ। ਕੋਵਿਡ ਮਹਾਂਮਾਰੀ ਦੇ ਕਾਰਨ, ਹਰੇਕ ਲਈ ਕੋਵਿਡ ਪ੍ਰੋਟੋਕੋਲ ਦਾ ਪਾਲਣ ਕਰਨਾ ਯਕੀਨੀ ਬਣਾਇਆ ਗਿਆ ਹੈ।