ਰਾਸ਼ਟਰੀਯ ਪੇਟ ਦੇ ਕੀੜਿਆ ਤੋ ਮੁਕਤੀ ਦਾ ਦਿਵਸ ਮਨਾਇਆ ਗਿਆ
ਫਿਰੋਜ਼ਪੁਰ 25 ਅਗਸਤ 2021 ਸਿਹਤ ਵਿਭਾਗ ਫਿਰੋਜ਼ਪੁਰ ਵੱਲੋਂ ਸਿਵਲ ਸਰਜਨ ਫਿਰੋਜ਼ਪੁਰ ਡਾ. ਰਾਜਿੰਦਰ ਅਰੋੜਾ ਅਤੇ ਡਾ. ਮੀਨਾਕਸ਼ੀ ਜ਼ਿਲ੍ਹਾ ਟੀਕਾਕਰਨ ਅਫਸਰ ਫਿਰੋਜ਼ਪੁਰ ਦੀ ਪ੍ਰਧਾਨਗੀ ਹੇਠ ਨੈਸ਼ਨਲ ਡੀ—ਵਾਰਮਿੰਗ ਡੇ ਸਬੰਧੀ ਜਿਲ੍ਹਾ ਪੱਧਰੀ ਸਮਾਗਮ ਕੰਨਟੋਨਮੈਂਟ ਬੋਰਡ, ਸੀਨੀਅਰ ਸਕੈਡੰਰੀ ਸਕੂਲ ਫਿਰੋਜ਼ਪੁਰ ਵਿਖੇ ਕਰਵਾਇਆ ਗਿਆ।ਜਿਸ ਵਿੱਚ ਡਾ. ਵਿਨੀਤ ਜ਼ਿਲ੍ਹਾ ਸਕੂਲ ਹੈਲਥ ਡੈਂਟਲ ਅਫਸਰ ਬਤੌਰ ਮੁੱਖ ਮਹਿਮਾਨ ਵਜੋ ਸ਼ਾਮਿਲ ਹੋਏ।ਇਸ ਮੌਕੇ ਡਾ. ਵਿਨੀਤ ਅਤੇ ਸ਼੍ਰੀਮਤੀ ਸੁਵਰਸ਼ਾ ਰਾਣੀ ਪ੍ਰਿੰਸੀਪਲ ਵੱਲੋ ਆਪਣੇ ਹੱਥਾਂ ਨਾਲ ਬੱਚਿਆਂ ਨੂੰ ਪੇਟ ਦੇ ਕੀੜਿਆਂ ਨੂੰ ਖਤਮ ਕਰਨ ਵਾਲੀਆਂ ਗੋਲੀਆਂ ਖੁਆ ਕੇ ਇਸ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ।
ਡਾ. ਵਿਨੀਤ ਵੱਲੋ ਆਪਣੇ ਸੰਦੇਸ਼ ਵਿਚ ਕਿਹਾ ਕਿ ਅੱਜ ਸਾਰੇ ਦੇਸ਼ ਵਿੱਚ ਰਾਸ਼ਟਰੀਯ ਪੇਟ ਦੇ ਕੀੜਿਆਂ ਤੋਂ ਮੁਕਤੀ ਦਾ ਦਿਵਸ ਮਨਾਇਆ ਜਾ ਰਿਹਾ ਹੈ।ਜਿਸਦਾ ਮਕਸਦ ਬੱਚਿਆ ਦੇ ਪੇਟ ਦੇ ਕੀੜਿਆ ਨੂੰ ਖਤਮ ਕਰਨਾ ਹੈ ਤਾਂ ਜੋ ਬੱਚੇ ਤੰਦਰੁਸਤ ਰਹਿ ਸਕਣ।ਇਸ ਲਈ ਭਾਰਤ ਵੱਲੋ 2015 ਤੋਂ ਹਰ ਸਾਲ ਵਿੱਚ 2 ਵਾਰ ਇਹ ਮੁੰਹਿਮ ਚਲਾਈ ਜਾਂਦੀ ਹੈ।ਜਿਸ ਵਿੱਚ 1 ਤੋ 19 ਸਾਲ ਤੱਕ ਦੇ ਸਾਰੇ ਬੱਚਿਆਂ ਨੂੰ ਐਲਬੈਂਡਾਜੋਲ ਦੀ ਗੋਲੀ ਖੁਆਈ ਜਾਂਦੀ ਹੈ।ਇਸ ਮੋਕੇ ਉਹਨਾਂ ਦੱਸਿਆ ਕਿ ਫਿਰੋਜ਼ਪੁਰ ਵਿੱਚ ਸਾਰੇ ਸਰਕਾਰੀ, ਸਰਕਾਰੀ ਸਹਾਇਤਾ ਪ੍ਰਾਪਤ 847 ਸਕੂਲਾ ਵਿੱਚ ਪੜਦੇ 108645 ਬੱਚੇ, ਸਾਰੇ ਪ੍ਰਾਈਵੇਟ 239 ਸਕੂਲਾ, ਆਈ.ਟੀ.ਆਈ. ਸੈਂਟਰਾਂ, ਇੰਟਰ ਕਾਲਜਾਂ, ਪੋਲੀਟੈਕਨੀਕਲ ਕੋਚਿੰਗ ਸੈਂਟਰਾਂ ਵਿੱਚ ਪੜ੍ਹਦੇ 82265 ਬੱਚੇ ਅਤੇ ਸਾਰੇ 1261 ਆਗਣਵਾੜੀ ਸੈਂਟਰਾਂ ਵਿੱਚ ਰਜ਼ਿਸਟਰਡ 52890 ਬੱਚੇ ਅਤੇ ਸਕੂਲ ਨਾ ਜਾਣ ਵਾਲੇ ਲਗਭਗ 27626 ਬੱਚਿਆਂ ਨੂੰ ਐਲਬੈਡਾਜ਼ੋਲ ਦੀਆਂ ਗੋਲੀਆਂ ਖੁਆਈਆਂ ਜਾਣਗੀਆਂ।ਉਹਨਾਂ ਕਿਹਾ ਕਿ ਜਿਹਨਾਂ ਬੱਚਿਆਂ ਵੱਲੋਂ ਅੱਜ ਕਿਸੇ ਕਾਰਨ ਐਲਬੈਡਾਜ਼ੋਲ ਦੀ ਖੁਰਾਕ ਨਹੀ ਖਾਦੀ ਗਈ ਉਹਨਾਂ ਬੱਚਿਆਂ ਨੂੰ ਇਹ ਖੁਰਾਕ ਮਿਤੀ 01—09—2021 ਮੋਪ—ਅੱਪ ਦਿਵਸ ਤੇ ਖੁਆਈ ਜਾਵੇਗੀ।
ਡਾ. ਲਲਿਤ (ਏ.ਐਮ.ਓ.) ਨੇ ਬੱਚਿਆਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਸਾਰੇ ਬੱਚਿਆਂ ਵਲੋਂ ਇਹ ਗੋਲੀ ਚਬਾ ਕੇ ਖਾਈ ਜਾਵੇ ਅਤੇ ਬਾਅਦ ਵਿੱਚ ਪਾਣੀ ਪੀ ਲਿਆ ਜਾਵੇ।ਉਹਨਾਂ ਕਿਹਾ ਕਿ ਬੱਚਿਆਂ ਨੂੰ ਤੰਦਰੁਸਤ ਰਹਿਣ ਲਈ ਰੋਟੀ ਖਾਣ ਤੋਂ ਪਹਿਲਾ ਅਤੇ ਪਖਾਨਾ ਜਾਣ ਤੋਂ ਬਾਅਦ ਹੱਥਾਂ ਨੂੰ ਸਾਬਣ ਨਾਲ ਚੰਗੀ ਤਰ੍ਹਾਂ ਧੋਣਾ ਚਾਹੀਦਾ ਹੈ, ਨਾਲ ਹੀ ਸਾਨੂੰ ਫਲ ਅਤੇ ਸਬਜੀਆਂ ਨੂੰ ਵੀ ਚੰਗੀ ਤਰ੍ਹਾਂ ਧੋ ਕੇ ਖਾਣਾ ਚਾਹੀਦਾ ਹੈ, ਖੁਲ੍ਹੇ ਵਿੱਚ ਪਖਾਨੇ ਲਈ ਨਹੀਂ ਜਾਣਾ ਚਾਹੀਦਾ, ਆਪਣੇ ਨੂੰਹ ਹਮੇਸ਼ਾ ਕੱਟ ਕੇ ਰੱਖਣੇ ਚਾਹੀਦੇ ਹਨ ਤਾਂ ਜੋ ਹੱਥਾਂ ਤਂੋ ਕੀਟਾਣੂ ਮੂੰਹ ਦੇ ਰਾਹੀ ਪੇਟ ਵਿੱਚ ਨਾ ਪਹੁੰਚ ਸਕਣ, ਨੰਗੇ ਪੈਰ ਬਾਹਰ ਨਹੀ ਜਾਣਾ ਚਾਹੀਦਾ ਅਤੇ ਪਾਣੀ ਹਮੇਸ਼ਾ ਉਬਾਲ ਕੇ ਠੰਡਾ ਕਰਕੇ ਪੀਣਾ ਚਾਹਿਦਾ ਹੈ।ਇਸ ਮੌਕੇ ਡਾ. ਮਨਮੀਤ ਕੌਰ ਅਤੇ ਲਵਪ੍ਰੀਤ ਸਿੰਘ ਫਾਰਮਾਸਿਸਟ ਵੀ ਹਾਜ਼ਿਰ ਸਨ।ਸ਼੍ਰੀਮਤੀ ਨੀਰੂ, ਸ੍ਰੀਮਤੀ ਨੰਦਿਤਾ ਅਤੇ ਸ਼੍ਰੀ ਮੁਖਤਿਆਰ ਸਿੰਘ ਸਕੂਲ ਅਧਿਆਪਕਾਂ ਵੱਲੋ ਆਏ ਹੋਏ ਮਹਿਮਾਨਾ ਦਾ ਧੰਨਵਾਦ ਕੀਤਾ ਅਤੇ ਬੱਚਿਆਂ ਨੂੰ ਇਹ ਗੋਲੀਆਂ ਖਾਣ ਲਈ ਪ੍ਰੇਰਿਤ ਕੀਤਾ ਗਿਆ।