ਅੰਮ੍ਰਿਤਸਰ, 26 ਅਗਸਤ 2021
ਪੰਜਾਬ ਸਰਕਾਰ ਦੇ ਯੁਵਕ ਸੇਵਾਵਾਂ ਵਿਭਾਗ ਵੱਲੋਂ ਪਰਾਈਡ ਆਫ ਪੰਜਾਬ ਨਾਮ ਦਾ ਪ੍ਰੋਗਰਾਮ ਅਗਸਤ, 2020 ਵਿੱਚ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਵੱਲੋਂ ਸ਼ੁਰੂ ਕੀਤਾ ਗਿਆ ਸੀ ਜਿਸ ਮੁੱਖ ਉਦੇਸ਼ ਪੰਜਾਬ ਦੇ ਨੌਜਵਾਨਾਂ ਨੂੰ ਸਮਾਜਿਕ ਕੰਮਾਂ ਵਿੱਚ ਵੱਧ ਚੜ੍ਹ ਕੇ ਭਾਗ ਲੈਣ ਅਤੇ ਮੁਸ਼ਕਲਾਂ ਦਾ ਹੱਲ ਕਰਨਾ ਸੀ। ਇਸ ਸਬੰਧ ਵਿੱਚ ਪਰਾਈਡ ਆਫ ਪੰਜਾਬ ਤਹਿਤ ਰਾਜ ਦੇ 27 ਨੌਜਵਾਨਾਂ ਦੀ ਚੋਣ ਕੀਤੀ ਗਈ ਹੈ ਜਿਸ ਵਿੱਚੋਂ 3 ਨੌਜਵਾਨ ਕਰਨਦੀਪ ਸਿੰਘ, ਗਗਨਦੀਪ ਸਿੰਘ ਅਤੇ ਹਰਵਿੰਦਰ ਸਿੰਘ ਜਿਲ੍ਹਾ ਅੰਮ੍ਰਿਤਸਰ ਨਾਲ ਸਬੰਧਤ ਹਨ।
ਇਸ ਸਬੰਧੀ ਅੱਜ ਵਰਚੂਅਲ ਪ੍ਰੋਗਰਾਮ ਰਾਹੀਂ ਸ੍ਰੀ ਰਾਜ ਕਮਲ ਚੌਧਰੀ ਪ੍ਰਿੰਸੀਪਲ ਸਕੱਤਰ ਯੁਵਕ ਸੇਵਾਵਾਂ ਤੇ ਖੇਡ ਨੇ ਚੁਣੇ ਹੋਏ ਨੌਜਵਾਨਾਂ ਨਾਲ ਗੱਲਬਾਤ ਕੀਤੀ ਅਤੇ ਉਨ੍ਹਾਂ ਦਾ ਹੌਸਲਾ ਵਧਾਇਆ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਸ੍ਰੀਮਤੀ ਰੂਹੀ ਡੱਗ ਨੇ ਜਿਲੇ੍ਹ ਦੇ ਚੁਣੇ ਹੋਏ ਤਿੰਨੇ ਨੌਜਵਾਨਾਂ ਨੂੰ ਪਰਾਈਡ ਆਫ ਪੰਜਾਬ ਦੇ ਸਰਟੀਫਿਕੇਟ ਦੇ ਕੇ ਸਨਮਾਨਤ ਵੀ ਕੀਤਾ। ਉਨ੍ਹਾਂ ਦੱਸਿਆ ਕਿ ਇਸ ਮੁਹਿੰਮ ਤਹਿਤ ਇਨ੍ਹਾਂ ਨੌਜਵਾਨਾਂ ਨੇ ਕੋਵਿਡ ਮਹਾਂਮਾਰੀ, ਵਾਤਾਵਰਣ ਅਤੇ ਹੋਰ ਸਮਾਜਿਕ ਮੁੱਦਿਆਂ ਬਾਰੇ ਸਮਾਜ ਨੂੰ ਜਾਗਰੂਕ ਕੀਤਾ ਅਤੇ ਇਕ ਯੋਧਾ ਬਣ ਕੇ ਸਾਹਮਣੇ ਆਏ ਹਨ। ਉਨ੍ਹਾਂ ਨੇ ਜਿਲ੍ਹੇ ਦੇ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਵੀ ਇਸ ਮੁਹਿੰਮ ਵਿੱਚ ਵੱਧ ਚੜ੍ਹ ਕੇ ਭਾਗ ਲੈਣ।
ਇਸ ਮੌਕੇ ਚੁਣੇ ਹੋਏ ਨੌਜਵਾਨ ਕਰਨਦੀਪ ਸਿੰਘ ਅਤੇ ਗਗਨਦੀਪ ਸਿੰਘ ਨੇ ਆਪਣੇ ਵਿਚਾਰ ਵੀ ਸਾਂਝੇ ਕੀਤੇ। ਵਿਚਾਰ ਸਾਂਝੇ ਕਰਦੇ ਹੋਏ ਗਗਨਦੀਪ ਸਿੰਘ ਰਿਸਰਚ ਸਕਾਲਰ ਪੰਜਾਬ ਯੂਨੀਵਰਸਿਟੀ ਪਿੰਡ ਮਾਛੀਵਾਲ ਬਲਾਕ ਅਜਨਾਲਾ ਨੇ ਦੱਸਿਆ ਕਿ ਉਸ ਨੇ ਕੋਵਿਡ 19 ਮਹਾਂਮਾਰੀ ਦੌਰਾਨ ਲੋਕਾਂ ਨੂੰ ਇਸ ਮਹਾਂਮਾਰੀ ਪ੍ਰਤੀ ਜਾਗਰੂਕ ਵੀ ਕੀਤਾ ਅਤੇ ਪਿੰਡਾਂ ਵਿੱਚ ਵੈਕਸੀਨੇਸ਼ਨ ਕੈਂਪ ਲਗਾ ਕੇ ਲੋਕਾਂ ਨੂੰ ਇਸ ਮਹਾਂਮਾਰੀ ਤੋ ਬਚਾਇਆ। ਉਸ ਨੇ ਦੱਸਿਆ ਕਿ ਉਹ ਆਪਣੇ ਪਿੰਡ ਦੀ ਸ਼ਹੀਦ ਮਨਿੰਦਰ ਸਿੰਘ ਯੁਵਕ ਸੇਵਾਵਾਂ ਕਲੱਬ ਨਾਲ ਜੁੜਿਆ ਹੋਇਆ ਅਤੇ ਕਲੱਬ ਨੇ ਕਲੀਨ ਵਿਲੇਜ, ਗਰੀਨ ਵਿਲੇਜ ਨਾਮ ਦੀ ਮੁਹਿੰਮ ਤਹਿਤ ਪਿੰਡਾਂ ਵਿੱਚ ਸਾਫ ਸਫਾਈ ਵੀ ਕਰਵਾਈ ਅਤੇ ਲੋਕਾਂ ਨੂੰ ਪੌਦੇ ਲਗਾਉਣ ਸਬੰਧੀ ਪ੍ਰੇਰਿਤ ਵੀ ਕੀਤਾ। ਨੌਜਵਾਨ ਕਰਨਦੀਪ ਸਿੰਘ ਪਿੰਡ ਘੋਨੇਵਾਲ ਬਲਾਕ ਅਜਨਾਲਾ ਨੇ ਵੀ ਆਪਣੇ ਵਿਚਾਰ ਸਾਂਝੇ ਕਰਦਿਆਂ ਦੱਸਿਆ ਕਿ ਉਹ ਵੀ ਸ਼ਹੀਦ ਮਨਿੰਦਰ ਸਿੰਘ ਯੁਵਕ ਸੇਵਾਵਾਂ ਕਲੱਬ ਨਾਲ ਜੁੜਿਆ ਹੋਇਆ ਹੈ ਅਤੇ ਉਸ ਵੱਲੋਂ ਵੀ ਆਰਮੀ ਵਿੱਚ ਹੋ ਰਹੀ ਭਰਤੀ ਸਬੰਧੀ ਨੌਜਵਾਨਾਂ ਨੂੰ ਜਾਗਰੂਕ ਕਰਕੇ ਭਾਗ ਲੈਣ ਲਈ ਕਿਹਾ ਹੈ। ਉਸ ਨੇ ਦੱਸਿਆ ਕਿ ਕੋਵਿਡ 19 ਮਹਾਂਮਾਰੀ ਦੌਰਾਨ ਉਸ ਵੱਲੋਂ 5 ਸੈਲਫ ਹੈਲਪ ਗਰੁੱਪ ਵੀ ਬਣਾਏ ਗਏ ਹਨ ਅਤੇ ਨੌਜਵਾਨਾਂ ਨੂੰ ਆਪਣੇ ਪੈਰਾ ਤੇ ਖੜਾ ਕੀਤਾ ਹੈ। ਉਸ ਨੇ ਦੱਸਿਆ ਕਿ ਨੌਜਵਾਨਾਂ ਨੂੰ ਨਸ਼ਿਆਂ ਦੀ ਲੱਤ ਤੋਂ ਬਚਾਉਣ ਲਈ ਸਾਡੀ ਕਲੱਬ ਵੱਲੋਂ ਪਿੰਡ ਪੱਧਰ ਤੇ ਟੂਰਨਾਮੈਂਟ ਵੀ ਕਰਵਾਏ ਜਾਂਦੇ ਹਨ ਅਤੇ ਨਸ਼ੇ ਦੇ ਮਾੜੇ ਪ੍ਰਭਾਵਾਂ ਤੋਂ ਨੋਜਵਾਨਾਂ ਨੂੰ ਜਾਗਰੂਕ ਵੀ ਕੀਤਾ ਜਾਂਦਾ ਹੈ। ਇਸ ਮੌਕੇ ਸ੍ਰੀ ਜਸਪਾਲ ਸਿੰਘ ਸਹਾਇਕ ਡਾਇਰੈਕਟਰ ਯੁਵਕ ਸੇਵਾਵਾਂ ਅੰਮ੍ਰਿਤਸਰ ਵੀ ਹਾਜਰ ਸਨ।
ਕੈਪਸ਼ਨ ਵਧੀਕ ਡਿਪਟੀ ਕਮਿਸ਼ਨਰ ਸ੍ਰੀਮਤੀ ਰੂਹੀ ਡੱਗ ਜਿਲੇ੍ਹ ਦੇ ਚੁਣੇ ਹੋਏ ਤਿੰਨ ਨੌਜਵਾਨਾਂ ਨੂੰ ਪਰਾਈਡ ਆਫ ਪੰਜਾਬ ਦੇ ਸਰਟੀਫਿਕੇਟ ਦੇ ਕੇ ਸਨਮਾਨਤ ਕਰਦੇ ਹੋਏ।