ਰੂਪਨਗਰ, 27 ਅਗਸਤ 2021
ਡਿਪਟੀ ਕਮਿਸ਼ਨਰ ਰੂਪਨਗਰ ਸ੍ਰੀਮਤੀ ਸੋਨਾਲੀ ਗਿਰੀ ਨੇ ਅੱਜ ਇੱਥੇ ਡਿਪਟੀ ਕਮਿਸ਼ਨਰ ਦਫ਼ਤਰ ਵਿਖੇ ਸਿਆਸੀ ਪਾਰਟੀਆਂ ਦੇ ਨੁਮਾਇੰਦਿਆਂ ਨਾਲ ਮੀਟਿੰਗ ਕਰਕੇ ਪੋਲਿੰਗ ਬੂਥਾਂ ਨੂੰ ਤਰਕਸੰਗਤ ਕਰਨ ਬਾਰੇ ਜਾਣਕਾਰੀ ਦਿੱਤੀ। ਡਿਪਟੀ ਕਮਿਸ਼ਨਰ ਨੇ ਸਪੱਸ਼ਟ ਕੀਤਾ ਕਿ ਨਵੇਂ ਬੂਥ ਭਾਰਤੀ ਚੋਣ ਕਮਿਸ਼ਨ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਬਣਾਏ ਗਏ ਹਨ ਕਿਉਂਕਿ ਕਿਸੇ ਵੀ ਪੋਲਿੰਗ ਬੂਥ ਵਿੱਚ 1200 ਤੋਂ ਵੱਧ ਵੋਟਰ ਨਹੀਂ ਹੋ ਸਕਦੇ।
ਸ੍ਰੀਮਤੀ ਸੋਨਾਲੀ ਗਿਰੀ ਨੇ ਦੱਸਿਆ ਕਿ ਪਹਿਲਾਂ ਜ਼ਿਲ੍ਹੇ ਵਿੱਚ ਲਗਭਗ 640 ਪੋਲਿੰਗ ਬੂਥ ਸਨ ਅਤੇ ਹੁਣ ਇਹ ਗਿਣਤੀ ਵਧਾ ਕੇ 693 ਕਰ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਰੂਪਨਗਰ ਜ਼ਿਲ੍ਹੇ ਵਿੱਚ ਨਵੇਂ 53 ਹੋਰ ਪੋਲਿੰਗ ਬੂਥ ਸਥਾਪਤ ਕੀਤੇ ਗਏ ਹਨ, ਜਿਨ੍ਹਾਂ ਵਿੱਚ ਸ੍ਰੀ ਅਨੰਦਪੁਰ ਸਾਹਿਬ ਹਲਕੇ ਵਿੱਚ 13 ਬੂਥ, ਰੂਪਨਗਰ ਹਲਕਾ ਵਿੱਚ 23 ਅਤੇ ਸ੍ਰੀ ਚਮਕੌਰ ਸਾਹਿਬ ਹਲਕੇ ਵਿੱਚ 17 ਬੂਥ ਹਨ। ਉਹਨਾਂ ਅੱਗੇ ਦੱਸਿਆ ਕਿ ਨਵੰਬਰ ਮਹੀਨੇ ਵਿੱਚ ਕੋਵਿਡ ਦੀ ਸੰਭਾਵੀ ਤੀਜੀ ਲਹਿਰ ਦੀ ਸਮੀਖਿਆ ਕਰਨ ਤੋਂ ਬਾਅਦ ਅਤੇ ਲੋੜ ਪੈਣ ‘ਤੇ ਪੋਲਿੰਗ ਬੂਥ ਵਿੱਚ ਵੋਟਰ ਸੀਮਾ ਘਟਾ ਕੇ ਇੱਕ ਹਜ਼ਾਰ ਕਰ ਦਿੱਤੀ ਜਾਵੇਗੀ। ਸ੍ਰੀਮਤੀ ਸੋਨਾਲੀ ਗਿਰੀ ਨੇ ਕਿਹਾ, ‘ਜੇਕਰ ਕੋਵਿਡ ਕਾਰਨ ਸਥਿਤੀ ਹੋਰ ਬੂਥਾਂ ਦੀ ਲੋੜ ਪਈ ਤਾਂ ਹੋਰ ਨਵੇਂ ਪੋਲਿੰਗ ਬੂਥ ਬਣਾਏ ਜਾਣਗੇ।’
ਉਹਨਾਂ ਇਹ ਵੀ ਸਪੱਸ਼ਟ ਕੀਤਾ ਕਿ 2022 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਭਾਰਤ ਸਰਕਾਰ ਅਤੇ ਪੰਜਾਬ ਸਰਕਾਰ ਵੱਲੋਂ ਕੋਵਿਡ ਸੰਬੰਧੀ ਜਾਰੀ ਸਾਰੇ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਕੀਤੀ ਜਾਵੇਗੀ।
ਮੀਟਿੰਗ ਵਿੱਚ ਕਾਂਗਰਸ, ਬਸਪਾ, ਆਮ ਆਦਮੀ ਪਾਰਟੀ, ਸ਼੍ਰੋਮਣੀ ਅਕਾਲੀ ਦਲ ਦੇ ਨੁਮਾਇੰਦਿਆਂ ਤੋਂ ਇਲਾਵਾ ਚੋਣ ਅਧਿਕਾਰੀ ਸ੍ਰੀ ਅਵਤਾਰ ਸਿੰਘ ਚੋਣ ਤਹਿਸੀਲਦਾਰ, ਰਾਜੇਸ਼ ਕੁਮਾਰ ਚੋਣ ਕਾਨੂੰਗੋ ਅਤੇ ਪਲਵਿੰਦਰ ਸਿੰਘ ਚੋਣ ਕਾਨੂੰਗੋ ਮੌਜੂਦ ਸਨ।